ਗੁਰੂ ਨਾਨਕ ਗੁਰਦੁਆਰਾ ਲੈਸਟਰ ਦੇ ਸਾਬਕਾ ਪ੍ਰਧਾਨ ਦੀ ਸੜਕੀ ਹਾਦਸੇ ਵਿੱਚ ਮੌਤ

ਪੁਲਿਸ ਵਲੋਂ ਵਾਹਨ ਦਾ ਡਰਾਈਵਰ ਗ੍ਰਿਫ਼ਤਾਰ ਅਤੇ ਰਿਹਾਅ

ਲੈਸਟਰ – ਇੱਥੋਂ ਦੇ ਗੁਰੂ ਨਾਨਕ ਗੁਰਦੁਆਰਾ ਦੇ ਸਾਬਕਾ ਪ੍ਰਧਾਨ ਦੀ ਸੜਕ ਹਾਦਸੇ ਵਿੱਚ ਦੁਖਦਾਈ ਮੌਤ ਹੋ ਗਈ ਹੈ।

ਪੁਲਿਸ ਘਟਨਾ ਦੇ ਹਾਲਾਤਾਂ ਦੀ ਜਾਂਚ ਕਰ ਰਹੀ ਹੈ। ਜੋਗਿੰਦਰ ਸਿੰਘ (87) ਲੈਸਟਰ ਦੇ ਹੋਲੀ ਬੋਨਸ ਸੜਕ ’ਤੇ ਗੁਰੂ ਨਾਨਕ ਗੁਰਦੁਆਰੇ ਦੇ ਬਾਹਰ ਸਨ, ਜਦੋਂ ਉਨ੍ਹਾਂ ਨੂੰ ਇੱਕ ਸਥਾਨਕ ਕੌਂਸਲ ਦੀ ਸੜਕ-ਸਫ਼ਾਈ ਕਰਨ ਵਾਲੀ ਗੱਡੀ ਨੇ ਟੱਕਰ ਮਾਰ ਦਿੱਤੀ। ਸਿੰਘ ਗੁਰਦੁਆਰੇ ਦੇ ਸੰਸਥਾਪਕਾਂ ਅਤੇ ਉਪ-ਪ੍ਰਧਾਨਾਂ ਵਿੱਚੋਂ ਇੱਕ ਸਨ ਅਤੇ ਰੋਜ਼ਾਨਾ ਉਥੇ ਜਾਂਦੇ ਸਨ। ਪੁਲਿਸ ਨੂੰ ਸੋਮਵਾਰ ਦੁਪਹਿਰ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਈਸਟ ਮਿਡਲੈਂਡਜ਼ ਐਂਬੂਲੈਂਸ ਸੇਵਾ ਨੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਪਰ ਕੁਝ ਘੰਟਿਆਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
ਲੈਸਟਰਸ਼ਾਇਰ ਪੁਲਿਸ ਦੇ ਡਿਟੈਕਟਿਵ ਸਾਰਜੈਂਟ ਮਾਈਕ ਸਟੀਅਰ ਨੇ ਕਿਹਾ, ‘‘ਇਸ ਦੁਖਦਾਈ ਘਟਨਾ ਤੋਂ ਬਾਅਦ, ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਟੱਕਰ ਕਿਵੇਂ ਹੋਈ। ਹਾਦਸੇ ਵਿੱਚ ਸ਼ਾਮਿਲ ਵਾਹਨ ਲੈਸਟਰ ਸਿਟੀ ਕੌਂਸਲ ਦਾ ਸੀ। ਅਸੀਂ ਕੌਂਸਲ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ ਅਤੇ ਉਹ ਜਾਂਚ ਵਿੱਚ ਸਾਡੀ ਸਹਾਇਤਾ ਕਰ ਰਹੇ ਹਨ।’’ ਪੁਲਿਸ ਨੇ ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਸ਼ੱਕ ਵਿੱਚ ਇੱਕ 63 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ, ਜਿਸਨੂੰ ਬਾਅਦ ਵਿੱਚ ਜਾਂਚ ਪੂਰੀ ਹੋਣ ਤੱਕ ਰਿਹਾਅ ਕਰ ਦਿੱਤਾ ਗਿਆ।

ਇਸ ਦੌਰਾਨ ਸਿੰਘ ਦੇ ਪਰਿਵਾਰ ਅਤੇ ਸਥਾਨਕ ਗੁਰਦੁਆਰੇ ਨੇ ਪੁਲਿਸ ਰਾਹੀਂ ਇੱਕ ਬਿਆਨ ਜਾਰੀ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਬਿਆਨ ਵਿੱਚ ਕਿਹਾ ਗਿਆ ਹੈ, ‘‘ਉਹ ਇੱਕ ਬਹੁਤ ਹੀ ਨਿਮਰ, ਸਮਰਪਿੱਤ ਪਤੀ, ਪਿਤਾ, ਦਾਦਾ ਅਤੇ ਪੜਦਾਦਾ ਸਨ, ਜਿਨ੍ਹਾਂ ਨੇ ਲੈਸਟਰ ਦੇ ਸਿੱਖ ਭਾਈਚਾਰੇ ਵਿੱਚ ਸ਼ਾਨਦਾਰ ਯੋਗਦਾਨ ਪਾਇਆ। ਅਸੀਂ ਇਸ ਨੁਕਸਾਨ ਤੋਂ ਬਹੁਤ ਦੁਖੀ ਅਤੇ ਸਦਮੇ ਵਿੱਚ ਹਾਂ।’’

Comments are closed, but trackbacks and pingbacks are open.