ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨਲ ਟਰੱਸਟ (ਯੂ.ਕੇ.) ਵੱਲੋਂ ਪੰਜਾਬ ਵਿੱਚ ਵਾਤਾਵਰਣ ਦੀ ਸੰਭਾਲ ਲਈ ਵਿਸ਼ੇਸ਼ ਉਪਰਾਲਾ

ਚੇਅਰਮੈਨ ਰਣਜੀਤ ਸਿੰਘ (ਓ.ਬੀ.ਈ.) ਦੀ ਅਗਵਾਈ ਵਿੱਚ 350 ਪੌਦੇ ਲਗਾਏ ਗਏ

ਲੰਡਨ – ਇੱਥੋਂ ਦੀ ਚੈਰਿਟੀ ਸੰਸਥਾ ਗੁਰੂ ਨਾਨਕ ਇੰਟਰਨੈਸ਼ਨਲ ਐਜੂਕੇਸ਼ਨਲ ਟਰੱਸਟ (ਯੂ.ਕੇ.) ਵਲੋਂ ਚੇਅਰਮੈਨ ਸ. ਰਣਜੀਤ ਸਿੰਘ (ਓ.ਬੀ.ਈ.) ਦੀ ਅਗਵਾਈ ਵਿੱਚ ਪੰਜਾਬ ਦੇ ਵਾਤਾਵਰਣ ਨੂੰ ਸੰਤੁਲਿਤ ਰੱਖਣ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਕੂਲ ਵਿਖੇ 350 ਪੌਦੇ ਲਗਾਏ ਗਏ ਜਿਸ ਦੀ ਸਥਾਨਕ ਲੋਕਾਂ ਵਲੋਂ ਭਰਪੂਰ ਪ੍ਰਸੰਸਾ ਕੀਤੀ ਜਾ ਰਹੀ ਹੈ।

ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਅੱਜੋਵਾਲ ਦੇ ਸਰਕਾਰੀ ਸਕੂਲ ਨੂੰ ਪਿਛਲੇ ਲੰਬੇ ਸਮੇਂ ਤੋਂ ਟਰੱਸਟ ਯੂ.ਕੇ ਵਲੋਂ ਗੋਦ ਲਿਆ ਹੋਇਆ ਹੈ ਜਿਸ ਦੇ ਚੇਅਰਮੈਨ ਸ. ਰਣਜੀਤ ਸਿੰਘ ਓ.ਬੀ.ਈ. ਅਤੇ ਸਥਾਨਕ ਅਹੁਦੇਦਾਰਾਂ ਦੇ ਸਹਿਯੋਗ ਨਾਲ ਸਕੂਲ ਵਿੱਚ ਪੜ੍ਹਨ ਲਈ ਸਿਕਲੀਗਰ ਸਿੱਖਾਂ ਦੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਗਿਆ ਅਤੇ ਉਪਰੰਤ ਬੱਚਿਆਂ ਨੂੰ ਸਕੂਲੀ ਯੂਨੀਫਰਮ, ਕਿਤਾਬਾਂ, ਕਾਪੀਆਂ, ਪੈਨ, ਪੈਂਸਿਲਾ ਤੋਂ ਇਲਾਵਾ ਬੂਟ ਜੁਰਾਬਾਂ ਤੱਕ ਮਹੁੱਈਆ ਕਰਵਾਈਆਂ ਜਾਂਦੀਆਂ ਹਨ।

ਟਰੱਸਟ ਯੂ.ਕੇ ਵਲੋਂ ਜਿਸ ਸਮੇਂ ਇਹ ਸਕੂਲ ਗੋਦ ਲਿਆ ਗਿਆ ਸੀ ਉਸ ਸਮੇਂ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਨਾਂ ਦੇ ਬਰਾਬਰ ਸੀ ਪਰ ਅੱਜ ਇਸ ਸਕੂਲ ਵਿੱਚ 400 ਬੱਚੇ ਪੜ੍ਹਾਈ ਹਾਸਲ ਕਰ ਰਹੇ ਹਨ ਅਤੇ ਜ਼ਿਲ੍ਹਾ ਵਾਰ ਸਕੂਲੀ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਨਾਮਣਾ ਖੱਟ ਰਹੇ ਹਨ ਜਿਸ ਦੇ ਇਵਜ਼ ਵਜੋਂ ਸ. ਰਣਜੀਤ ਸਿੰਘ ਓ.ਬੀ.ਈ. ਵਲੋਂ ਸਕੂਲ ਵਿੱਚ ਹਰੇਕ ਸਾਲ ਸਾਲਾਨਾ ਸਮਾਗਮ ਕਰਵਾਕੇ ਬੱਚਿਆਂ ਨੂੰ ਇਨਾਮ ਦਿੱਤੇ ਜਾਂਦੇ ਹਨ ਅਤੇ ਉਤਸ਼ਾਹਿਤ ਕੀਤਾ ਜਾਂਦਾ ਹੈ।

ਟਰੱਸਟ ਵਲੋਂ ਇਸੇ ਲੜੀ ਤਹਿਤ ਬੱਚਿਆਂ ਨੂੰ ਵਾਤਾਵਰਣ ਸਬੰਧੀ ਜਾਗਰੂਕ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਅਧੀਨ ਸਕੂਲ ਵਿੱਚ 150 ਅਸ਼ੋਕਾ ਪੌਦੇ, 200 ਛੋਟੀ ਚਾਂਦਨੀ ਅਤੇ 6 ਫੋਕਸਟੇਲ ਪੌਦੇ ਚੇਅਰਮੈਨ ਸ. ਰਣਜੀਤ ਸਿੰਘ (ਓ.ਬੀ.ਸੀ.), ਭਾਰਤੀ ਚੈਪਟਰ ਦੇ ਚੇਅਰਮੈਨ ਸ. ਜੇ.ਐੱਸ. ਆਹਲੂਵਾਲੀਆ, ਮੁੱਖ ਅਧਿਆਪਕਾ ਅੰਜੂ ਬਾਲਾ ਜੀ ਅਤੇ ਸਿਮਰਨ ਕੌਰ ਦੀ ਹਾਜ਼ਰੀ ਵਿੱਚ ਲਗਾਏ ਗਏ ਜਿਸ ਨਾਲ ਸਮਾਜ ਨੂੰ ਸੁਨੇਹਾ ਦਿੱਤਾ ਗਿਆ ਕਿ ਰੁੱਖ ਕੱਟਣ ਦੀ ਬਜਾਇ ਪੌਦੇ ਲਗਾਏ ਜਾਣਾ ਜੋ ਅੱਜ ਦੀ ਵੱਡੀ ਲੋੜ ਹੈ।

Comments are closed, but trackbacks and pingbacks are open.