ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ ਬਰੈਡਫੋਰਡ ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ 20,000 ਪੌਂਡ ਦਾ ਚੈੱਕ ਖਾਲਸਾ ਏਡ ਨੂੰ ਸੌਂਪਿਆ 

ਰਵੀ ਸਿੰਘ ਨੇ ਖਾਲਸਾ ਏਡ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ

ਬਰੈਡਫੋਰਡ/ਲੀਡਜ਼ (ਮਨਦੀਪ ਖੁਰਮੀ ਹਿੰਮਤਪੁਰਾ) – ਬਰੈਡਫੋਰਡ ਦੇ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਜੀ  ਵਿਖੇ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਦੋ ਤਿੰਨ ਹਫ਼ਤਿਆਂ ਤੋਂ ਲਗਾਤਾਰ ਸਟੇਜ ਤੋਂ ਅਪੀਲ ਕੀਤੀ ਗਈ ਸੀ। ਉਹਨਾਂ ਬੇਨਤੀਆਂ ‘ਤੇ ਫੁੱਲ ਚੜ੍ਹਾਉਂਦਿਆਂ ਸੰਗਤ ਵੱਲੋਂ 20,000 ਪੌਂਡ ਦੀ ਮਾਇਆ ਰਾਸ਼ੀ ਦਾਨ ਦਿੱਤੀ। ਉਕਤ ਰਾਸ਼ੀ ਦਾ ਚੈੱਕ ਖਾਲਸਾ ਏਡ ਇੰਨਟਰਨੈਸ਼ਨਲ ਯੂਕੇ ਨੂੰ ਭੇਂਟ ਕਰਨ ਲਈ ਸਮਾਗਮ ਕਰਵਾਇਆ ਗਿਆ।

ਗੁਰੂ ਗੋਬਿੰਦ ਸਿੰਘ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸੱਦੇ ‘ਤੇ ਭਾਈ ਰਵਿੰਦਰ ਸਿੰਘ ਖਾਲਸਾ ਖੁਦ ਸਹਿਯੋਗੀਆਂ ਸਮੇਤ ਪੁੱਜੇ। ਇਸ ਮੌਕੇ ਪ੍ਰਬੰਧਕਾਂ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕਰਦਿਆਂ ਸੰਗਤਾਂ ਵੱਲੋਂ ਇਕੱਤਰ ਹੋਈ ਮਾਇਆ 20,000 ਪੌਂਡ ਦਾ ਚੈੱਕ ਭਾਈ ਰਵੀ ਸਿੰਘ ਖਾਲਸਾ ਨੂੰ ਭੇਂਟ ਕੀਤਾ ਗਿਆ। ਇਸ ਤੋਂ ਪਹਿਲਾਂ ਭਾਈ ਰਵੀ ਸਿੰਘ ਖਾਲਸਾ ਨੇ ਸਟੇਜ ਤੋਂ ਪੰਜਾਬ ਵਿੱਚ ਹੜ੍ਹ ਪੀੜਤਾਂ ਲਈ ਖਾਲਸਾ ਏਡ ਵੱਲੋਂ ਚੱਲ ਰਹੇ ਕਾਰਜਾਂ ਬਾਰੇ ਚਾਨਣਾ ਪਾਇਆ।

ਇਸ ਪ੍ਰਤੀਨਿਧ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਸ਼ਮੀਰ ਸਿੰਘ ਘੁੰਮਣ ਨੇ ਦੱਸਿਆ ਕਿ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਬਰੈਡਫੋਰਡ ਵੱਲੋਂ ਸਮੂਹ ਪ੍ਰਬੰਧਕ ਕਮੇਟੀ, ਸਮੂਹ ਸੇਵਾਦਾਰਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਆਪਣੀਆਂ ਕ੍ਰਿਤ ਕਮਾਈਆਂ ਨੂੰ ਸਫਲ ਕਰਦਿਆਂ ਆਪਣੇ ਦੇਸ਼ ਪੰਜਾਬ ਪ੍ਰਤੀ ਮੋਹ ਜਤਾਉਂਦੇ ਹੋਏ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ। 

Comments are closed, but trackbacks and pingbacks are open.