ਗੁਰਦੁਆਰਾ ਗਰੀਬ ਨਿਵਾਜ਼ ਨਾਨਕਸਰ ਹੇਜ ਵਿਖੇ ਮਾਘੀ ਨੂੰ ਸਮਰਪਿੱਤ ਪਹਿਲਾ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ

ਭਾਗ ਲੈਣ ਵਾਲੇ ਕਵੀਆਂ ਨੂੰ ਸਿਰੋਪਾਓ ਤੇ ਮਾਇਕ ਭੇਟਾ ਨਾਲ ਸਨਮਾਨਿਤ ਕੀਤਾ

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) – “ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਸਤਰਾਂ ਦੇ ਧਨੀ ਸਨ ਉੱਥੇ ਉੱਚਕੋਟੀ ਦੇ ਕਲਮ ਵਾਹਕ ਵੀ ਸਨ। ਉਹਨਾਂ ਨੇ ਆਪਣੇ ਦਰਬਾਰ ਵਿੱਚ 52 ਕਵੀਆਂ ਨੂੰ ਆਪਣੀ ਹਿੱਕ ਨਾਲ ਲਾ ਕੇ ਰੱਖਿਆ ਹੋਇਆ ਸੀ। ਉਹਨਾਂ ਨੂੰ ਮਾਨਸਿਕ ਹੱਲਾਸ਼ੇਰੀ ਦੇ ਨਾਲ ਨਾਲ ਆਰਥਿਕ ਭੇਟਾ ਵੀ ਦਿੱਤੀ ਜਾਂਦੀ ਸੀ ਤਾਂ ਕਿ ਲਿਖਾਰੀ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕਣ। ਜੇਕਰ ਅਸੀਂ ਲਿਖਾਰੀਆਂ ਪਾਸੋਂ ਉਸਾਰੂ ਲੇਖਣੀ ਦੀ ਉਮੀਦ ਰੱਖਣੀ ਹੈ ਤਾਂ ਉਹਨਾਂ ਦੀਆਂ ਕਿਰਤਾਂ ਦਾ ਮੁੱਲ ਵੀ ਪਾਉਣਾ ਪਵੇਗਾ। ਗੁਰਦੁਆਰਾ ਕਮੇਟੀਆਂ ਨੂੰ ਚਾਹੀਦਾ ਹੈ ਕਿ ਉਹ ਗੁਰੂ ਘਰਾਂ ਦੇ ਮੰਚਾਂ ਤੋਂ ਲਿਖਾਰੀਆਂ ਨੂੰ ਮਾਣਤਾਣ ਦੇਣ ਦੀ ਪਿਰਤ ਦੇ ਰਾਹੀ ਬਣਨ।”, ਉਕਤ ਵਿਚਾਰਾਂ ਦਾ ਪ੍ਰਗਟਾਵਾ ਵਿਦਵਾਨ ਸ਼ਾਇਰ ਡਾ: ਤਾਰਾ ਸਿੰਘ ਆਲਮ ਨੇ ਗੁਰਦੁਆਰਾ ਗਰੀਬ ਨਿਵਾਜ਼ ਹੇਜ਼ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ, 40 ਮੁਕਤਿਆਂ ਤੇ ਸ਼ਹੀਦ ਸਿੰਘਾਂ, ਸਿੰਘਣੀਆਂ ਦੀ ਯਾਦ ਵਿੱਚ ਕਰਵਾਏ ਗਏ ਪਹਿਲੇ ਧਾਰਮਿਕ ਕਵੀ ਦਰਬਾਰ ਦੌਰਾਨ ਕੀਤਾ।

ਸੰਤ ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਦੀ ਰਹਿਨੁਮਾਈ ਹੇਠ ਹੋਏ ਇਸ ਕਵੀ ਦਰਬਾਰ ਦੀ ਸ਼ੁਰੂਆਤ ਸੁਰੀਲੇ ਫ਼ਨਕਾਰ ਭਾਈ ਅਮਰਜੀਤ ਸਿੰਘ ਜੀ ਦੇ ਬੋਲਾਂ ਨਾਲ ਹੋਈ। ਉਹਨਾਂ ਵੱਲੋਂ ਡਾ: ਤਾਰਾ ਸਿੰਘ ਆਲਮ ਜੀ ਦੀਆਂ ਇੱਕ ਤੋਂ ਬਾਅਦ ਇੱਕ ਰਚਨਾਵਾਂ ਅਤੇ ਰਣਜੀਤ ਸਿੰਘ ਰਾਣਾ ਦੇ ਲਿਖੇ ਗੀਤ ਨੂੰ ਮਿੱਠੜੇ ਬੋਲਾਂ ਦੀ ਚਾਸ਼ਣੀ ਵਿੱਚ ਡੁਬੋ ਕੇ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਉਪਰੰਤ ਧਾਰਮਿਕ ਮੈਗਜੀਨ ‘ਸਾਹਿਬ’ ਦੇ ਸੰਪਾਦਕ ਰਣਜੀਤ ਸਿੰਘ ਰਾਣਾ ਨੇ ਆਪਣੇ ਸੰਬੋਧਨ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ, ਇਤਿਹਾਸਕ ਘਟਨਾਵਾਂ ਦਾ ਵਿਸਥਾਰ ਪੂਰਵਕ ਵਰਨਣ ਕਰਦਿਆਂ 40 ਮੁਕਤਿਆਂ ਤੱਕ ਦੇ ਇਤਿਹਾਸ ਨੂੰ ਸੰਗਤਾਂ ਸਾਹਮਣੇ ਬਹੁਤ ਹੀ ਸੌਖੇ ਢੰਗ ਨਾਲ ਪੇਸ਼ ਕੀਤਾ। ਇਸ ਸਮੇਂ ਪੱਤਰਕਾਰ ਤੇ ਲੇਖਕ ਮਨਦੀਪ ਖੁਰਮੀ ਹਿੰਮਤਪੁਰਾ ਨੇ ਸਕਾਟਲੈੰਡ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚ ਕੇ ਆਪਣੇ ਵਿਚਾਰਾਂ ਤੇ ਰਚਨਾਵਾਂ ਦੀ ਸਾਂਝ ਪਾਈ। ਇਸੇ ਤਰ੍ਹਾਂ ਹੀ ਸ਼ਾਇਰ ਹਰਭੁਪਿੰਦਰ ਸਿੰਘ ਬੱਬਲ ਮਟੌਰ ਨੇ ਆਪਣੀਆਂ ਧਾਰਮਿਕ ਰਚਨਾਵਾਂ ਰਾਹੀਂ ਪੁਖਤਾ ਹਾਜ਼ਰੀ ਭਰੀ।

ਗੁਰਦੁਆਰਾ ਗਰੀਬ ਨਿਵਾਜ਼ ਨਾਨਕਸਰ ਵਿਖੇ ਨਵੀਂ ਪਿਰਤ ਦਾ ਆਗਾਜ਼ ਕਰਦਿਆਂ ਹੋਏ ਇਸ ਕਵੀ ਦਰਬਾਰ ਦੌਰਾਨ ਗੁਰਦੁਆਰਾ ਕਮੇਟੀ ਤਰਫੋਂ ਕਵੀਜਨਾਂ, ਬੁਲਾਰਿਆਂ, ਸਹਿਯੋਗੀਆਂ ਨੂੰ ਸਿਰੋਪਾਓ ਭੇਂਟ ਕੀਤੇ ਗਏ। ਪ੍ਰਬੰਧਕ ਕਮੇਟੀ ਵੱਲੋਂ ਕਵੀਜਨਾਂ ਨੂੰ ਮਾਇਕ ਭੇਟਾ ਨਾਲ ਵੀ ਵਿਸ਼ੇਸ਼ ਤੌਰ ‘ਤੇ ਨਿਵਾਜਿਆ ਗਿਆ। ਇਸ ਸਨਮਾਨ ਉਪਰੰਤ ਮੁੱਖ ਪ੍ਰਬੰਧਕ ਵਜੋਂ ਬੋਲਦਿਆਂ ਭਾਈ ਗਜੇਂਦਰ ਸਿੰਘ ਖਾਲਸਾ ਨੇ ਕਿਹਾ ਕਿ ਗੁਰੂ ਘਰਾਂ ਵਿੱਚੋਂ ਲਿਖਾਰੀਆਂ ਨੂੰ ਮਾਣ ਸਨਮਾਨ ਦੇਣਾ ਦਸਮ ਪਾਤਸ਼ਾਹ ਦੀ ਸੋਚ ‘ਤੇ ਅਸਲ ਪਹਿਰਾ ਦੇਣਾ ਹੈ। ਨਾਲ ਹੀ ਉਹਨਾਂ ਹੋਰਨਾਂ ਗੁਰਦੁਆਰਾ ਸਾਹਿਬਾਨਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਧਾਰਮਿਕ ਕਵੀ ਦਰਬਾਰਾਂ ਦਾ ਪ੍ਰਬੰਧ ਕਰਨ ਦੇ ਰਾਹ ਤੁਰਨ ਤਾਂ ਕਿ ਪ੍ਰਪੱਕ ਲਿਖਾਰੀਆਂ ਦੇ ਨਾਲ ਨਾਲ ਨਵੇਂ ਉੱਭਰਦੇ ਕਲਮਕਾਰਾਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਸਕੇ।

ਇਸ ਸਮੇਂ ਜਸਵੀਰ ਸਿੰਘ ਮਠਾੜੂ, ਤਰਸੇਮ ਸਿੰਘ ਧਨੋਆ, ਹਰਜੀਤ ਸਿੰਘ ਸਨੀ ਸਿੱਧੂ, ਅਮਨਜੋਤ ਸਿੰਘ, ਅਮਰਜੀਤ ਕੌਰ ਆਲਮ, ਇੰਦਰਜੀਤ ਸਿੰਘ ਸੱਗੂ, ਬਿੰਦੀ ਸੱਗੂ, ਅੰਮ੍ਰਿਤਪਾਲ ਸਿੰਘ ਸੱਗੂ, ਇੰਦਰਜੀਤ ਸਿੰਘ ਮਠਾੜੂ, ਹਰਵਿੰਦਰ ਸਿੰਘ ਗਰੇਵਾਲ, ਹਰਬੰਸ ਸਿੰਘ ਘੜਿਆਲ, ਮੋਹਨ ਸਿੰਘ ਸੱਗੂ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Comments are closed, but trackbacks and pingbacks are open.