ਮਾਮਲੇ ਦੇ ਹੱਲ ਲਈ ਸਾਂਝਾ ਕਾਰਜਕਾਰੀ ਸਮੂੰਹ ਬਣਾਉਣ ‘ਤੇ ਸਹਿਮਤੀ ਬਣੀ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਨੂੰ ਗਰੀਨਲੈਂਡ ਉਪਰ ਕੰਟਰੋਲ ਤੋਂ ਘੱਟ ਕੁਝ ਵੀ ਪ੍ਰਵਾਨ ਨਹੀਂ ਹੈ ਕਿਉਂਕਿ ਕੌਮੀ ਸੁਰੱਖਿਆ ਲਈ ਇਸ ਖੇਤਰ ਦੀ ਲੋੜ ਹੈ ਤੇ ਇਸ ਨਾਲ ਨਾਟੋ ਵੀ ਮਜਬੂਤ ਹੋ ਸਕਦਾ ਹੈ।
ਟਰੰਪ ਨੇ ਟਰੁੱਥ ਸ਼ੋਸਲ ਮੀਡੀਆ ਉਪਰ ਲਿਖਿਆ ਕਿ ਗਰੀਨਲੈਂਡ ਅਮਰੀਕਾ ਦੇ ਹੱਥਾਂ ਵਿਚ ਆਉਣ ‘ਤੇ ਨਾਟੋ ਵਧੇੇਰੇ ਪ੍ਰਭਾਵੀ ਬਣ ਜਾਵੇਗਾ। ਰਾਸ਼ਟਰਪਤੀ ਦਾ ਇਹ ਬਿਆਨ ਵਾਈਟ ਹਾਊਸ ਵਿਚ ਉਪ ਰਾਸ਼ਟਰਪਤੀ ਜੇ ਡੀ ਵੈਂਸ ਤੇ ਦੈਨਿਸ਼ ਵਿਦੇਸ਼ ਮੰਤਰੀ ਲਾਰਸ ਲੋਕੇ ਰਸਮੂਸੇਨ ਵਿਚਾਲੇ ਹੋਈ ਮੀਟਿੰਗ ਤੋਂ ਪਹਿਲਾਂ ਆਇਆ ਜੋ ਮੀਟਿੰਗ ਬਿਨਾਂ ਕਿਸੇ ਠੋਸ ਸਿੱਟੇ ਦੇ ਖਤਮ ਹੋ ਗਈ।
ਇਸ ਮੀਟਿੰਗ ਵਿੱਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵੀ ਮੌਜੂਦ ਰਹੇ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਦੈਨਿਸ਼ ਵਿਦੇਸ਼ ਮੰਤਰੀ ਰਸਮੂਸੇਨ ਨੇ ਕਿਹਾ ਕਿ ਉਹ ਤੇ ਉਸ ਦੇ ਗਰੀਨਲੈਂਡ ਸਾਥੀ ਦੀ ਰੂਬੀਓ ਤੇ ਵੈਂਸ ਨਾਲ ਉਸਾਰੂ ਗੱਲਬਾਤ ਹੋਈ ਪਰੰਤੂ ਦੋਨੋਂ ਧਿਰਾਂ ਆਪਣੀ-ਆਪਣੀ ਗੱਲ ‘ਤੇ ਅੜੀਆਂ ਰਹੀਆਂ ਤੇ ਮੱਤਭੇਦ ਕਾਇਮ ਰਹੇ। ਉਨਾਂ ਕਿਹਾ ਕਿ ਦੋਨੋਂ ਧਿਰਾਂ ਇਕ ਉੱਚ ਪੱਧਰੀ ਕਾਰਜਕਾਰੀ ਗਰੁੱਪ ਬਣਾਉਣ ਲਈ ਰਾਜੀ ਹੋਈਆਂ ਹਨ ਜੋ ਇਹ ਜਾਣਨ ਦੀ ਕੋਸ਼ਿਸ਼ ਕਰੇਗਾ ਕਿ ਕੀ ਅੱਗੇ ਵਧਣ ਲਈ ਸਾਂਝਾ ਰਾਹ ਕੱਢਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਰਾਸ਼ਟਰਪਤੀ ਦੀ ਚਿੰਤਾ ਦੇ ਮੱਦੇਨਜਰ ਕੋਈ ਵਿਚਕਾਰਲਾ ਰਸਤਾ ਕੱਢਣ ਲਈ ਉੱਚ ਪੱਧਰੀ ਵਿਚਾਰ ਵਟਾਂਦਰੇ ਵਾਸਤੇ ਸਹਿਮਤੀ ਬਣੀ ਹੈ ।
ਇਸ ਦੇ ਨਾਲ ਹੀ ਇਹ ਵੀ ਵਿਸ਼ਵਾਸ ਪ੍ਰਗਟਾਇਆ ਗਿਆ ਕਿ ਡੈਨਮਾਰਕ ਦੀਆਂ ਹੱਦਾਂ ਦਾ ਸਨਮਾਨ ਕੀਤਾ ਜਾਵੇਗਾ। ਉਨਾਂ ਕਿਹਾ ਕਿ ਡੈਨਮਾਰਕ ਦਾ ਵਿਸ਼ਵਾਸ਼ ਹੈ ਕਿ ਲੰਬੇ ਸਮੇ ਲਈ ਸੁਰੱਖਿਆ ਮੌਜੂਦਾ ਢਾਂਚੇ ਵਿਚ ਯਕੀਨੀ ਬਣਾਈ ਜਾ ਸਕਦੀ ਹੈ।


Comments are closed, but trackbacks and pingbacks are open.