ਕੈਲੀਫੋਰਨੀਆ ਵਿਚ 2 ਭਾਰਤੀ ਵਿਦਿਆਰਥੀਆਂ ਉਪਰ ਹਮਲਾ, ਸ਼ੱਕੀ ਦੋਸ਼ੀ ਗ੍ਰਿਫਤਾਰ

ਦੋਨਾਂ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – ਕੈਲੀਫੋਰਨੀਆ ਦੀ ਫਰੀਮਾਂਟ ਹੱਬ ਨੇੜੇ ਅਮਰੀਕਾ ਵਿਚ ਇੰਜੀਨੀਅਰਿੰਗ ਦੀ ਪੜਾਈ ਕਰ ਰਹੇ 2 ਭਾਰਤੀ ਵਿਦਿਆਰਥੀਆਂ ਉਪਰ ਚਾਕੂ ਨਾਲ ਹਮਲਾ ਕਰਨ ਦੀ ਖਬਰ ਹੈ। ਹਮਲੇ ਦੀ ਘਟਨਾ ਬੀਤੇ ਦਿਨ ਸ਼ਾਮ 4.30 ਵਜੇ ਦੇ ਆਸਪਾਸ ਵਾਪਰੀ । ਇਸ ਦੇ ਕੁਝ ਸਮੇ ਬਾਅਦ ਤੁਰੰਤ ਕਾਰਵਾਈ ਕਰਕੇ ਫਰੀਮਾਂਟ ਦੀ  ਪੁਲਿਸ ਨੇ ਸ਼ੱਕੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਜਿਸ ਦੀ ਪਛਾਣ ਮਿਗੂਏਲ ਐਂਜਲ ਵਿਲਰੀਅਲ ਵਜੋਂ ਹੋਈ ਹੈ ਜੋ ਫਰੀਮਾਂਟ ਦਾ ਹੀ  ਵਸਨੀਕ ਹੈ। ਉਸ ਵਿਰੁੱਧ ਪਹਿਲਾ ਦਰਜਾ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਲਾਏ ਗਏ ਹਨ ਤੇ ਉਸ ਨੂੰ ਸਾਂਟਾ ਰੀਟਾ ਜੇਲ ਵਿਚ ਰਖਿਆ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਕੁਝ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਸ਼ੱਕੀ ਦੋਸ਼ੀ ਨੂੰ ਬਿਨਾਂ ਕਿਸੇ ਘਟਨਾ ਦੇ ਗ੍ਰਿਫਤਾਰ ਕਰ ਲਿਆ।

ਘਟਨਾ ਦੀ ਜਾਂਚ ਪੁਲਿਸ ਵਿਭਾਗ ਦੀ ਅਪਰਾਧ ਸ਼ਾਖਾ ਕਰ ਰਹੀ ਹੈ। ਪੀੜਤ ਵਿਦਿਆਰਥੀਆਂ ਵਿਚ ਸਈਦ ਸ਼ਾਦਨ ਅਲ ਹੱਕ ਤੇ ਖਾਲਿਦ ਬਿਨ ਮਾਸੂਦ ਯਫਾਈ ਸ਼ਾਮਿਲ ਹਨ। ਇਹ ਦੋਨੋਂ ਤੇਲੰਗਾਨਾ ਰਾਜ ਦੀ ਰਾਜਧਾਨੀ ਹੈਦਰਾਬਾਦ ਦੇ ਰਹਿਣ ਵਾਲੇ ਹਨ। ਜਿਸ ਸਮੇ ਯਫਾਈ ਤੇ ਹੱਕ ਉਪਰ ਹਮਲਾ ਹੋਇਆ ਉਸ ਸਮੇ ਤੀਸਰਾ ਭਾਰਤੀ ਵਿਦਿਆਰਥੀ ਮੁਹੰਮਦ ਅਬਦੁਲ ਬਸਰ ਸੂਫੀਯਾਨ ਨਾਲ ਲੱਗਦੇ ਸਟੋਰ ਵਿਚੋਂ ਕੋਲਡ ਡਰਿੰਕਸ ਖਰੀਦਣ ਗਿਆ ਹੋਇਆ ਸੀ। ਸੂਫੀਆਨ ਨੇ ਹੀ ਹਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ । ਦੋਨਾਂ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ । ਯਫਾਈ ਦੇ ਜਿਗਰ ਦੇ ਕੋਲ ਡੂੰਘਾ ਜ਼ਖਮ ਹੈ ਉਸ ਦੀਆਂ ਦੋ ਸਰਜਰੀਆਂ ਹੋ ਚੁੱਕੀਆਂ ਹਨ।  ਉਹ ਅਜੇ ਹਸਪਤਾਲ ਵਿਚ ਹੀ ਹੈ।

Comments are closed, but trackbacks and pingbacks are open.