ਕੈਲੀਫੋਰਨੀਆ ਦੇ ਧਨਾਢ ਸਿੱਖ ਆਗੂ ਤੇ ਕਈ ਸਿੱਖ ਸੰਸਥਾਵਾਂ ਦੇ ਸਰਪ੍ਰਸਤ ਸਰਦਾਰ ਦਿਦਾਰ ਸਿੰਘ ਬੈਂਸ ਅਕਾਲ ਚਲਾਣਾ ਕਰ ਗਏ

ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) – ਵਿਸ਼ਵ ਦੇ ਸਿੱਖ ਭਾਈਚਾਰੇ ਵਿੱਚ ਸਤਿਕਾਰਤ ਨਾਂ ਸਰਦਾਰ ਦਿਦਾਰ ਸਿੰਘ ਬੈਂਸ ਅੱਜ ਅਚਾਨਕ ਇਸ ਦੁਨੀਆਂ ਤੋਂ ਰੁਖਸਤ ਹੋ ਗਏ। ਉਘੇ ਸਮਾਜ ਸੇਵਕ ਸਰਦਾਰ ਦਿਦਾਰ ਸਿੰਘ (84) ਨੇ ਅੱਜ ਕਰੀਬ 3 ਵਜੇ ਬਾਅਦ ਦੁਪਿਹਰ ਆਖਰੀ ਸਾਹ ਲਏ ਉਸ ਸਮੇਂ ਉਨਾਂ ਦਾ ਲਗਭਗ ਸਾਰਾ ਪਰਿਵਾਰ ਕੋਲ ਸੀ। ਸਿੱਖ ਆਗੂ ਦਿਦਾਰ ਸਿੰਘ ਬੈਂਸ ਜੋ ਯੂਬਾ ਸਿਟੀ ਸਥਿਤ ਗੁਰਦੁਆਰਾ ਟਾਇਰਾ ਬਿਓਨਾ ਦੇ ਬਾਨੀ ਸਨ ਤੇ ਸਭ ਤੋਂ ਪਹਿਲਾਂ ਉਨਾਂ ਨੇ ਇਥੋਂ ਹੀ ਵਿਦੇਸ਼ਾ ਵਿੱਚ ਨਗਰ ਕੀਰਤਨ ਕੱਢਣ ਦੀ ਰੀਤ ਤੋਰੀ ਸੀ। ਕਈ ਸਿੱਖ ਸੰਸਥਾਵਾਂ ਦੇ ਸਰਪ੍ਰਸਤ ਸਰਦਾਰ ਦਿਦਾਰ ਸਿੰਘ ਬੈਂਸ ਨੇ ਸਾਰੀ ਜਿੰਦਗੀ ਸਿੱਖੀ ਦੀ ਚੜਦੀ ਕਲਾ ਲਈ ਕਈ ਸੰਸਥਾਵਾਂ ਵਿੱਚ ਰਹਿ ਕੇ ਕੰਮ ਕੀਤਾ।

ਸ੍ਰੀ ਅਕਾਲ ਤਖਤ ਸਾਹਿਬ ਵਲੋਂ ਉਨਾਂ ਨੂੰ ਪੰਥ ਰਤਨ ਦਾ ਤੇ ਭਾਈ ਸਾਹਿਬ ਦਾ ਖਿਤਾਬ ਦਿੱਤਾ ਗਿਆ ਸੀ। ਉਨਾਂ ਨੂੰ ਨਾਨਕਸਰ ਸੰਪਰਦਾ ਵਲੋਂ ਰਾਜ ਯੋਗੀ ਦਾ ਖਿਤਾਬ ਦਿੱਤਾ ਗਿਆ ਸੀ। ਸੰਤ ਲਾਭ ਸਿੰਘ ਵਲੋਂ ਅਰੰਭੀ ਗਈ ਗਰੀਬ ਕੁੜੀਆਂ ਦੇ ਵਿਆਹਾਂ ਦੌਰਾਨ ਇਨਾਂ ਨੇ ਵੱਖ ਵੱਖ ਸਮੇਂ ਤੇ ਸੈਂਕੜੇ ਗਰੀਬ ਕੁੜੀਆਂ ਦੇ ਵਿਆਹ ਕੀਤੇ । ਉਨਾਂ ਵਲੋਂ ਯੂਬਾ ਸਿਟੀ ਵਿੱਚ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 14 ਏਕੜ ਜਮੀਨ ਸਿੱਖ ਪ੍ਰਚਾਰ ਲਈ ਦਾਨ ਦਿੱਤੀ ਗਈ। ਜਿੰਦਗੀ ਦੌਰਾਨ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਪ੍ਰਧਾਨ ਰਹੇ, ਇਸ ਤੋਂ ਇਲਾਵਾ ਪਟਨਾ ਸਾਹਿਬ ਲਈ ਦਾਨ, ਬਰੂ ਸਾਹਿਬ ਸੰਸਥਾ ਦੇ ਦਾਨੀ ਤੇ ਪ੍ਰਬੰਧਕ, ਅਨੰਦਪੁਰ ਸਾਹਿਬ ਖਾਲਸਾ ਹੈਰੀਟਜ ਲਈ ਦਾਨ, ਅਮਰੀਕਾ ਵਿੱਚ ਵਿਸਕਾਂਸਿਨ ਗੁਰਦੁਆਰਾ ਚ ਵਾਪਰੀ ਘਟਨਾ ਦੇ ਪੀੜਤਾਂ ਲਈ ਵੱਡਮੁਲਾ ਦਾਨ ਯੂਬਾ ਸਿਟੀ ਗਰੁਦੁਆਰਾ ਲਈ ਤੇ ਫਰੀਮਾਂਟ ਲਈ ਉਨਾਂ ਵਲੋਂ ਦਾਨ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਅਮਰੀਕਾ ਤੇ ਕਨੇਡਾ ਦੇ ਵੱਖ ਵੱਖ ਗੁਰਦੁਆਰਿਆਂ ਲਈ ਲੱਖਾ ਡਾਲਰ ਦਾਨ ਕੀਤੇ ਗਏ। ਸਥਾਨਕ ਸਰਕਾਰਾਂ ਚ ਆਫੀਸਰ ਲਾਬੀ ਤੇ ਕਾਂਗਰਸਮੈਂਨ ਤੇ ਸੈਨੇਟਰਜ ਸਰਦਾਰ ਦਿਦਾਰ ਸਿੰਘ ਬੈਂਸ ਦਾ ਬਹੁਤ ਸਤਿਕਾਰ ਕਰਦੇ ਸਨ। ਇੱਕ ਸਮੇਂ ਪ੍ਰੈਜੀਡੈਂਸ਼ੀਅਲ ਰਾਊਂਡ ਟੇਬਲ ਦੇ ਮੈਂਬਰ ਰਹੇ ।

ਇਸ ਤੋਂ ਇਲਾਵਾ ਤੇ ਪੀਚ ਕਿੰਗ ਰਹੇ ਤੇ ਪੀਚ ਐਸੋਸੀਏਸ਼ਨ ਅਮਰੀਕਾ ਦੇ ਮੈਂਬਰ ਰਹੇ। ਅੱਜ ਭਾਵੇਂ ਦਿਦਾਰ ਸਿੰਘ ਬੈਂਸ ਸਾਡੇ ਚ ਨਹੀਂ ਰਹੇ ਪਰ ਸਿੱਖ ਭਾਈਚਾਰੇ ਵਲੋਂ ਉਨਾਂ ਦੀ ਦੇਣ ਨੂੰ ਭੁੱਲਣਾ ਅਸੰਭਵ ਹੈ। ਸਰਦਾਰ ਦਿਦਾਰ ਸਿੰਘ ਬੈਂਸ ਦਾ ਪੰਜਾਬ ਵਿਚਲਾ ਪਿੰਡ ਨੰਗਲ ਖੁਰਦ ਨੇੜੇ ਮਾਹਿਲਪੁਰ, ਹੁਸ਼ਿਆਰਪੁਰ ਹੈ। ਉਹ ਆਪਣੇ ਪਿਛੇ ਪਤਨੀ ਸੰਤੀ ਬੈਂਸ, ਬੇਟਾ ਅਜੀਤ ਸਿੰਘ ਬੈਂਸ, ਬੇਟੀ ਦਲਜੀਤ ਕੌਰ, ਬੇਟਾ ਕਰਮਦੀਪ ਸਿੰਘ ਬੈਂਸ, ਸਟਰ ਕਾਊਂਟੀ ਸੁਪਰਵਾਈਜਰ ਨੂੰ ਅਤੇ ਆਪਣੇ ਵੱਡੇ ਭਰਾ ਦਿਲਬਾਗ ਸਿੰਘ ਬੈਂਸ ਤੇ ਜਸਵੰਤ ਸਿੰਘ ਬੈਂਸ ਨੂੰ ਪਿਛੇ ਛੱਡ ਗਏ। ਮਹਾਨ ਦਾਨੀ ਸਰਦਾਰ ਦਿਦਾਰ ਸਿੰਘ ਬੈਂਸ ਨੂੰ ਉਨਾਂ ਵਲੋਂ ਕੀਤੇ ਕਾਰਜਾਂ ਬਦਲੇ ਕਦੇ ਭੁਲਾਇਆ ਨਹੀਂ ਜਾ ਸਕਦਾ।

Comments are closed, but trackbacks and pingbacks are open.