ਕਨਿਸ਼ਕ ਏਅਰ ਇੰਡੀਆ ਬੰਬ ਧਮਾਕਾ ਮੁੜ ਉਭਰਿਆ

ਅਮਰੀਕਾ ਦੇ ਸਾਬਕਾ ਖੁਫ਼ੀਆ ਅਧਿਕਾਰੀ ਨੇ ਭਾਰਤ ’ਤੇ ਲਾਏ ਇਲਜ਼ਾਮ

ਲੰਡਨ (ਸਰਬਜੀਤ ਸਿੰਘ ਬਨੂੜ) – 1985 ਵਿੱਚ ਹੋਏ ਏਅਰ ਇੰਡੀਆ 182 (ਕਨਿਸ਼ਕਾ ਧਮਾਕਾ) ਦਾ ਮਾਮਲਾ, ਜਿਸ ਵਿੱਚ 329 ਬੇਗ਼ੁਨਾਹ ਲੋਕ ਮਾਰੇ ਗਏ ਸਨ, ਇੱਕ ਵਾਰ ਫਿਰ ਅੰਤਰਰਾਸ਼ਟਰੀ ਪੱਧਰ ’ਤੇ ਚਰਚਾ ਵਿੱਚ ਆ ਗਿਆ ਹੈ।

ਅਮਰੀਕਾ ਦੀ ਖੁਫ਼ੀਆ ਏਜੰਸੀ ਦੇ ਸਾਬਕਾ ਅਧਿਕਾਰੀ ਜੌਨ ਕਿਰਉਕੂ ਵੱਲੋਂ ਦਿੱਤੇ ਗਏ ਇੱਕ ਤਾਜ਼ਾ ਬਿਆਨ ਨੇ ਇਸ ਪੂਰੇ ਮਾਮਲੇ ਵਿੱਚ ਭਾਰਤ ਸਰਕਾਰ ਦੀ ਭੂਮਿਕਾ ’ਤੇ ਸਵਾਲ ਖੜ੍ਹੇ ਕਰ ਕੇ ਨਵਾਂ ਵਿਵਾਦ ਪੈਦਾ ਕਰ ਦਿੱਤਾ ਹੈ।

ਜੌਨ ਕਿਰਉਕੂ 1990 ਤੋਂ 2004 ਤੱਕ ਸੀ.ਆਈ.ਏ. ਖੁਫ਼ੀਆ ਏਜੰਸੀ ਦੇ ਅਧਿਕਾਰੀ ਰਹੇ ਹਨ ਜਿਨ੍ਹਾਂ ਨੇ ਹਾਲ ਹੀ ਵਿੱਚ ਏਅਰ ਇੰਡੀਆ ਬੰਬ ਧਮਾਕੇ ਅਤੇ ਸਿੱਖ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਪਿੱਛੇ ਭਾਰਤ ਦਾ ਹੱਥ ਦੱਸਿਆ ਹੈ।

ਰਿਪੋਰਟਾਂ ਅਨੁਸਾਰ, ਇਸ ਵਿਵਾਦ ਵਿੱਚ ਰਿਪੁਦਮਨ ਸਿੰਘ ਮਲਿਕ ਦਾ ਨਾਮ ਮੁੜ ਉੱਭਰ ਕੇ ਸਾਹਮਣੇ ਆਇਆ ਹੈ, ਜੋ ਕਨਿਸ਼ਕਾ ਮਾਮਲੇ ਵਿੱਚ ਬਰੀ ਹੋਣ ਤੋਂ ਬਾਅਦ ਕਈ ਵਾਰ ਭਾਰਤ ਗਏ ਸਨ ਅਤੇ ਬਾਅਦ ਵਿੱਚ ਕੈਨੇਡਾ ਵਿੱਚ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ।

ਵਿਦੇਸ਼ਾਂ ਵਿੱਚ ਬੈਠੇ ਸਿੱਖ ਭਾਈਚਾਰੇ ਅਤੇ ਵੱਖ-ਵੱਖ ਜਥੇਬੰਦੀਆਂ ਵਿੱਚ ਇਸ ਬਿਆਨ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ। ‘ਸਿੱਖਸ ਫ਼ਾਰ ਜਸਟਿਸ’ ਦੇ ਗੁਰਪਤਵੰਤ ਸਿੰਘ ਪੰਨੂੰ ਨੇ ਵੀ ਇਸ ਮਾਮਲੇ ’ਤੇ ਸਖ਼ਤ ਬਿਆਨਬਾਜ਼ੀ ਕੀਤੀ ਹੈ। ਸਿੱਖ ਕਾਰਕੁੰਨਾਂ ਦਾ ਕਹਿਣਾ ਹੈ ਕਿ ਇਹ ਦਾਅਵਾ ਉਨ੍ਹਾਂ ਦੇ ਉਸ ਪੱਖ ਨੂੰ ਮਜ਼ਬੂਤ ਕਰਦਾ ਹੈ ਜਿਸ ਵਿੱਚ ਉਹ ਲੰਬੇ ਸਮੇਂ ਤੋਂ ਨਿਰਪੱਖ ਜਾਂਚ ਦੀ ਮੰਗ ਕਰ ਰਹੇ ਹਨ।

ਹਾਲਾਂਕਿ ਜੌਨ ਕਿਰਉਕੂ ਦੇ ਇਨ੍ਹਾਂ ਦਾਅਵਿਆਂ ਦੀ ਅਜੇ ਤੱਕ ਕਿਸੇ ਵੀ ਅਧਿਾਕਰਤ ਜਾਂਚ ਏਜੰਸੀ ਜਾਂ ਭਾਰਤ ਸਰਕਾਰ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ। ਭਾਰਤ ਨੇ ਹਮੇਸ਼ਾ ਇਨ੍ਹਾਂ ਇਲਜ਼ਾਮਾਂ ਨੂੰ ਸਿਰੇ ਤੋਂ ਖ਼ਾਰਜ ਕੀਤਾ ਹੈ ਅਤੇ ਕਨਿਸ਼ਕਾ ਕਾਂਡ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। ਪਰ ਇੱਕ ਸਾਬਕਾ ਖੁਫ਼ੀਆ ਅਧਿਕਾਰੀ ਵੱਲੋਂ ਇੰਨੇ ਗੰਭੀਰ ਇਲਜ਼ਾਮ ਲਗਾਉਣਾ ਅੰਤਰਰਾਸ਼ਟਰੀ ਕੂਟਨੀਤੀ ਵਿੱਚ ਵੱਡੀ ਹਲਚਲ ਪੈਦਾ ਕਰ ਸਕਦਾ ਹੈ। ਜੇਕਰ ਇਸ ਮਾਮਲੇ ਦੀ ਮੁੜ ਜਾਂਚ ਹੁੰਦੀ ਹੈ, ਤਾਂ ਇਸ ਦਾ ਅਸਰ ਭਾਰਤ-ਕੈਨੇਡਾ ਅਤੇ ਭਾਰਤ-ਅਮਰੀਕਾ ਸਬੰਧਾਂ ’ਤੇ ਪੈਣਾ ਲਾਜ਼ਮੀ ਹੈ।

Comments are closed, but trackbacks and pingbacks are open.