ਨੌਕਰੀ ਦਿਵਾਉਣ ਦੇ ਨਾਮ ’ਤੇ ਕਰਦਾ ਸੀ ਧੋਖਾ
ਲੰਡਨ (ਸਰਬਜੀਤ ਸਿੰਘ ਬਨੂੜ) – ਬਰਤਾਨੀਆ ਦੀ ਮੈਟਰੋਪੋਲੀਟਨ ਪੁਲਿਸ ਨੇ ਇੱਕ ਵਿਅਕਤੀ ਨੂੰ ਰੇਪ ਸਮੇਤ ਲਈ ਗੰਭੀਰ ਯੌਨ ਅਪਰਾਧਾਂ ਵਿੱਚ ਦੋਸ਼ੀ ਕਰਾਰ ਹੋਣ ਤੋਂ ਬਾਅਦ ਸੰਭਾਵਿਤ ਹੋਰ ਪੀੜ੍ਹਤ ਮਹਿਲਾਵਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ। 37 ਸਾਲਾ ਗੁਰਵਿੰਦਰ ਸਿੰਘ ਨੂੰ ਸਾੳੂਥਾਰਕ ਕ੍ਰਾੳੂਨ ਕੋਰਟ ਵੱਲੋਂ ਬਲਾਤਕਾਰ, ਯੌਨ ਹਮਲਾ, ਜ਼ਬਰਜਨਾਹ ਦੀ ਕੋਸ਼ਿਸ਼ ਅਤੇ ਹੋਰ ਸੰਬੰਧਤ ਦੋਸ਼ਾਂ ਵਿੱਚ ਦੋਸ਼ੀ ਪਾਇਆ ਗਿਆ। ਅਦਾਲਤ ਵੱਲੋਂ ਉਸ ਨੂੰ 15 ਅਪ੍ਰੈਲ ਨੂੰ ਸਜ਼ਾ ਸੁਣਾਈ ਜਾਵੇਗੀ।
ਤਫ਼ਦੀਸ਼ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਮਹਿਲਾਵਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਆਪਣੇ ਸੰਪਰਕ ਵਿੱਚ ਲਿਆਉਦਾ ਸੀ। ਇਸ ਤੋਂ ਬਾਅਦ ਉਹ ਉਨ੍ਹਾਂ ਨੂੰ ਹੋਟਲ ਜਾਂ ਇਕਾਂਤ ਸਥਾਨਾਂ ’ਤੇ ਬੁਲਾ ਕੇ ਯੌਨ ਹਮਲੇ ਕਰਦਾ ਸੀ। ਪੁਲਿਸ ਦੇ ਅਨੁਸਾਰ ਦੋਸ਼ੀ ਵੱਲੋਂ ਸੋਸ਼ਲ ਮੀਡੀਆ ਅਤੇ ਮੈਸੇਜਿੰਗ ਐਪਸ ਰਾਹੀਂ ਸੰਪਰਕ ਕੀਤਾ ਜਾਂਦਾ ਸੀ। ਮੈਟਰੋਪੋਲੀਟਨ ਪੁਲਿਸ ਨੇ ਖ਼ਾਸ ਤੌਰ ’ਤੇ ਹੇਜ਼ ਅਤੇ ਸਾੳੂਥਾਲ ਇਲਾਕਿਆਂ ਨਾਲ ਜੁੜੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਕਿਸੇ ਤਰੀਕੇ ਨਾਲ ਦੋਸ਼ੀ ਨਾਲ ਸੰਪਰਕ ਵਿੱਚ ਰਹੇ ਹਨ ਜਾਂ ਕਿਸੇ ਮਹਿਲਾ ਨੂੰ ਪ੍ਰਭਾਵਿਤ ਹੋਣ ਬਾਰੇ ਜਾਣਕਾਰੀ ਹੈ ਤਾਂ ਅੱਗੇ ਆਉਣ। ਹਾਲਾਂਕਿ ਪੁਲਿਸ ਨੇ ਸਪਸ਼ੱਟ ਕੀਤਾ ਕਿ ਇਹ ਅਪੀਲ ਕਿਸੇ ਇੱਕ ਭਾਈਚਾਰੇ ਤੱਕ ਸੀਮਿਤ ਨਹੀਂ ਹੈ।
ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਭਵ ਹੈ ਹੋਰ ਵੀ ਪੀੜ੍ਹਤ ਹੋਣ ਜਿਨ੍ਹਾਂ ਨੇ ਅਜੇ ਤੱਕ ਡਰ ਜਾਂ ਸਮਾਜਿਕ ਦਬਾਅ ਕਾਰਨ ਸ਼ਿਕਾਇਤ ਕਰਜ ਨਹੀਂ ਕਰਵਾਈ। ਪੁਲਿਸ ਨੇ ਭਰੋਸਾ ਦਿਵਾਇਆ ਹੈ ਕਿ ਹਰ ਪੀੜ੍ਹਤ ਨਾਲ ਪੂਰੀ ਸੰਵਦੇਨਸ਼ੀਲਤਾ ਅਤੇ ਗੁਪਤਤਾ ਨਾਲ ਵਤੀਰਾ ਕੀਤਾ ਜਾਵੇਗਾ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਮਾਮਲੇ ਸਬੰਧੀ ਜਾਣਕਾਰੀ ਹੈ ਤਾਂ ਉਹ 101 ਨੰਬਰ ’ਤੇ ਸੰਪਰਕ ਕਰਨ ਅਤੇ ਕੇਸ ਰੈਫਰੈਂਸ 3916/16ਐਫਈਬੀ26 ਦਾ ਹਵਾਲਾ ਦੇਣ।


Comments are closed, but trackbacks and pingbacks are open.