ਢਾਡੀ ਅਮਰ ਸਿੰਘ ਸ਼ੌਂਕੀ ਜੀ ਦੇ ਪੋਤਰੇ ਧਰਮਵੀਰ ਸਿੰਘ ਸ਼ੌਂਕੀ ਨੇ ਆਪਣੀ ਗਾਇਨ ਸ਼ੈਲੀ ਰਾਹੀਂ ਸਮਾਂ ਬੰਨ੍ਹਿਆ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਭਰ ਵਿੱਚ ਸੋਹਣ ਸਿੰਘ ਰੰਧਾਵਾ ਦਾ ਨਾਮ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਕੋਈ ਅਜਿਹਾ ਸਮਾਗਮ ਨਹੀਂ ਹੋਵੇਗਾ, ਜਿਸ ਵਿੱਚ ਸੋਹਣ ਸਿੰਘ ਰੰਧਾਵਾ ਦੀ ਹਾਜ਼ਰੀ ਨਾ ਹੋਵੇ। ਪਲ ਪਲ ਰੁਝੇਵੇਂ ਹੋਣ ਦੇ ਬਾਵਜੂਦ ਵੀ ਸੋਹਣ ਸਿੰਘ ਰੰਧਾਵਾ ਕਿਸੇ ਵੀ ਸੱਦੇ ‘ਤੇ ਫੁੱਲ ਚੜ੍ਹਾਉਣਾ ਨਹੀਂ ਭੁੱਲਦੇ। ਇਸਦੀ ਪੁਖਤਾ ਉਦਾਹਰਣ ਉਦੋਂ ਮਿਲੀ ਜਦੋਂ ਰੰਧਾਵਾ ਪਰਿਵਾਰ ਵੱਲੋਂ ਵਾਹਿਗੁਰੂ ਦੇ ਸ਼ੁਕਰਾਨੇ ਹਿਤ ਸੈਂਟਰਲ ਗੁਰੂਘਰ ਵਿਖੇ ਸਮਾਗਮ ਕਰਵਾਇਆ ਤੇ ਸੰਗਤਾਂ ਦਾ ਇਕੱਠ ਠਾਠਾਂ ਮਾਰ ਰਿਹਾ ਸੀ। ਸਮਾਗਮ ਦੌਰਾਨ ਮੰਚ ਸੰਚਾਲਨ ਕਰਦਿਆਂ ਗੁਰਮੀਤ ਸਿੰਘ ਮੁਲਤਾਨੀ ਨੇ ਵੀ ਇਸ ਗੱਲ ਦੀ ਸ਼ਾਅਦੀ ਭਰੀ ਕਿ ਰੰਧਾਵਾ ਪਰਿਵਾਰ ਦੇ ਮਿਲਵਰਤਣ ਸਦਕਾ ਹੀ ਵੱਡਾ ਇਕੱਠ ਹੋਇਆ ਹੈ।


ਇਸ ਸਮਾਗਮ ਦੀ ਖੂਬਸੂਰਤੀ ਇਹ ਵੀ ਸੀ ਕਿ ਢਾਡੀ ਜਗਤ ਦੇ ਹੀਰੇ ਅਮਰ ਸਿੰਘ ਸ਼ੌਂਕੀ ਦਾ ਪੋਤਰੇ ਧਰਮਵੀਰ ਸਿੰਘ ਸ਼ੌਂਕੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਆਪਣੇ ਦਾਦਾ ਜੀ ਦੀ ਪਰਿਵਾਰਕ ਧਰੋਹਰ ਨੂੰ ਅੱਗੇ ਤੋਰਦਿਆਂ ਧਰਮਵੀਰ ਸਿੰਘ ਸ਼ੌਂਕੀ ਨੇ ਇੱਕ ਵਾਰ ਸਮਾਂ ਬੰਨ੍ਹ ਕੇ ਰੱਖ ਦਿੱਤਾ। ਆਪਣੀ ਬੁਲੰਦ ਆਵਾਜ ਵਿੱਚ ਉਹਨਾਂ ਆਪਣੇ ਦਾਦਾ ਜੀ ਦੀਆਂ ਲਿਖਤਾਂ ਹੋਲਾ, ਘਰ ਹੁਣ ਕਿਤਨੀ ਕੁ ਦੂਰ ਸਮੇਤ ਹੋਰ ਵੀ ਪ੍ਰਸਿੱਧ ਰਚਨਾਵਾਂ ਗਾ ਕੇ ਸੰਗਤ ਨੂੰ ਵਾਹ ਵਾਹ ਕਹਿਣ ਲਈ ਮਜਬੂਰ ਕਰ ਦਿੱਤਾ। ਹਰ ਕੋਈ ਧਰਮਵੀਰ ਸਿੰਘ ਸ਼ੌਂਕੀ ਦੀ ਗਾਇਨ ਸ਼ੈਲੀ ਦੀ ਤਾਰੀਫ ਕਰਦਾ ਨਜ਼ਰ ਆ ਰਿਹਾ ਸੀ। ਸੰਗਤ ਨੇ ਉਹਨਾਂ ਦੇ ਮਾਣ ਸਨਮਾਨ ਵਿੱਚ ਪੌਂਡਾਂ ਦਾ ਢੇਰ ਲਗਾ ਦਿੱਤਾ। ਇਸ ਸਮੇਂ ਗੁਰੂਘਰ ਦੇ ਵਜੀਰ ਭਾਈ ਸਿਕੰਦਰ ਸਿੰਘ ਜੀ ਤੇ ਸਾਥੀਆਂ ਵੱਲੋਂ ਰਸਭਿੰਨੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ। ਜਿੱਥੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਤਰਫੋਂ ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ ਖਹਿਰਾ ਨੇ ਸੰਗਤ ਦਾ ਧੰਨਵਾਦ ਕੀਤਾ ਉੱਥੇ ਸੋਹਣ ਸਿੰਘ ਰੰਧਾਵਾ ਨੇ ਗੁਰੂਘਰ ਕਮੇਟੀ ਦਾ ਬਹੁਤ ਹੀ ਸੁਚੱਜੇ ਪ੍ਰਬੰਧ ਲਈ ਧੰਨਵਾਦ ਕੀਤਾ। ਉਹਨਾਂ ਆਈਆਂ ਹੋਈਆਂ ਸੰਗਤਾਂ ਦਾ ਵੀ ਧੰਨਵਾਦ ਕੀਤਾ।
ਸਮਾਗਮ ਦੌਰਾਨ ਭਾਈਚਾਰੇ ਦੀਆਂ ਨਾਮੀ ਸਖਸ਼ੀਅਤਾਂ ਨੇ ਹਾਜਰੀ ਭਰੀ। ਹਰ ਕੋਈ ਇਹ ਕਹਿੰਦਾ ਨਜ਼ਰ ਆ ਰਿਹਾ ਸੀ ਕਿ ਬੇਸ਼ੱਕ ਰੰਧਾਵਾ ਪਰਿਵਾਰ ਨੇ ਵਾਹਿਗੁਰੂ ਦੇ ਸ਼ੁਕਰਾਨੇ ਹਿਤ ਸਮਾਗਮ ਕਰਵਾਏ ਹਨ ਪਰ ਇਹ ਸਮਾਗਮ ਚਿਰਾਂ ਦੇ ਵਿਛੜਿਆਂ ਦੇ ਮੇਲੇ ਕਰਵਾਉਣ ਵਾਲਾ ਵੀ ਸੀ।


Comments are closed, but trackbacks and pingbacks are open.