ਕਤਲ ਦੇ ਸ਼ੱਕ ਵਿੱਚ ਅਮਰਦੀਪ ਸਿੰਘ ਗ੍ਰਿਫ਼ਤਾਰ
ਲੰਡਨ – ਇੱਥੇ ਪੂਰਬੀ ਲੰਡਨ ਵਿੱਚ ਇੱਕ 30 ਸਾਲਾ ਬਰਤਾਨਵੀ ਸਿੱਖ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪੁਲਿਸ ਦਾ ਮੰਨਣਾ ਹੈ ਕਿ ਇਸ ਕਤਲ ਵਿੱਚ ਸ਼ਾਮਿਲ ਲੋਕ ਅਤੇ ਪੀੜ੍ਹਤ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ। ਗੁਰਮੁਖ ਸਿੰਘ ਉਰਫ਼ ਗੈਰੀ ਦੀ ਮੌਤ ਪਿਛਲੇ ਹਫ਼ਤੇ ਪੂਰਬੀ ਲੰਡਨ ਦੇ ਇਲਫਰਡ ਦੇ ਫੇਲਬਿ੍ਰਜ ਰੋਡ ਵਿੱਚ ਹੋਈ।
ਪੁਲਿਸ ਨੇ ਕਿਹਾ ਕਿ ਅਧਿਕਾਰੀਆਂ ਨੇ 23 ਜੁਲਾਈ ਨੂੰ ਕਤਲ ਦੇ ਸ਼ੱਕ ਵਿੱਚ 27 ਸਾਲਾ ਅਮਰਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ’ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ ਅਤੇ ਉਹ 5 ਜਨਵਰੀ, 2026 ਨੂੰ ਲੰਡਨ ਦੇ ਓਲਡ ਬੇਲੀ ਵਿਖੇ ਉਸਦੀ ਅਗਲੀ ਅਦਾਲਤ ਵਿੱਚ ਪੇਸ਼ੀ ਤੱਕ ਹਿਰਾਸਤ ਵਿੱਚ ਰਹੇਗਾ। ਪੁਲਿਸ ਦੇ ਬਿਆਨ ਵਿੱਚ ਕਿਹਾ ਗਿਆ ਹੈ, ‘‘ਲੰਡਨ ਐਂਬੂਲੈਂਸ ਸੇਵਾ ਨੇ ਇੱਕ ਰਿਹਾਇਸ਼ੀ ਪਤੇ ’ਤੇ ਲੜਾਈ ਦੀਆਂ ਰਿਪੋਰਟਾਂ ਤੋਂ ਬਾਅਦ ਪੁਲਿਸ ਨੂੰ ਘਟਨਾ ਬਾਰੇ ਸੂਚਿਤ ਕੀਤਾ ਸੀ।
ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, ‘‘ਉਥੇ ਮੌਜੂਦ ਅਧਿਕਾਰੀਆਂ ਨੇ ਗੈਰੀ ਨੂੰ ਚਾਕੂ ਦੇ ਹਮਲੇ ਨਾਲ ਜ਼ਖ਼ਮੀ ਹੋਣ ’ਤੇ ਮੁੱਢਲੀ ਸਹਾਇਤਾ ਦਿੱਤੀ। ਹਾਲਾਂਕਿ ਸਾਰੀਆਂ ਸੰਭਵ ਕੋਸ਼ਿਸ਼ਾਂ ਦੇ ਬਾਵਜੂਦ ਬਦਕਿਸਮਤੀ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।’’ ਪੁਲਿਸ ਅਧਿਕਾਰੀਆਂ ਨੇ ਇਸ ਸਬੰਧ ਵਿੱਚ ਇੱਕ 29 ਸਾਲਾ ਵਿਅਕਤੀ ਅਤੇ ਤਿੰਨ ਔਰਤਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਵਿੱਚ ਪੁਲਿਸ ਜਾਂਚ ਜਾਰੀ ਹੈ। ਇਨ੍ਹਾਂ ਨੂੰ ਅਕਤੂਬਰ ਤੱਕ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ।
Comments are closed, but trackbacks and pingbacks are open.