ਸੰਡਰਲੈਂਡ ਵਿਖੇ ਗੁਰੂਘਰ ਦੀ ਨਵੀਂ ਇਮਾਰਤ ਲਈ ਕੌਂਸਲ ਵਲੋਂ ਪ੍ਰਵਾਨਗੀ ਮਿਲੀ

ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ

ਸੰਡਰਲੈਂਡ – ਇੱਥੋਂ ਦੇ ਐਸ਼ਬਰੁੱਕ ਹਲਕੇ ਦੀ ਰੀਹਾਈਪ ਰੋਡ ਦੀ ਸੰਡਰਲੈਂਡ ਸਿੱਖ ਐਸੋਸੀਏਸ਼ਨ ਵਲੋਂ ਗੁਰੂਘਰ ਦੀ ਨਵੀਂ ਇਮਾਰਤ ਲਈ ਪਾਈ ਅਰਜ਼ੀ ਨੂੰ ਸੰਡਰਲੈਂਡ ਸਿੱਟੀ ਕੌਂਸਲ ਵਲੋਂ ਹਰੀ ਝੰਡੀ ਮਿਲ ਗਈ ਜਿਸ ਕਾਰਨ ਸਿੱਖ ਭਾਈਚਾਰਾ ਬੇਹੱਦ ਖੁਸ਼ ਹੈ।

ਸੰਡਰਲੈਂਡ ਵਿਖੇ ਸਿੱਖ ਭਾਈਚਾਰੇ ਦੇ ਕਰੀਬ 1000 ਮੈਂਬਰ ਹਨ ਜਿਨ੍ਹਾਂ ਵਲੋਂ ਸੰਡਰਲੈਂਡ ਸਿੱਖ ਐਸੋਸੀਏਸ਼ਨ ਦੀ ਅਗਵਾਈ ਹੇਠ ਭਾਈਚਾਰੇ ਦੀ ਵੱਧਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਗੁਰੂਘਰ ਦੀ ਨਵੀਂ ਇਮਾਰਤ ਉਸਾਰਨ ਲਈ ਕੌਂਸਲ ਕੋਲ ਅਰਜ਼ੀ ਪਾਈ ਗਈ ਸੀ ਪਰ ਸਥਾਨਕ ਵਸਨੀਕਾਂ ਨੇ ਪਾਰਕਿੰਗ ਦੀ ਸਮੱਸਿਆ ਅਤੇ ਪਿਛਲੇ ਸਮੇਂ ਵਿੱਚ ਅਣਸਮਾਜਿਕ ਵਾਰਦਾਤਾਂ ਦਾ ਹਵਾਲਾ ਦੇ ਕੇ ਅਰਜ਼ੀ ਦਾ ਵਿਰੋਧ ਕੀਤਾ ਗਿਆ ਸੀ। ਕੌਂਸਲ ਦੇ ਪਲਾਨਿੰਗ ਅਫ਼ਸਰਾਂ ਨੇ ਕਿਹਾ ਕਿ ਪਾਰਕਿੰਗ ਲਈ ਜਗ੍ਹਾ ਵਧਾ ਦਿੱਤੀ ਜਾਵੇਗੀ ਅਤੇ ਅਣਸਮਾਜਿਕ ਵਾਰਦਾਤਾਂ ਸਬੰਧੀ ਸਥਾਨਕ ਪੁਲਿਸ ਨੇ ਕੋਈ ਇਤਰਾਜ਼ ਜ਼ਾਹਿਰ ਨਹੀਂ ਕੀਤਾ ਜਿਸ ਕਾਰਨ ਨਵੀਂ ਇਮਾਰਤ ਉਸਾਰਨ ਲਈ ਵਿਰੋਧ ਜਾਇਜ਼ ਨਹੀਂ ਹੈ।

ਖ਼ਬਰ ਅਨੁਸਾਰ ਗੁਰੂਘਰ ਦੀ ਨਵੀਂ ਇਮਾਰਤ ਆਲੀਸ਼ਾਨ ਅਤੇ ਵਧੇਰੇ ਸਹੂਲਤਾਂ ਵਾਲੀ ਹੋਵੇਗੀ ਜਿੱਥੇ ਵਿਆਹ ਜਾਂ ਹੋਰ ਧਾਰਮਿਕ ਸਮਾਗਮਾ ਲਈ ਸੰਗਤ ਨੂੰ ਸੌਖ ਹੋ ਜਾਵੇਗੀ।

Comments are closed, but trackbacks and pingbacks are open.