ਸਾਊਥਾਲ ਵਿੱਚ ਵੋਇਸ ਆਫ਼ ਵੁਮੈੱਨ, ਲੰਡਨ ਲਿਮਟਿਡ ਵੱਲੋਂ ਮਨਾਇਆ ਗਿਆ ਮਾਂ ਦਿਵਸ

ਸਮਾਗਮ ਦੀ ਖ਼ਾਸ ਖਿੱਚ ਬਣੇ ਦੋ ਨਾਟਕ

ਹੇਜ਼, ਗੁਰਮੇਲ ਕੌਰ ਸੰਘਾ (ਇੰਗਲੈਂਡ, ਯੂ.ਕੇ.)ਵੋਇਸ ਆਫ਼ ਵੁਮੈੱਨ, ਲੰਡਨ ਲਿਮਟਿਡ, ਯੂ ਕੇ ਵੱਲੋਂ ਵਲਾਇਤ ਵਿੱਚ ਮਿੰਨੀ ਪੰਜਾਬ ਮੰਨੇ ਜਾਂਦੇ ਟਊਨ ਸਾਊਥਾਲ ਵਿੱਚ ਮਾਂ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ।

ਇਸ ਸਮਾਗਮ ਵਿੱਚ 70 ਤੋਂ ਵੱਧ ਬੀਬੀਆਂ ਨੇ ਹਿੱਸਾ ਲਿਆ। ਇਹ ਸਮਾਗਮ ਹਰ ਸਾਲ ਸੁਰਿੰਦਰ ਕੌਰ ਤੂਰ/ ਕੈਂਥ-ਚੇਅਰਪਰਸਨ ਅਤੇ ਡਾਇਰੈਕਟਰ ਬੀਬੀ ਅਵਤਾਰ ਕੌਰ ਚੰਨਾ- ਵੋਇਸ ਆਫ਼ ਵੁਮੈੱਨ, ਲੰਡਨ ਲਿਮਟਿਡ ਵੱਲੋਂ ਕਰਵਾਇਆ ਜਾਂਦਾ ਹੈ।

ਇਸ ਸੰਸਥਾ ਬਾਰੇ ਜਾਣਕਾਰੀ ਦਿੰਦਿਆਂ ਗੁਰਮੇਲ ਕੌਰ ਸੰਘਾ ਨੇ ਦੱਸਿਆ ਕਿ ਇਹ ਸੰਸਥਾ 2014 ਵਿੱਚ ਸਥਾਪਿਤ ਹੋਣ ਤੋਂ ਲੈ ਕੇ ਅੱਜ ਤੱਕ ਲੋਕ ਭਲਾਈ ਦੇ ਕੰਮਾਂ ਜਿਵੇਂ ਲੋੜਵੰਦਾਂ ਲਈ ਮਾਇਕ ਅਤੇ ਕਨੂੰਨੀ ਮਦਦ, ਮਾਨਸਿਕ ਅਤੇ ਸਰੀਰਕ ਸਿਹਤ ਸਬੰਧੀ ਪੋ੍ਗਰਾਮ ਉਲੀਕਣੇ ਅਤੇ ਕਰਵਾਉਣੇ ਸ਼ਾਮਿਲ ਹਨ। ਖ਼ਾਸ ਕਰਕੇ ਕੋਵਿਡ-19 ਦੌਰਾਨ ਇਸ ਸੰਸਥਾ ਵੱਲੋਂ ਜ਼ਰੂਰਤਮੰਦ ਅਤੇ ਲਾਚਾਰ ਲੋਕਾਂ ਨੂੰ ਘਰ ਘਰ ਖਾਣਾ ਅਤੇ ਜ਼ਰੂਰਤ ਦੀਆਂ ਵਸਤਾਂ ਪਹੁੰਚਾਈਆਂ ਗਈਆਂ।

ਇੰਨਾਂ ਹੀ ਨਹੀਂ ਇਸ ਸੰਸਥਾ ਵੱਲੋਂ ਵੱਖ ਵੱਖ ਤਿਉਹਾਰ ਜਿਵੇਂ ਲੋਹੜੀ, ਕਿ੍ਸਮਿਸ, ਦੀਵਾਲੀ ਆਦਿ ਵੀ ਮਨਾਏ ਜਾਂਦੇ ਹਨ।ਗੁਰਪੁਰਬ ਅਤੇ ਔਰਤਾਂ ਦੇ ਅੰਤਰਰਾਸ਼ਟਰੀ ਦਿਨ ਅਤੇ ਵਿਰਸੇ ਦੀਆਂ ਮਹਾਨ ਔਰਤਾਂ ਦੇ ਦਿਨਾਂ ‘ਤੇ ਵੀ ਸਮਾਗਮ ਕਰਵਾਏ ਜਾਂਦੇ ਹਨ।

ਇਸ ਸੰਸਥਾ ਦੇ ਸਥਾਪਿਤੀ ਦੇ ਮੌਕੇ 2014 ਵਿੱਚ ਸਾਊਥਾਲ, ਲੰਡਨ ਦੇ ਮੈਂਬਰ ਪਾਰਲੀਮੈਂਟ ਵਰਿੰਦਰ ਸ਼ਰਮਾ ਵੱਲੋਂ ਸ਼ਲਾਘਾ ਵਜੋਂ ਪ੍ਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ।

2015 ਵਿੱਚ ਯੂ ਕੇ ਵਿੱਚ ਮੈਕਡੋਨਲ ਦੇ ਮਾਲਕ ਅਤੁੱਲ ਪਾਠਕ ਵੱਲੋਂ £500/-ਪੌਂਡ ਅਤੇ ਪ੍ਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ।
2018 ਵਿੱਚ ਔਰਤਾਂ ਨੂੰ ਮਿਲੇ ਵੋਟ ਦੇ ਅਧਿਕਾਰ ਦਾ ਸੌਵਾਂ ਦਿਨ ‘ਵੋਟ ਹੰਡਰਡ‘ ਦੇ ਨਾਂ ਹੇਠ ਵੱਡੇ ਪੱਧਰ ‘ਤੇ ਮਨਾਇਆ ਗਿਆ। ਇਸ ਮੌਕੇ ਐਮ.ਪੀ. ਸੀਮਾ ਮਲਹੋਤਰਾ ਵੱਲੋ ਪ੍ਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ।

2019 ਵਿੱਚ ਪਾਰਲੀਮੈਂਟ ਵਿੱਚ ਸੱਭਿਆਚਾਰਕ ਪੋ੍ਗਰਾਮ ‘ਤੀਆਂ‘ ਦਾ ਤਿਉਹਾਰ ਮਨਾਉਣ ਕਰਕੇ ਮੌਕੇ ਐਮ.ਪੀ. ਸੀਮਾ ਮਲਹੋਤਰਾ ਵੱਲੋ ਪ੍ਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ।

2020-21 ਦੌਰਾਨ ਕੋਵਿਡ-19 ਦੀ ਮਾਰ ਝੱਲ ਰਹੇ ਜ਼ਰੂਰਤਮੰਦ ਅਤੇ ਲਾਚਾਰ ਲੋਕਾਂ ਨੂੰ ਇਸ ਸੰਸਥਾ ਵੱਲੋਂ ਘਰ ਘਰ ਖਾਣਾ ਅਤੇ ਜ਼ਰੂਰਤ ਦੀਆਂ ਵਸਤਾਂ ਪਹੁੰਚਾਈਆਂ ਗਈਆਂ। ਜਿਸ ਦੀ ਸ਼ਲਾਘਾ ਵਜੋਂ ਇਸ ਸੰਸਥਾ ਨੂੰ ਕੌਂਸਲ ਵੱਲੋਂ ਸਰਟੀਫ਼ਿਕੇਟ ਨਾਲ ਸਨਮਾਨਿਆ ਗਿਆ।
2022 ਵਿੱਚ ਸੁਰਿੰਦਰ ਕੌਰ ਤੂਰ/ਕੈਂਥ ਵੱਲੋਂ ਪੰਜਾਬ ਵਿੱਚ ਬੇਰੁਜ਼ਗਾਰ ਔਰਤਾਂ ਨੂੰ ਸਲਾਈ ਮਸ਼ੀਨਾਂ ਵੰਡੀਆਂ ਗਈਆਂ।ਇਸੇ ਸਾਲ ਦੇ ਅਖੀਰ, 2022 ਵਿੱਚ ਸੰਸਥਾ ਦੀ ਚੇਅਰਪਰਸਨ ਸੁਰਿੰਦਰ ਕੌਰ ਤੂਰ/ ਕੈਂਥ ਨੂੰ ਭਾਈਚਾਰੇ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਦੇ ਮਾਣ ਵਿੱਚ ਸਾਊਥਾਲ ਕਮਿਉਨਿਟੀ ਅਲਾਇੰਸ ਵੱਲੋਂ (ਸਾਊਥਾਲ ਬੈਟਸਟ ਵਰਕਰ ਅਵਾਰਡ) ਸਾਊਥਾਲ ਵਿੱਚ ਵਧੀਆ ਕਮਿਊਨਿਟੀ ਸੇਵਾ ਲਈ ਸ਼ੀਲਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਇਨ੍ਹਾਂ ਦੀ ਸਮੁੱਚੀ ਟੀਮ ਨੂੰ ਸਰਟੀਫ਼ਿਕੇਟ ਨਾਲ ਸਨਮਾਨਿਆ ਗਿਆ।

ਸਮਾਗਮ ਵਿੱਚ ਕੁਝ ਰਾਜਨੀਤਕ ਹਸਤੀਆਂ ਜਿਵੇਂ ਹੇਜ਼ ਤੋਂ ਕੌਂਸਲਰ ਬੀਬੀ ਕਮਲਪ੍ਰੀਤ ਕੌਰ ਖ਼ਾਲਸਾ ਅਤੇ ਸਾਊਥਾਲ ਤੋਂ ਕੌਂਸਲਰ ਹਰਭਜਨ ਕੌਰ ਧੀਰ ਉਚੇਚੇ ਤੌਰ ‘ਤੇ ਸ਼ਾਮਿਲ ਹੋਏ। ਇਸ ਮੌਕੇ ਦੋਹਾਂ ਕੌਂਸਲਰ ਬੀਬੀਆਂ ਨੇ ਔਰਤਾਂ ਦੇ ਰਾਜਨੀਤਕ ਖੇਤਰ ਵਿੱਚ ਯੋਗਦਾਨ ਬਾਰੇ ਚਾਨਣਾ ਪਾਇਆ।
ਰਾਜਨੀਤੀ ਵਿੱਚ ਦਿਲਚਸਪੀ ਰੱਖਣ ਵਾਲਿਆਂ ਵਿੱਚ ਬੀਬੀ ਗੁਰਮਿੰਦਰ ਕੌਰ ਰੰਧਾਵਾ ਵੀ ਪਹੁੰਚੇ ਜੋ ਸਰਵਿਸ ਟ੍ਰਰਾਂਜ਼ੀਸ਼ਨ ਟੀਮ ਯੂ. ਕੇ. ਅਤੇ ਆਇਰਲੈਂਡ ਐਨ. ਟੀ. ਟੀ. ਲਿਮਟਿਡ ਦੇ ਮੈਨੇਜਰ ਦੇ ਅਹੁਦੇ ਤੋਂ ਸੇਵਾ ਨਿਭਾ ਰਹੇ ਹਨ। ਮਿਸਿਜ਼ ਰੰਧਾਵਾ ਸਕੂਲੀ ਬੱਚਿਆਂ ਦੀ ਪੜ੍ਹਾਈ ਅਤੇ ਫੁਟਬਾਲ ਦੀ ਖੇਡ ਸੰਬੰਧੀ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਮਦਦ ਕਰਦੇ ਹਨ। ਇਨ੍ਹਾਂ ਦੁਆਰਾ ਸਮੇਂ ਸਮੇਂ ‘ਤੇ ਔਰਤਾਂ ਦੀ ਸਿਹਤ ਸੰਭਾਲ ਅਤੇ ਤੰਦਰੁਸਤੀ ਲਈ ਵੀ ਯੋਗਾ, ਦੌੜਾਂ ਦੇ ਮੁਕਾਬਲੇ ਅਤੇ ਸੈਰ ਸਬੰਧੀ ਪੋ੍ਗਰਾਮ ਉਲੀਕੇ ਅਤੇ ਕਰਵਾਏ ਜਾਂਦੇ ਹਨ। ਇਨ੍ਹਾਂ ਨੇ ਔਰਤਾਂ ਨੂੰ ਅੱਗੇ ਆ ਕੇ ਹਰੇਕ ਕਾਰਜ ਵਿੱਚ ਹਿੱਸਾ ਲੈਂਦੇ ਰਹਿਣ ਲਈ ਪੇ੍ਰਿਆ।

ਪੰਜਾਬ ਦੇ ਗੁੱਜਰਵਾਲ ਪਿੰਡ ਵਿੱਚ ਵੀ ਸ਼੍ਰੀਮਤੀ ਰੰਧਾਵਾ ਨੇ ਔਰਤਾਂ ਲਈ ਜਿੰਮ ਬਣਵਾਈ ਅਤੇ ਔਰਤਾਂ ਨੂੰ ਕਸਰਤ ਵੱਲ ਪੇ੍ਰਿਆ।
ਇਨ੍ਹਾਂ ਦੇ ਨਾਲ ਹੀ ਬੀਬੀ ਜਸਵਿੰਦਰ ਕੌਰ ਕਲਸੀ ਜੀ ਵੀ ਸ਼ਾਮਿਲ ਸਨ ਜੋ ਵੋਇਸ ਆਫ਼ ਵੁਮੈੱਨ ਲਈ ਕਨੂੰਨੀ ਸਲਾਹਕਾਰ ਵਜੋਂ ਕੰਮ ਕਰਦੇ ਹਨ ਅਤੇ ਬਹੁਤ ਸਾਰੇ ਕਾਰਜਾਂ ਵਿੱਚ ਮਦਦ ਮੁਹੱਈਆ ਕਰਵਾਉਂਦੇ ਹਨ।

ਇਸ ਸਮਾਗਮ ਵਿੱਚ ਬੀਬੀ ਭਿੰਦਰ ਜਲਾਲਾਬਾਦੀ ਵੀ ਹਾਜ਼ਿਰ ਸਨ ਜੋ ਇੱਕ ਵਧੀਆ ਕਵਿੱਤਰੀ ਦੇ ਨਾਲ ਨਾਲ ਲੋਕਲ ਰੇਡੀਓ ਤੋਂ ਹੋਸਟ ਦੀ ਸੇਵਾ ਨਿਭਾਉਂਦਿਆਂ ਵੱਖ ਵੱਖ ਖੇਤਰਾਂ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਵਾਲਿਆਂ ਨੂੰ ਸਰੋਤਿਆਂ ਦੇ ਰੂਬਰੂ ਕਰਵਾਉਂਦੇ ਹਨ। ਇਨ੍ਹਾਂ ਨੇ ’ਧੀਆਂ ਨਾ ਕੁਖ ਵਿੱਚ ਮਾਰੋ ਵੇ’ ਗੀਤ ਗਾ ਕੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ।

ਸਮਾਗਮ ਦੇ ਅਰੰਭ ਵਿੱਚ ਰੂਪ ਦਵਿੰਦਰ ਨਾਹਿਲ ਨੇ ਬੀਬੀ ਸੁਰਿੰਦਰ ਕੌਰ-ਚੇਅਰਪਰਸਨ ਵੋਇਸ ਆਫ਼ ਵੁਮੈੱਨ, ਲੰਡਨ ਲਿਮਟਿਡ ਦੀ ਤਰਫ਼ੋਂ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਆਈਆਂ ਭੈਣਾਂ ਦਾ ਸਵਾਗਤ ਕੀਤਾ।

ਮਾਂ ਦਿਵਸ ਮੌਕੇ ਗੁਰਮੇਲ ਕੌਰ ਸੰਘਾ ਦੁਆਰਾ ਨਿਰਦੇਸ਼ਿਤ ਛੋਟਾ ਜਿਹਾ ਨਾਟਕ “ਨੱਕ ਦੀ ਚਿੰਤਾ” ਪੇਸ਼ ਕੀਤਾ ਗਿਆ। ਇਸ ਨਾਟਕ ਦੁਆਰਾ ਵਿਆਹਾਂ ਉੱਤੇ ਕੀਤੇ ਜਾਂਦੇ ਫ਼ਜ਼ੂਲ ਖ਼ਰਚਿਆਂ ਨੂੰ ਨੱਥ ਪਾਉਣ ਅਤੇ ਫ਼ਾਲਤੂ ਦੇ ਕਰਜ਼ਿਆਂ ਤੋਂ ਬਚਣ ਦੀ ਨਸੀਹਤ ਕੀਤੀ ਗਈ। ਇਸ ਨਾਟਕ ਵਿੱਚ ਭਾਗ ਲੈਣ ਵਾਲੀਆਂ ਬੀਬੀਆਂ ਵੋਇਸ ਆਫ਼ ਵੁਮੈੱਨ ਦੀਆਂ ਮੈਂਬਰ ਸਨ ਜਿਨ੍ਹਾਂ ਦੇ ਨਾਂ ਕ੍ਰਮਵਾਰ ਲਖਵਿੰਦਰ ਕੌਰ ਸਰਾਏ, ਨਰਿੰਦਰ ਕੌਰ, ਮਹਿੰਦਰ ਧਾਲੀਵਾਲ, ਸਤਵੰਤ ਕੌਰ ਮਾਨ
ਅਤੇ ਬੇਅੰਤੀ ਜੀ ਸਨ।

ਯਾਦ ਰਹੇ ਕਿ ਨਾਟਕ ਵਿੱਚ ਭਾਗ ਲੈਣ ਵਾਲੀਆਂ ਭੈਣਾਂ ਉਪਰੋਕਤ ਸੰਸਥਾ ਦੀ ਟੀਮ ਵਿੱਚ ਕੰਮ ਕਰਨ ਵਾਲੀਆਂ ਸਧਾਰਣ ਘਰੇਲੂ ਔਰਤਾਂ ਹਨ ਜਿਨ੍ਹਾਂ ਦਾ ਅਦਾਕਾਰੀ ਨਾਲ ਕੋਈ ਵਾਹ ਵਾਸਤਾ ਨਹੀਂ ਪਰ ਇਨ੍ਹਾਂ ਦੀ ਅਦਾਕਾਰੀ ਕਮਾਲ ਦੀ ਅਤੇ ਦਿਲਾਂ ਨੂੰ ਛੋਹ ਲੈਣ ਵਾਲੀ ਸੀ ਜਿਸ ਦਾ ਅਸਰ ਪੰਡਾਲ ਵਿੱਚ ਗੂੰਜਦੀਆਂ ਤਾੜੀਆਂ ਤੋਂ ਪਤਾ ਲੱਗਦਾ ਸੀ। ਵਰਨਣਯੋਗ ਹੈ ਕਿ ਬੇਅੰਤੀ ਜੀ ਲੋਕ ਭਲਾਈ ਦੇ ਵੀ ਕਾਫ਼ੀ ਕੰਮਾਂ ਜਿਵੇਂ ਅਪੰਗ ਬੱਚਿਆਂ ਨੂੰ ਸਕੂਲ ਛੱਡਣਾ ਅਤੇ ਸਕੂਲੋਂ ਘਰ ਛੱਡਣਾ, ਪੰਜਾਬ ਜਾ ਕੇ ਵੋਇਸ ਆਫ਼ ਵੁਮੈੱਨ ਵੱਲੋਂ ਲੋੜਵੰਦਾਂ ਦਾ ਇਲਾਜ ਅਤੇ ਹੋਰ ਲੋੜੀਂਦੀ ਮੱਦਦ ਆਦਿ ਵਿੱਚ ਹਿੱਸਾ ਲੈਂਦੇ ਹਨ। ਜ਼ਿਕਰਯੋਗ ਹੈ ਕਿ ਬੇਅੰਤੀ 2021 ਵਿੱਚ ਪੰਜਾਬ ਗਏ ਅਤੇ ਸੰਸਥ ਵੱਲੋਂ ਤਿੰਨ ਲੋੜਵੰਦ ਵਿਅਕਤੀਆਂ ਦਾ ਇਲਾਜ ਕਰਵਾਇਆ ਗਿਆ।

ਗੁਰਮੇਲ ਕੌਰ ਸੰਘਾ ਪੰਜਾਬੀ ਕਵਿੱਤਰੀ, ਗੀਤਕਾਰਾ ਅਤੇ ਗਾਇਕਾ ਵੀ ਹੈ। ਮਾਂ ਦਿਵਸ ਸਮਾਗਮ ਵਿੱਚ ਗੁਰਮੇਲ ਕੌਰ ਸੰਘਾ ਦਾ ਲਿਖਿਆ ਅਤੇ ਗਾ ਕੇ ਰਿਕਾਰਡ ਕਰਵਾਇਆ ਨਵਾਂ ਗੀਤ ‘ਮਾਵਾਂ ਯਾਦ ਆਉਂਦੀਆਂ’ ਵੀ ਰਿਲੀਜ਼ ਕੀਤਾ ਗਿਆ। ਜ਼ਿਕਰਯੋਗ ਹੈ ਕਿ ਗੁਰਮੇਲ ਕੌਰ ਸੰਘਾ ਨੂੰ ਸਾਹਿਤਕ ਕਾਰਜਾਂ ਵਿੱਚ ਸਰਗਰਮ ਰਹਿਣ ਅਤੇ ਸਾਹਿਤ ਵਿੱਚ ਯੋਗਦਾਨ ਕਰਕੇ ਔਨਟਾਰੀਓ ਫ਼ਰੈਂਡਜ਼ ਕਲੱਬ, ਕਨੇਡਾ ਵੱਲੋਂ ਲੰਡਨ, ਯੂ.ਕੇ. ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਇਸ ਸਮਾਗਮ ਵਿੱਚ ਰੂਪ ਦਵਿੰਦਰ ਨਾਹਿਲ ਦੁਆਰਾ ਇੱਕ ਪਾਤਰੀ ਨਾਟਕ ’ਮੇਰਾ ਮੌਨ ਨਾ ਟੁੱਟੇ’ ਪੇਸ਼ ਕਰਕੇ ਦਰਸ਼ਕਾਂ ਨੂੰ ਕੀਲ ਲਿਆ। ਵੱਖਰੇ-ਵੱਖਰੇ ਤਿੰਨ ਇਸਤਰੀ ਪਾਤਰਾਂ ਨੂੰ ਪਹਿਲਾਂ ਪਿਤਾ ਦੀ ਇੱਜ਼ਤ ਬਣਾਈ ਰੱਖਣ ਸਬੰਧੀ ਬੰਧਸ਼ਾਂ, ਵਿਆਹ ਤੋਂ ਬਾਅਦ ਸਹੁਰੇ ਘਰ ਵਿੱਚ ਹੁੰਦੀਆਂ ਗੁੱਝੀਆਂ ਬੇਇਨਸਾਫ਼ੀਆਂ, ਸਮਾਜ ਤੋਂ ਡਰ ਡਰ ਕੇ ਚੱਲਣ ਦਾ ਹਊਆ ਦਰਸਾਇਆ ਗਿਆ। ਕਈ ਵਾਰ ਸਟੇਜਾਂ ਤੋਂ ਔਰਤਾਂ ਦੇ ਹੱਕ ਵਿੱਚ ਬੋਲਣ ਵਾਲਿਆਂ ਕੁਝ ਮਰਦਾਂ ਵਿੱਚੋਂ ਹੀ ਕੁਝ ਭੱਦੀ ਸ਼ਬਦਾਵਲੀ ਬੋਲ ਜਾਂਦੇ ਹਨ। ਇੱਥੇ ਅਜਿਹੇ ਮਰਦਾਂ ਦੀ ਭੱਦੀ ਸ਼ਬਦਾਵਲੀ ਅਤੇ ਔਰਤਾਂ ਬਾਰੇ ਗ਼ਲਤ ਸੋਚ ਰੱਖਣ ਵਾਲੇ ਮਰਦ ਸਾਥੀਆਂ ਉੱਤੇ ਇੱਕ ਵਿਅੰਗ ਵੀ ਸੀ। ਨਾਟਕ ‘ਮੌਨ ਨਾ ਟੁੱਟੇ’ ਇੱਕ ਯਾਦਗਾਰੀ ਨਾਟਕ ਹੋ ਨਿੱਬੜਿਆ।

ਰੂਪ ਦਵਿੰਦਰ ਨਾਹਿਲ ਪੰਜਾਬ ਰੇਡੀਓ ਤੋਂ ਹੋਸਟ ਵਜੋਂ ਕੰਮ ਸ਼ੁਰੂ ਕਰਕੇ ਅਜਕੱਲ ਅਕਾਲ ਚੈਨਲ, ਯੂ.ਕੇ. ਤੋਂ ਪੋ੍ਗਰਾਮ ‘ਪੰਜਾਬੀ ਵਿਰਸਾ’ ਵਿੱਚ ਹੋਸਟ ਦੀ ਸੇਵਾ ਨਿਭਾ ਰਹੇ ਹਨ। ਰੂਪ ਦਵਿੰਦਰ ਨਾਹਿਲ ਇੱਕ ਵਧੀਆ ਕਵਿੱਤਰੀ, ਗਾਇਕਾ, ਯੂ ਕੇ ਭੰਗੜਾ ਮੁਕਾਬਲੇ ਵਿੱਚ ਜਿੱਤ ਦਾ ਤਾਜ ਪਹਿਨਣ ਤੋਂ ਇਲਾਵਾ ਬਜ਼ੁਰਗਾਂ ਲਈ ਬਣਾਏ ਸੇਵਾ ਕੇਂਦਰ ਦੀ ਮੈਨੇਜਰ ਵੀ ਹੈ। ਰੂਪ ਦਵਿੰਦਰ ਇੱਕ ਵਧੀਆ ਅਦਾਕਾਰਾ ਵੀ ਹੈ। ਰੂਪ ਨੇ ਤਿੰਨ ਕੁ ਫ਼ਿਲਮਾਂ ਵਿੱਚ ਵੀ ਅਦਾਕਾਰੀ ਕੀਤੀ ਅਤੇ ਥੀਏਟਰ ਨਾਲ ਵੀ ਕੰਮ ਕੀਤਾ ਹੋਇਆ ਹੈ।

ਇਨ੍ਹਾਂ ਤੋਂ ਇਲਾਵਾ ਸਮਾਗਮ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਸ਼ਿਵਦੀਪ ਕੌਰ ਢੇਸੀ ਨੇ ਸੰਸਥਾ ਦੁਆਰਾ ਕੀਤੇ ਕਾਰਜਾਂ ‘ਤੇ ਚਾਨਣਾ ਪਾਇਆ। ਯਸ਼ ਸਾਥੀ, ਭਜਨ ਕੌਰ ਧਾਲੀਵਾਲ, ਪਰਮਜੀਤ ਬਰਾੜ, ਅਮਰਜੀਤ ਰੰਧਾਵਾ, ਕੁਲਵਿੰਦਰ ਕੌਰ, ਸੁਸ਼ਮਾ(ਯੋਗਾ ਟਰੇਨਰ), ਸੰਤੋਸ਼, ਸੁਰਿੰਦਰ ਚਾਵਲਾ, ਹਰਫੁਲ ਦੇਵੀ, ਨਰਿੰਦਰ ਝੀਤਾ, ਪਰਮਜੀਤ ਕੌਰ, ਭੋਲੀ, ਨਸੀਬ ਕੌਰ, ਗੁਰਮੇਜ ਕੌਰ , ਸ਼ਮਿੰਦਰ ਸ਼ਮੀ ਆਦਿ ਨੇ ਭਾਗ ਲਿਆ।

ਅੰਤ ਵਿੱਚ ਡੀ ਜੇ ਨਾਲ ਪੰਜਾਬ ਦੇ ਲੋਕ ਨਾਚ ਗਿੱਧੇ ਦੀ ਧਮਾਲ ਨੇ ਹਾਲ ਗੂੰਜਣ ਲਾ ਦਿੱਤਾ ਅਤੇ ਮੁਟਿਆਰਾਂ ਨੇ ਬਹਿ ਜਾ-ਬਹਿ ਜਾ ਕਰਵਾ ਦਿੱਤੀ।
ਜਸਵਿੰਦਰ ਕਲਸੀ ਜੀ ਅਤੇ ਗੁਰਵਿੰਦਰ ਰੰਧਾਵਾ ਜੀ ਨੂੰ ਕ੍ਰਮਵਾਰ ਸਰੋਪੇ ਦੇ ਤੌਰ ‘ਤੇ ਸ਼ਾਲ ਨਾਲ ਸਨਮਾਨਿਤ ਕੀਤਾ ਗਿਆ।

ਸਿਹਤ ਦੇ ਖ਼ਰਾਬ ਹੁੰਦਿਆਂ ਹੋਇਆਂ ਵੀ ਸੁਰਿੰਦਰ ਕੌਰ ਨੇ ਪੂਰੇ ਪੋ੍ਗਰਾਮ ਵਿੱਚ ਹਾਜ਼ਰੀ ਭਰੀ। ਸਮਾਗਮ ਦੇ ਅੰਤ ਵਿੱਚ ਵੋਇਸ ਆਫ਼ ਵੁਮੈੱਨ ਸੰਸਥਾ ਦੀ ਡਾਇਰੈਕਟਰ ਬੀਬੀ ਸੁਰਿੰਦਰ ਕੌਰ ਤੂਰ/ ਕੈਂਥ ਨੇ ਆਈਆਂ ਮਹਿਮਾਨ ਬੀਬੀਆਂ-ਭੈਣਾਂ ਦਾ ਧੰਨਵਾਦ ਕੀਤਾ। ਸਟੇਜ ਦੀ ਸੇਵਾ ਗੁਰਮੇਲ ਕੌਰ ਸੰਘਾ ਨੇ ਨਿਭਾਈ। ਚਾਹ-ਪਾਣੀ ਅਤੇ ਲੰਗਰ ਅਟੁੱਟ ਵਰਤਿਆ।

Comments are closed, but trackbacks and pingbacks are open.