ਸਾਊਥਾਲ ਵਿੱਚ ਵੋਇਸ ਆਫ਼ ਵਿਮੈਨ ਵੱਲੋਂ ਗੁਰਮੇਲ ਕੌਰ ਸੰਘਾ ਦਾ ਗੀਤ “ਰੱਬ ਦਿਲਾਂ ਵਿੱਚ ਰਹਿੰਦਾ” ਦਾ ਲੋਕ ਅਰਪਣ ਕੀਤਾ ਗਿਆ

ਡਾਇਰੈਕਟਰ ਸੁਰਿੰਦਰ ਕੌਰ ਜੀ ਵੱਲੋਂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਸਿੱਖਿਆਵਾਂ ਤੇ ਚਾਨਣ ਪਾਇਆ ਗਿਆ।

ਹੇਜ਼, ਇੰਗਲੈਂਡ-ਪਿਛਲੇ ਮੰਗਲਵਾਰ ਵੋਇਸ ਆਫ਼ ਵਿਮੈਨ, ਲੰਡਨ ਲਿਮਟਿਡ ਵੱਲੋਂ ਸਿੱਖਾਂ ਦੇ ਪਹਿਲੇ ਗੁਰੂ ਸੀ੍ ਗੁਰੂ ਨਾਨਕ ਦੇਵ ਜੀ ਦੇ ਪ੍ਕਾਸ਼ ਦਿਹਾੜੇ ਨੂੰ ਸਾਹਿਤਕ ਅਤੇ ਸੰਗੀਤਕ ਦਿਹਾੜੇ ਵਜੋਂ ਮਨਾਇਆ ਗਿਆ।

ਇਸ ਮੌਕੇ ਗੁਰਮੇਲ ਕੌਰ ਸੰਘਾ ਦੁਆਰਾ ਲਿਖੇ ਅਤੇ ਗਾਏ ਗੀਤ “ਰੱਬ ਦਿਲਾਂ ਵਿੱਚ ਰਹਿੰਦਾ” ਨੂੰ ਲੋਕ ਅਰਪਣ ਕੀਤਾ ਗਿਆ। ਗੁਰਮੇਲ ਕੌਰ ਸੰਘਾ ਦੇ ਗੀਤ ਨਾਲ ਸ਼ੁਰੂ ਹੋਇਆ ਸਮਾਗਮ ਪੰਜਾਬੀ ਕਵਿੱਤਰੀ ਭਿੰਦਰ ਜਲਾਲਾਬਾਦੀ ਦੀ ਕਵਿਤਾ “ਬਾਬਾ ਨਾਨਕ, ਹਰ ਰੋਜ਼ ਤੇਰੀ ਬਾਣੀ ਪੜ੍ਹਦੀ ਹਾਂ” ਦੇ ਨਾਲ ਨਾਲ ਪੰਜਾਬੀ ਕਵਿੱਤਰੀ ਕੁਲਦੀਪ ਕਿੱਟੀ ਬੱਲ ਦੀ ਕਵਿਤਾ “ਬਾਬੇ ਨਾਨਕ ਦੀ ਲੀਲ੍ਹਾ ਅਜਬ ਨਿਆਰੀ” ਅਤੇ ਪੰਜਾਬੀ ਦੀ ਪ੍ਸਿੱਧ ਗਾਇਕਾ ਡੌਲੀ ਬਰਾੜ ਵੱਲੋਂ ਪੇਸ਼ ਕੀਤੇ ਗੀਤ ” ਭੈਣ ਨਾਨਕੀ ਕਹੇ ਵੀਰ ਦਾ ਨਾਨਕ ਰੱਖਣਾ ਨਾਂ” ਨਾਲ ਮਹੌਲ ਹੋਰ ਵੀ ਸੰਗੀਤਮਈ ਹੋ ਗਿਆ। ਵੋਇਸ ਆਫ ਵਿਮੈਨ ਲੰਡਨ ਲਿਮਿਟਡ ਦੀ ਡਾਇਰੈਕਟਰ ਸੁਰਿੰਦਰ ਕੌਰ ਜੀ ਵੱਲੋਂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਸਿੱਖਿਆਵਾਂ ਤੇ ਚਾਨਣ ਪਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੀ ਨਵੀਂ ਪੀੜ੍ਹੀ ਦੇ ਬੱਚਿਆਂ ਤੱਕ ਬਾਬੇ ਨਾਨਕ ਦੀ ਸਿੱਖਿਆ ਨਾਮ ਜਪਣਾ, ਵੰਡ ਛਕਣਾ, ਕਿਰਤ ਕਰਨੀ, ਸਰਬੱਤ ਦਾ ਭਲਾ, ਜਾਤਾਂ ਪਾਤਾਂ ਤੇ ਊਚ ਨੀਚ ਦੀਆਂ ਵੰਡੀਆਂ ਬਾਰੇ ਦੱਸੀ ਸ਼ੁੱਧ ਤੇ ਸਹੀ ਜਾਣਕਾਰੀ ਪਹੁੰਚਾਉਣ ਦੇ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਪੰਜਾਬੀ ਸਾਹਿਤ ਕਲਾ ਕੇਂਦਰ ਦੇ ਸਰਪ੍ਸਤ ਬੀਬੀ ਯਸ਼ ਸਾਥੀ ਜੀ ਨੇ ਵੀ ਬਾਣੀ ਸੰਬੰਧੀ ਆਪਣੇ ਵਿਚਾਰ ਦਿੱਤੇ।

ਇਨ੍ਹਾਂ ਤੋਂ ਇਲਾਵਾ ਇੱਥੇ ਸੁਰਿੰਦਰ ਕੌਰ ਕੈਂਥ/ ਤੂਰ, ਅਵਤਾਰ ਕੌਰ ਚੰਨਾ, ਸੰਤੋਸ਼ ਸ਼ਿਨ, ਨਰਿੰਦਰ ਖ਼ੋਸਾ, ਲਖਿੰਦਰਪਾਲ ਕੌਰ ਸਰਾਂ, ਬੇਅੰਤੀ ਬਾਂਸਲ, ਸਤਵਿੰਦਰ ਕੌਰ ਮਾਨ, ਹਰਪਾਲ ਦੇਵੀ, ਸੁਰਿੰਦਰ ਚਾਵਲਾ, ਜਸਮੇਲ ਕੌਰ, ਪਰਮਜੀਤ ਕੌਰ, ਸੰਤੋਸ਼ ਸੂਰੀ, ਮੀਨਾ ਮੋਹਲ, ਸੁਰਿੰਦਰ ਦਾਦੇ, ਰੁਪਿੰਦਰ ਗਿੱਲ, ਰਵਿੰਦਰ ਔਲਖ, ਦਵਿੰਦਰ ਕੌਰ ਚੱਗਰ, ਮਹਿੰਦਰ ਕੌਰ, ਜਸਬੀਰ ਕੌਰ, ਕੁਲਦੀਪ ਧਾਲੀਵਾਲ, ਗੁਰਮੇਜ ਕੌਰ, ਰਾਜ ਬੱਗਾ, ਜਸਬੀਰ ਕੌਰ, ਰਵੀ ਸਿੰਧੀ, ਦਵਿੰਦਰ ਸੰਘੇੜਾ,ਗੁਰਦੀਪ ਕੌਰ, ਸੁਖਨਿੰਦਰ ਕੌਰ ਕੈਲੇ ਆਦਿ ਬੀਬੀਆਂ ਨੇ ਸ਼ਾਮੂਲੀਅਤ ਕੀਤੀ।

ਸਮਾਗਮ ਦੌਰਾਨ ਚਾਹ-ਪਾਣੀ ਤੇ ਲੰਗਰ ਅੱਤੁਟ ਵਰਤਿਆ। ਇਹ ਗੱਲ ਦੱਸਣ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਲੰਗਰ ਵੋਇਸ ਆਫ ਵਿਮੈਨ ਦੀਆਂ ਮੈਂਬਰ ਬੀਬੀਆਂ ਵੱਲੋਂ ਆਪਣੇ ਹੱਥੀਂ ਘਰੋਂ ਬਣਾ ਕੇ ਲਿਆਂਦਾ ਗਿਆ ਸੀ ਜਿਸ ਦਾ ਅਨੰਦ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ। ਕੁੱਲ ਮਿਲਾ ਕੇ ਸਮਾਗਮ ਇੱਕ ਸਫ਼ਲ ਸਾਹਿਤਕ, ਸੰਗੀਤਕ, ਸਿੱਖਿਅਕ ਅਤੇ ਭਾਈਚਾਰਕ ਮਿਲਣੀ ਹੋ ਨਿਬੜਿਆ। 

Comments are closed, but trackbacks and pingbacks are open.