ਸਲੋਹ ਦੇ ਐਮ ਪੀ ਤਨਮਨਜੀਤ ਢੇਸੀ ਦੇ ਸਮਰਥੱਕਾਂ ਵਲੋਂ ਆਮ ਚੋਣਾਂ ਦੇ ਪ੍ਰਚਾਰ ਲਈ ਭਾਰੀ ਇਕੱਠ

ਪਾਰਟੀ ਦੇ ਬਾਗੀਆਂ ਨੂੰ ਛੇੜੀ ਕੰਬਣੀ

ਸਲੋਹ (ਸਰਬਜੀਤ ਸਿੰਘ ਬਨੂੜ) – ਬਰਤਾਨੀਆ ਪਾਰਲੀਮੈਂਟ ਦੇ ਸਲੋਹ ਹਲਕੇ ਤੋਂ ਲੇਬਰ ਪਾਰਟੀ ਦੇ ਇਕਲੌਤੇ ਸਿੱਖ ਐੱਮ.ਪੀ. ਤਨਮਨਜੀਤ ਸਿੰਘ ਢੇਸੀ ਨੂੰ ਮੁੜ ਤੋਂ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਨ ਲਈ ਭਾਰੀ ਮੁਸ਼ਕਲਾਂ ਵਿੱਚ ਲੰਗਣਾ ਪੈ ਸਕਦਾ ਹੈ ਦੇ ਮੱਦੇਨਜ਼ਰ ਢੇਸੀ ਨੇ ਪਾਰਟੀ ਵਿਰੋਧੀਆਂ ਨੂੰ ਨਕਾਰਨ ਲਈ ਵੱਡਾ ਸ਼ਕਤੀ ਪ੍ਰਦਰਸ਼ਨ ਕਰ ਕੇ ਹਲਕੇ ਵਿੱਚ ਸਿਆਸੀ ਹਲਚਲ ਤੇਜ਼ ਕਰ ਦਿੱਤੀ ਹੈ।

ਸਥਾਨਕ ਲੇਬਰ ਪਾਰਟੀ ਦੇ 7 ਸੀਨੀਅਰ ਮੌਜੂਦਾ ਕੌਂਸਲਰ ਗਾਜ਼ਾ-ਫਲਸਤੀਨ ਵਿੱਚ ਇਜ਼ਰਾਇਲ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ’ਤੇ ਨਸਲਕੁਸ਼ੀ ਕਾਰਨ ਪਾਰਟੀ ਦੀਆਂ ਨੀਤੀਆਂ ਖਿਲਾਫ਼ ਬਗਾਵਤ ਦਾ ਝੰਡਾ ਚੁੱਕ ਵੱਖਰੇ ਹੋ ਗਏ ਹਨ।

ਬੀਤੇ ਦਿਨੀਂ ਸਲੋਹ ਦੇ ਵੇਕਸਹੈਮ ਰੋਡ ਵਿਖੇ ਲੇਬਰ ਪਾਰਟੀ ਦੇ ਸਮਾਗਮ ਵਿੱਚ ਢੇਸੀ ਦੀ ਜਿੱਤ ਯਕੀਨੀ ਬਣਾਉਣ ਲਈ ਲੇਬਰ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਲੰਡਨ ਦੇ ਮੇਅਰ ਸਦੀਕ ਖਾਨ, ਐੱਮ.ਪੀ. ਸੀਮਾ ਮਲਹੋਤਰਾ, ਐੱਮ.ਪੀ. ਜੋਹਨ ਮੈਕਡੋਨਲ ਸਮੇਤ ਵੱਖ-ਵੱਖ ਗੁਰਦਵਾਰਿਆਂ, ਪੰਥਕ ਜਥੇਬੰਦੀਆਂ ਦੇ ਆਗੂਆਂ ਤੇ ਸਾਬਕਾ ਕੌਂਸਲਰਾਂ ਸਮੇਤ ਵੱਡੀ ਗਿਣਤੀ ਵਿੱਚ ਹਲਕਾ ਵੋਟਰਾਂ ਨੇ ਢੇਸੀ ਦੇ ਹੱਕ ਵਿੱਚ ਸ਼ਮੂਲੀਅਤ ਕਰ ਕੇ ਹਮਾਇਤ ਦਾ ਐਲਾਨ ਕੀਤਾ।

ਇਸ ਮੌਕੇ ਤਨਮਨਜੀਤ ਢੇਸੀ ਨੇ ਕਿਹਾ ਕਿ 14 ਸਾਲਾਂ ਤੋਂ ਕੰਜ਼ਰਵੇਟਿਵ ਪਾਰਟੀ ਨੇ ਦੇਸ਼ ਦਾ ਵੱਡਾ ਨੁਕਸਾਨ ਕੀਤਾ ਹੈ ਜਿਸ ਕਾਰਨ ਬਰਤਾਨੀਆ ਦੇ ਵੋਟਰ ਦੇਸ਼ ਵਿੱਚ ਬਦਲਾਅ ਲਿਆਉਣ ਨੂੰ ਕਾਹਲੇ ਹਨ ਤੇ ਬਰਤਾਨੀਆ ਵਿੱਚ ਲੇਬਰ ਸਰਕਾਰ ਬਣੇਗੀ। ਉਨ੍ਹਾਂ ਹਮੇਸ਼ਾ ਆਪਣੇ ਵੋਟਰਾਂ ਦੀ ਪਾਰਲੀਮੈਂਟ ਵਿੱਚ ਅਵਾਜ਼ ਬੁਲੰਦ ਕੀਤੀ ਹੈ।

ਇਸ ਮੌਕੇ ਲੰਡਨ ਬਾਰੋ ਦੇ ਮੇਅਰ ਸਦੀਕ ਖਾਨ ਵੱਲੋਂ ਢੇਸੀ ਦੇ ਹੱਕ ਵਿੱਚ ਪ੍ਰਚਾਰ ਕਰਨ ਦਾ ਐਲਾਨ ਕਰਨ ਤੋਂ ਬਾਅਦ ਸਮੀਕਰਨ ਬਦਲ ਗਏ ਹਨ। ਜ਼ਿਕਰਯੋਗ ਹੈ ਕਿ ਇੰਗਲੈਂਡ ਵਿੱਚ ਜਨਰਲ ਚੋਣਾਂ 4 ਜੁਲਾਈ ਨੂੰ ਹੋਣ ਜਾ ਰਹੀਆਂ ਹਨ ਜਿਸ ਵਿੱਚ ਰਿਸ਼ੀ ਸੁਨਕ ਸਰਕਾਰ ਨੂੰ ਸੀਟਾਂ ਦੀ ਵੱਡੀ ਗਿਰਾਵਟ ਆਉਮ ਦੀ ਉਮੀਦ ਹੈ।

Comments are closed, but trackbacks and pingbacks are open.