ਸਕਾਟਲੈਂਡ: ਪੁਲਿਸ ਅਧਿਕਾਰੀਆਂ ‘ਤੇ ਕੋਵਿਡ ਸਬੰਧਿਤ ਹਮਲਿਆਂ ਲਈ ਸਖਤ ਸਜਾਵਾਂ ਦੀ ਮੰਗ

ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਪੁਲਿਸ ਵਿਭਾਗ ਨੇ ਵੀ ਸਿਹਤ ਵਿਭਾਗ ਦੀ ਤਰ੍ਹਾਂ ਸਕਾਟਲੈਂਡ ਦੇ ਲੋਕਾਂ ਦੀ ਹਰ ਸੰਭਵ ਤਰੀਕੇ ਨਾਲ ਮਦਦ ਕਰਕੇ ਸਮਾਜ ਵਿੱਚ ਤਾਲਮੇਲ ਅਤੇ ਸਾਂਤੀ ਬਣਾਈ ਰੱਖੀ ਹੈ। ਇਸਦੇ ਬਾਵਜੂਦ ਵੀ ਪੁਲਿਸ ਅਧਿਕਾਰੀਆਂ ਉੱਪਰ ਕੁੱਝ ਲੋਕਾਂ ਵੱਲੋਂ ਜਾਣ ਬੁੱਝ ਕੇ ਕੋਰੋਨਾ ਵਾਇਰਸ ਨਾਲ ਪੀੜਤ ਕਰਨ ਲਈ ਕੋਰੋਨਾ ਹਮਲੇ ਕੀਤੇ ਗਏ ਹਨ। ਇਸ ਤਰ੍ਹਾਂ ਦੇ ਕੋਵਿਡ -19 ਨਾਲ ਸਬੰਧਿਤ ਹਮਲਿਆਂ ਵਿੱਚ ਜਾਣ ਬੁੱਝ ਕੇ ਥੁੱਕਣ, ਖੰਘਣ ਜਾਂ ਛਿੱਕ ਆਦਿ ਮਾਰਨੀ ਸ਼ਾਮਲ ਹੈ। ਵਿਭਾਗ ਵੱਲੋਂ ਇਸ ਤਰ੍ਹਾਂ ਦੇ ਹਮਲੇ ਕਰਨ ਵਾਲਿਆਂ ਨੂੰ ਸਖਤ ਸਜਾਵਾਂ ਦਿੱਤੇ ਜਾਣ ਦੀ ਸਰਕਾਰ ਕੋਲੋਂ ਮੰਗ ਕੀਤੀ ਗਈ ਹੈ। ਸਕਾਟਿਸ਼ ਪੁਲਿਸ ਫੈਡਰੇਸ਼ਨ (ਐੱਸ ਪੀ ਐੱਫ) ਨੇ ਅਜਿਹੀਆਂ ਘਟਨਾਵਾਂ ਨੂੰ ਘਿਣਾਉਣਾ ਦੱਸਿਆ ਹੈ। ਐੱਸ ਪੀ ਐੱਫ ਦੇ ਉੱਤਰੀ ਖੇਤਰ ਦੀ ਡਿਪਟੀ ਸੈਕਟਰੀ, ਕੈਰੋਲੀਨ ਮੈਕਨਹੋਟਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਰ੍ਹਾਂ ਦੇ ਹਮਲਿਆਂ ਲਈ ਦੋਸ਼ੀ ਠਹਿਰਾਏ ਗਏ ਲੋਕਾਂ ਨੂੰ ਉਹ ਸਜ਼ਾ ਨਹੀਂ ਮਿਲਦੀ ਜਿਸ ਦੇ ਉਹ ਹੱਕਦਾਰ ਹੁੰਦੇ ਹਨ। ਇਹਨਾਂ ਹਮਲਿਆਂ ਦੇ ਅੰਕੜਿਆਂ ਅਨੁਸਾਰ ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਅਧਿਕਾਰੀਆਂ ਉੱਪਰ ਜਾਣ ਬੁੱਝ ਕੇ ਖੰਘਣ, ਛਿੱਕ ਮਾਰਨ, ਜਾਂ ਥੁੱਕਣ ਦੀਆਂ ਘੱਟੋ ਘੱਟ 13 ਘਟਨਾਵਾਂ ਵਾਪਰੀਆਂ ਹਨ। ਸਕਾਟਲੈਂਡ ਪੁਲਿਸ  ਦੀ ਡਿਪਟੀ ਚੀਫ ਕਾਂਸਟੇਬਲ ਫਿਓਨਾ ਟੇਲਰ ਅਨੁਸਾਰ ਪੁਲਿਸ ਅਧਿਕਾਰੀ ਲੋਕਾਂ ਦੀ ਤਹਿ ਦਿਲੋਂ ਸਹਾਇਤਾ ਕਰਦੇ ਹਨ ਅਤੇ ਉਨ੍ਹਾਂ ਵਿਰੁੱਧ ਹਿੰਸਾ ਅਤੇ ਇਸ ਤਰ੍ਹਾਂ ਦਾ ਦੁਰਵਿਵਹਾਰ ਨਿਰਾਸ਼ਾਜਨਕ ਹੈ, ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਲਈ ਪੁਲਿਸ ਵਿਭਾਗ ਅਨੁਸਾਰ ਅਜਿਹੇ ਹਮਲਿਆਂ ਨੂੰ ਰੋਕਣ ਲਈ ਅਪਰਾਧੀਆਂ ਨੂੰ ਸਖਤ ਸਜਾਵਾਂ ਮਿਲਣੀਆਂ ਚਾਹੀਦੀਆਂ ਹਨ।

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

Leave a Reply

Your email address will not be published. Required fields are marked *