ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਬਣੀ ਯੂਕੇ ਦੀ ਸਭ ਤੋਂ ਪ੍ਰਭਾਵਸ਼ਾਲੀ ਔਰਤ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) – ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੂੰ ਯੂਕੇ ਦੀ ਸਭ ਤੋਂ ਪ੍ਰਭਾਵਸ਼ਾਲੀ ਔਰਤ ਵਜੋਂ ਚੁਣਿਆ ਗਿਆ ਹੈ।ਨਿਕੋਲਾ ਸਟਰਜਨ ਨੇ ਯੂਕੇ ਦੀ ਸਭ ਤੋਂ ਵੱਧ ਪ੍ਰਭਾਵਸ਼ਾਲੀ ਔਰਤ ਦਾ ਖਿਤਾਬ ਮਹਾਰਾਣੀ ਐਲਿਜ਼ਾਬੈਥ II ਅਤੇ ਬਾਫਟਾ ਪੁਰਸਕਾਰ ਜੇਤੂ ਅਭਿਨੇਤਰੀ ਮਿਸ਼ੇਲਾ ਕੋਏਲ ਨੂੰ ਪਿੱਛੇ ਛੱਡਦਿਆਂ ਪ੍ਰਾਪਤ ਕੀਤਾ ਹੈ। ‘ਦ ਬਾਡੀ ਸ਼ਾਪ’ ਦੁਆਰਾ ਜਾਰੀ ਕੀਤੀ ਗਈ ਸੂਚੀ ਨੇ ਸਕਾਟਲੈਂਡ ਅਤੇ ਯੂਕੇ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਔਰਤਾਂ ਦਾ ਖੁਲਾਸਾ ਕੀਤਾ ਹੈ, ਜੋ ਕਿ ਗੂਗਲ ਸਰਚਾਂ, ਸੋਸ਼ਲ ਮੀਡੀਆ ਫਾਲੋਅਰਸ, ਵਿਕੀਪੀਡੀਆ ਪੇਜ ਵਿਯੂਜ਼ ਆਦਿ ‘ਤੇ ਆਧਾਰਿਤ ਹੈ।ਇਸ ਸੂਚੀ ਵਿੱਚ ਨਿਕੋਲਾ ਸਟਰਜਨ ਨੇ ਯੂਕੇ ਤੋਂ ਇਲਾਵਾ ਦੁਨੀਆ ਭਰ ਦੀਆਂ ਚੋਟੀ ਦੀਆਂ 20 ਮਹਿਲਾਵਾਂ ਵਿੱਚ ਵੀ ਆਪਣੀ ਜਗ੍ਹਾ ਬਣਾਈ ਹੈ। ਜਿਸ ਕਰਕੇ ਸਟਰਜਨ ਦਾ ਨਾਮ ਕਮਲਾ ਹੈਰਿਸ ਅਤੇ ਓਰਪਾ ਵਿਨਫਰੇ, ਮਿਸ਼ੇਲ ਓਬਾਮਾ, ਹਿਲੇਰੀ ਕਲਿੰਟਨ ਆਦਿ ਮਹਿਲਾਵਾਂ ਨਾਲ ਸ਼ਾਮਲ ਹੋਇਆ ਹੈ। ਨਿਕੋਲਾ ਸਟਰਜਨ 16 ਸਾਲ ਦੀ ਉਮਰ ਵਿੱਚ ‘ਚ ਸਕਾਟਿਸ਼ ਨੈਸ਼ਨਲ ਪਾਰਟੀ ਵਿੱਚ ਸ਼ਾਮਲ ਹੋਈ ਅਤੇ ਉਦੋਂ ਤੋਂ ਹੀ ਉਹ ਬ੍ਰਿਟਿਸ਼ ਰਾਜਨੀਤੀ ਦੀ ਇੱਕ ਮਹੱਤਵਪੂਰਣ ਹਸਤੀ ਬਣ ਗਈ ਹੈ।

Comments are closed, but trackbacks and pingbacks are open.