ਲੰਡਨ ਵਿਖੇ ਮੈਰਾਥਨ ਦੌੜਾਕ ਜਗਜੀਤ ਸਿੰਘ ਨੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਨੂੰ ਸਮਰਪਿੱਤ ਪੈਦਲ ਯਾਤਰਾ ਸੰਪੂਰਨ ਕੀਤੀ

62 ਕਿਲੋਮੀਟਰ ਦੀ ਯਾਤਰਾ ਲਗਾਤਾਰ 11 ਘੰਟੇ ਵਿੱਚ ਪੂਰੀ ਕਰਨ ਦਾ ਮਾਣ ਹਾਸਲ ਕੀਤਾ

ਲੰਡਨ – ਹਲਿੰਗਡਨ ਕੌਂਸਲ ਦੇ ਕੌਂਸਲਰ ਅਤੇ ਵਿਸ਼ਵ ਪ੍ਰਸਿੱਧ ਮੈਰਾਥਨ ਦੌੜਾਕ ਜਗਜੀਤ ਸਿੰਘ ਨੇ ਬੀਤੇ ਸ਼ਨੀਵਾਰ 17 ਦਸੰਬਰ 2022 ਨੂੰ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਨੂੰ ਸਮਰਪਿੱਤ 62 ਕਿਲੋਮੀਟਰ (38.5 ਮੀਲ) ਦੀ ਪੈਦਲ ਯਾਤਰਾ ਪੂਰੀ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਇਹ ਪੈਦਲ ਯਾਤਰਾ ਨੂੰ ਹਲਿੰਗਡਨ ਕੌਂਸਲ ਦੀ ਮੇਅਰ ਬੈਕੀ ਹੈਗਰ ਵਲੋਂ ਹਰੀ ਝੰਡੀ ਦੇ ਕੇ ਸ਼ੁਰੂ ਕਰਵਾਈ ਗਈ ਜਿਸ ਮੌਕੇ ਫੰਡ 3 ਡਿਗਰੀ ਮਨਫੀ ਤੋਂ ਵੀ ਹੇਠਾਂ ਸੀ ਪਰ ਜਗਜੀਤ ਸਿੰਘ ਨੇ ਜੱਸ ਢੋਟ ਅਤੇ ਸਹਿਯੋਗੀਆਂ ਦੇ ਭਰਵੇਂ ਉਤਸ਼ਾਹ ਨਾਲ ਇਸ ਯਾਤਰਾ ਨੂੰ ਆਰੰਭ ਕੀਤਾ ਗਿਆ ਜਿਸ ਮੌਕੇ ਕਈ ਛੋਟੇ ਬੱਚੇ ਵੀ ਹਾਜ਼ਰ ਸਨ ਅਤੇ ਯਾਤਰਾ ਵਿੱਚ ਸ਼ਾਮਿਲ ਹੋਏ।

ਹਲਿੰਗਡਨ ਦੇ ਮੇਅਰ ਬੈਂਕੀ ਹੈਗਰ ਨੇ ਯਾਤਰਾ ਤੋਰਨ ਤੋਂ ਪਹਿਲਾਂ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਅਤੇ ਕਿਹਾ ਕਿ ਜਗਜੀਤ ਸਿੰਘ ਵਲੋਂ ਕੀਤਾ ਗਿਆ ਇਹ ਉੱਦਮ ਬਹੁਤ ਵਧੀਆ ਹੈ ਜਿਸ ਤੋਂ ਇਕੱਠੀ ਹੋਈ ਮਾਇਆਮੇਅਰ ਵਲੋਂ ਲੋੜਵੰਦ ਬੱਚਿਆਂ ਦੀ ਸਹਾਇਤਾ ਲਈ ਭੇਟ ਕੀਤੀ ਜਾਵੇਗੀ।

ਯਾਤਰਾ ਦੀ ਸ਼ੁਰੂਆਤ ਮੌਕੇ ਮੈਰਾਥਨ ਦੌੜਾਕ ਜਗਜੀਤ ਸਿੰਘ ਅਤੇ ਸਾਥੀ ਕੌਂਸਲਰ ਜੱਸ ਢੋਟ ਨੇ ਕਿਹਾ ਕਿ ਉਹ ਖੂਨ ਜੰਮਦੀ ਠੰਡ ਵਿੱਚ ਇਹ ਯਾਤਰਾ ਕਰਕੇ ਮਹਿਸੂਸ ਕਰਨਾ ਚਾਹੁੰਦੇ ਸਨ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਸਰਹਿੰਦ ਤੱਕ 62 ਕਿਲੋਮੀਟਰ ਦਾ ਸਫ਼ਰ ਔਖੇ ਰਸਤਿਆਂ ਅਤੇ ਖੂਨ ਜੰਮਾੳੂ ਠੰਡ ਵਿੱਚ ਮਾਤਾ ਨੇ ਛੋਟੇ ਸਾਹਿਬਜ਼ਾਦਿਆਂ ਨਾਲ ਕਿਵੇਂ ਸੰਪੂਰਨ ਕੀਤਾ ਹੋਵੇਗਾ।

ਜਗਜੀਤ ਸਿੰਘ ਹਰਦੋਫਰੋਲਾ ਵਲੋਂ ਸ਼ੁਰੂ ਕੀਤੀ ਗਈ ਪੈਦਲ ਯਾਤਰਾ ਵਿੱਚ ਪ੍ਰਤਾਪ ਸਿੰਘ ਮੋਮੀ (ਸੀ.ਪੀ.ਐਮ.), ਰਸ਼ਪਾਲ ਸਿੰਘ ਸੰਘਾ (ਦ ਵਿਲੈਜ਼), ਜਸ਼ਨਜੀਤ ਸਿੰਘ ਜੱਸਾ, ਰਜਿੰਦਰਬੀਰ ਸਿੰਘ ਰਮਨ ਭੈਣੀ, ਭੁਪਿੰਦਰ ਸਿੰਘ (ਭਿੰਦਾ ਸੋਹੀ), ਰਘਵਿੰਦਰ ਸਿੰਘ (ਬਿੰਦੀ ਸੋਹੀ), ਗੁਰਮੀਤ ਸਿੰਘ ਰੰਧਾਵਾ, ਫ਼ਤਹਿ ਸੋਢੀ, ਰਵਿੰਦਰ ਸਿੰਘ ਸੋਖੀ (ਏ ਕੇ ਬਿਲਡਿੰਗ ਮਰਚੈਂਟਸ), ਅਮੀਸ਼ ਤੇ ਪ੍ਰੇਮ (ਦੇਸੀ ਤੜਕਾ), ਗੁਰਜੀਤ ਸਿੰਘ (ਹੇਜ਼), ਅਮਰੀਕ ਸਿੰਘ (ਨੂਰਮਹਿਲ ਸਵੀਟਸ) ਅਤੇ ਹੋਰ ਅਨੇਕਾਂ ਸਹਿਯੋਗੀ ਸ਼ਾਮਿਲ ਹੋਏ ਜਿਸ ਬਾਅਦ ਜਗਜੀਤ ਸਿੰਘ ਨੇ ਇਹ ਪੈਦਲ ਯਾਤਰਾ ਬਹੁਤ ਭਿਆਨਕ ਠੰਡ ਦੌਰਾਨ 11 ਘੰਟੇ ਅਤੇ 5 ਮਿੰਟ ਵਿੱਚ ਪੂਰੀ ਕੀਤੀ ਗਈ ਜਿਸ ਉਪਰੰਤ ਅਨੇਕਾਂ ਪ੍ਰਸੰਸਕਾਂ ਨੇ ਜਗਜੀਤ ਸਿੰਘ ਦਾ ਮਾਣ ਸਤਿਕਾਰ ਕਰਦੇ ਹੋਏ ਯਾਤਰਾ ਦੇ ਉੱਦਮ ਲਈ ਪ੍ਰਸੰਸਾਂ ਕੀਤੀ।

ਅਦਾਰਾ ‘ਦੇਸ ਪ੍ਰਦੇਸ’ ਜਗਜੀਤ ਸਿੰਘ ਦੇ ਇਸ ਉੱਦਮ ਲਈ ਉਨ੍ਹਾਂ ਨੂੰ ਵਧਾਈ ਪੇਸ਼ ਕਰਦਾ ਹੈ, ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਮੌਕੇ ਵੀ ਸ੍ਰੀ ਨਨਕਾਣਾ ਸਾਹਿਬ ਤੋਂ ਸ੍ਰੀ ਕਰਤਾਰਪੁਰ ਸਾਹਿਬ ਤੱਕ ਅਤੇ ਫਿਰ ਵਾਹਗਾ ਬਾਰਡਰ ਤੋਂ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਤੱਕ ਦੌੜ ਲਗਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਗਿਆ ਸੀ।

ਇੱਥੇ ਜ਼ਿਕਰਯੋਗ ਹੈ ਕਿ ਜਗਜੀਤ ਸਿੰਘ ਆਪਣੀ ਦੌੜ ਦਾ ਖਰਚਾ ਖੁੱਦ ਚੁੱਕਦੇ ਹਨ ਪਰ ਸੰਗਤਾਂ ਵਲੋਂ ਭੇਟ ਕੀਤੀ ਮਾਇਆ ਚੈਰਿਟੀਆਂ ਨੂੰ ਭੇਟ ਕਰ ਦਿੰਦੇ ਹਨ। ਜਗਜੀਤ ਸਿੰਘ ਹਰਦੋਫਰੋਲਾ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਨਾਲ 07904 241634 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Comments are closed, but trackbacks and pingbacks are open.