ਲੰਡਨ : ਨਵੇਂ ਸਾਲ ਦੀ ਆਤਿਸ਼ਬਾਜ਼ੀ ਦਾ ਪ੍ਰਦਰਸ਼ਨ ਲਗਾਤਾਰ ਦੂਜੇ ਸਾਲ ਹੋਇਆ ਰੱਦ

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) – ਦੁਨੀਆਂ ਭਰ ਵਿੱਚ ਮਸ਼ਹੂਰ ਲੰਡਨ ਦਾ ਨਵੇਂ ਸਾਲ ਦਾ ਆਤਿਸ਼ਬਾਜ਼ੀ ਪ੍ਰਦਰਸ਼ਨ ਕੋਰੋਨਾ ਵਾਇਰਸ ਤੋਂ ਸੁਰੱਖਿਆ ਦੇ ਮੱਦੇਨਜ਼ਰ ਲਗਾਤਾਰ ਦੂਜੀ ਵਾਰ ਇਸ ਸਾਲ ਵੀ ਰੱਦ ਕੀਤਾ ਗਿਆ ਹੈ। ਇਸ ਵਾਰ ਵੀ ਨਵੇਂ ਸਾਲ ਦੀ ਸ਼ਾਮ ਨੂੰ ਲੰਡਨ ‘ਚ ਥੇਮਜ ‘ਤੇ ਆਤਿਸ਼ਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਨਹੀਂ ਹੋਵੇਗਾ । ਇਹ ਸਮਾਗਮ ਲਗਾਤਾਰ ਦੂਜੇ ਸਾਲ ਲਈ ਰੱਦ ਹੋਇਆ ਹੈ ਪਰ ਇਸਦੀ ਜਗ੍ਹਾ ਟ੍ਰਫਾਲਗਰ ਸਕੁਏਅਰ ਵਿੱਚ ਇੱਕ ਵੱਖਰੀ ਪਾਰਟੀ ਰੱਖਣ ਦੀ ਯੋਜਨਾ ਬਣ ਸਕਦੀ  ਹੈ । ਲੰਡਨ ਦੇ ਮੇਅਰ ਸਾਦਿਕ ਖਾਨ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਾਲ ਵੀ ਹਮੇਸ਼ਾਂ ਵਾਂਗ, ਲੰਡਨ ਨਵੇਂ ਸਾਲ ਦਾ ਸ਼ਾਨਦਾਰ ਢੰਗ ਨਾਲ ਸਵਾਗਤ ਕਰੇਗਾ ਪਰ ਕੋਵਿਡ-19 ਮਹਾਂਮਾਰੀ ਕਾਰਨ ਪੈਦਾ ਹੋਈ ਅਨਿਸ਼ਚਿਤਤਾ ਦੇ ਕਾਰਨ ਵਿਸ਼ਵ-ਪ੍ਸਿੱਧ ਨਵੇਂ ਸਾਲ ਦੀ ਸ਼ਾਮ ਦਾ ਆਤਿਸ਼ਬਾਜ਼ੀ ਪ੍ਰਦਰਸ਼ਨ ਇਸ ਸਾਲ ਥੇਮਜ਼ ਨਦੀ ਦੇ ਕਿਨਾਰਿਆਂ ‘ਤੇ ਨਹੀਂ ਹੋਵੇਗਾ। ਪਿਛਲੇ ਸਾਲ ਨਵੇਂ ਸਾਲ ਦੀ ਸ਼ਾਮ ਵਾਇਰਸ ਦੀ ਦੂਜੀ ਲਹਿਰ ਦੇ ਵਿਚਕਾਰ ਹੋਈ ਸੀ ਅਤੇ ਉਸ ਸਮੇਂ ਸਾਰੇ ਸਮਾਗਮਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਲੋਕਾਂ ਨੂੰ 2021 ਦੀ ਸ਼ੁਰੂਆਤ ਸਿਰਫ ਉਨ੍ਹਾਂ ਦੋਸਤਾਂ ਜਾਂ ਪਰਿਵਾਰ ਨਾਲ ਮਨਾਉਣ ਦੀ ਅਪੀਲ ਕੀਤੀ ਗਈ ਜਿਨ੍ਹਾਂ ਨਾਲ ਉਹ ਪਹਿਲਾਂ ਹੀ ਰਹਿੰਦੇ ਸਨ।

Comments are closed, but trackbacks and pingbacks are open.