ਲੰਡਨ ਦੇ ਪ੍ਰਸਿੱਧ ਕਾਰੋਬਾਰੀ ਅਤੇ ਕਿੰਗ ਮੇਕਰ ਸਵਰਗੀ ਉਮਰਾਓ ਅਟਵਾਲ ਦੀ ਬੇਟੀ ਨੇ ਡਿਪਟੀ ਮੇਅਰ ਦਾ ਅਹੁਦਾ ਸੰਭਾਲਿਆ

ਹਰਲੀਨ ਅਟਵਾਲ ਹੀਰ ਨੇ 2014 ਵਿੱਚ ਕੌਂਸਲਰ ਬਣਨ ਦਾ ਮਾਣ ਪ੍ਰਾਪਤ ਕਰਨ ਬਾਅਦ 2023 ਵਿੱਚ ਡਿਪਟੀ ਮੇਅਰ ਦਾ ਅਹੁਦਾ ਪ੍ਰਾਪਤ ਕੀਤਾ

ਲੰਡਨ – ਮਈ ਮਹੀਨੇ ਵਿੱਚ ਹਰੇਕ ਸਾਲ ਬਾਅਦ ਲੰਡਨ ਦੀਆਂ ਬਾਰੋ੍ਹਆਂ ਦੇ ਪ੍ਰਤੀਨਿਧਾਂ ਦੀਆਂ ਹੋਈਆਂ ਨਵੀਆਂ ਨਿਯੁਕਤੀਆਂ ਵਿੱਚ ਲੰਡਨ ਦੇ ਪ੍ਰਸਿੱਧ ਕਾਰੋਬਾਰੀ ਅਤੇ ਕਿੰਗ ਮੇਕਰ ਸਵਰਗੀ ਉਮਰਾਓ ਅਟਵਾਲ ਦੀ ਸਪੁੱਤਰੀ ਤੇ ਉੱਘੀ ਬਿਜ਼ਨੈਸਮੈਨ ਅਤੇ ਪ੍ਰਮੋਟਰ ਮੁਖਤਿਆਰ ਸਿੰਘ (ਮਿੱਕ ਹੇਅਰ) ਦੀ ਸੁਪਤਨੀ ਬੀਬੀ ਹਰਲੀਨ ਕੌਰ ਅਟਵਾਲ ਹੀਰ ਨੇ ਹੰਸਲੋ ਦੀ ਡਿਪਟੀ ਮੇਅਰ ਵਜੋਂ ਅਹੁਦਾ ਸੰਭਾਲ ਲਿਆ ਹੈ।

ਬਰਤਾਨਵੀ ਜੰਮਪਲ 47 ਸਾਲਾ ਹਰਲੀਨ ਕੌਰ ਅਟਵਾਲ ਆਪਣੇ ਪਿਤਾ ਸਵਰਗੀ ਉਮਰਾਓ ਅਟਵਾਲ ਅਤੇ ਮਾਤਾ ਜਸਬੀਰ ਕੌਰ ਅਟਵਾਲ ਦੇ ਅਸ਼ੀਰਵਾਦ ਨਾਲ ਪਹਿਲੀ ਵਾਰ ਹੈਸਟਨ ਦੇ ਸੈਂਟਰਲ ਵਾਰਡ ਤੋਂ 2014 ਵਿੱਚ ਕੌਂਸਲਰ ਚੁਣੀ ਗਈ ਸੀ ਜਿਸ ਨੇ ਲੇਬਰ ਪਾਰਟੀ ਵਲੋਂ ਆਪਣੇ ਵਾਰਡ ਦੇ ਵਸਨੀਕਾਂ ਦੀ ਭਰਪੂਰ ਅਤੇ ਅਣਥੱਕ ਸੇਵਾ ਕੀਤੀ ਜਿਸ ਕਾਰਨ ਉਸ ਨੂੰ ਸਿਹਤ ਸਬੰਧੀ ਸਮੱਸਿਆਵਾਂ ਵੀ ਆਈਆਂ ਪਰ ਰਿੱਕੀ ਹੀਰ, ਭਾਵਿਕਾ ਅਤੇ ਅਰਜਨ ਹੀਰ ਦੀ ਮਾਂ ਨੇ ਲੋਕਾਂ ਦੀ ਸੇਵਾ ਜਾਰੀ ਰੱਖੀ ਅਤੇ ਹੁਣ ਡਿਪਟੀ ਮੇਅਰ ਬਣ ਗਈ ਹੈ।

ਬੀਤੇ ਦਿਨੀਂ ਹੰਸਲੋ ਕੌਂਸਲ ਵਿਖੇ ਹੋਏ ਤਾਜਪੋਸ਼ੀ ਸਮਾਗਮ ਵਿੱਚ ਸਾਬਕਾ ਮੇਅਰ ਰਘੁਵਿੰਦਰ ਸਿੰਘ ਸਿੱਧੂ, ਅਮਰੀਕ ਸਿੰਘ ਮਾਨ, ਮਨਜੀਤ ਸਿੰਘ ਸੰਧੂ ਭਾਊ, ਬੀਬੀ ਜਸਬੀਰ ਕੌਰ ਅਟਵਾਲ ਤੋਂ ਇਲਾਵਾ ਹਰਲੀਨ ਦਾ ਪਰਿਵਾਰ ਅਤੇ ਇਲਾਕੇ ਦੀਆਂ ਉੱਘੀਆਂ ਸਖਸ਼ੀਅਤਾਂ ਹਾਜ਼ਰ ਸਨ।

ਜ਼ਿਕਰਯੋਗ ਹੈ ਕਿ ਹਰਲੀਨ ਕੌਰ ਦਾ ਪੇਕਾ ਪਰਿਵਾਰ ਜਲੰਧਰ ਜ਼ਿਲ੍ਹਾ ਦੇ ਮਸ਼ਹੂਰ ਪਿੰਡ ਸੰਧਵਾਂ ਫਰਾਲਾ ਨਾਲ ਸਬੰਧ ਰੱਖਦਾ ਹੈ ਅਤੇ ਅਟਵਾਲ ਪਰਿਵਾਰ ਨੇ ਕਿੰਗਜ਼ਵੇਅ ਰੈਸਟੋਰੈਂਟ ਚਲਾਉਦਿਆਂ ਸ਼ੁਰੂ ਤੋਂ ਬੰਬਈ ਦੇ ਮਸ਼ਹੂਰ ਅਦਾਕਾਰਾਂ ਅਤੇ ਪੰਜਾਬ ਦੇ ਉੱਘੇ ਕਲਾਕਾਰਾਂ ਦਾ ਆਪਣੇ ਸਵਾਦੀ ਖਾਣਿਆਂ ਨਾਲ ਹਮੇਸ਼ਾਂ ਭਰਪੂਰ ਮਨੋਰੰਜਨ ਕੀਤਾ ਹੈ ਜਿਸ ਵਿੱਚ ਕੌਂਸਲਰ ਹਰਲੀਨ ਅਟਵਾਲ ਦਾ ਉੱਘਾ ਯੋਗਦਾਨ ਰਿਹਾ ਹੈ।

Comments are closed, but trackbacks and pingbacks are open.