ਰਮੀਤ ਰੌਲੀ ਦੀ ਪਲੇਠੀ ਫ਼ਿਲਮ ‘‘ਲਿਟਲ ਇੰਗਲਿਸ਼’’ 17 ਮਾਰਚ ਤੋਂ ਸਿਨੇਮਾ ਘਰਾਂ ਵਿੱਚ ਰੀਲੀਜ਼ ਲਈ ਤਿਆਰ

ਟਿਕਟਾਂ ਹੱਥੋਂ ਹੱਥੀ ਐਡਵਾਂਸ ਵਿੱਚ ਵਿਕਣ ਲੱਗੀਆਂ

ਲੰਡਨ – ਯੂ.ਕੇ ਦੇ ਪ੍ਰਸਿੱਧ ਸੰਗੀਤ ਗਰੁੱਪ ‘ਹੀਰਾ’ ਦੇ ਨਾਮਵਰ ਗਾਇਕ ਕੁਮਾਰ ਹੀਰਾ ਦੀ ਬੇਟੀ ਰਮੀਤ ਰੌਲੀ ਦੀ ਪਲੇਠੀ ਫ਼ਿਲਮ ‘‘ਲਿਟਲ ਇੰਗਲਿਸ਼’’ 17 ਮਾਰਚ 2023 ਤੋਂ ਸਿਨੇਮਾ ਘਰਾਂ ਵਿਚ ਰੀਲੀਜ਼ ਹੋ ਰਹੀ ਹੈ ਜਿਸ ਦੀਆਂ ਐਡਵਾਂਸ ਟਿਕਟਾਂ ਦੀ ਬੁਕਿੰਗ ਧੜਾਧੜ ਹੋ ਰਹੀ ਹੈ।

ਇਸ ਫ਼ਿਲਮ ਵਿੱਚ ਰਮੀਤ ਰੌਲੀ ਨੇ ਸਿੰਮੀ ਦਾ ਮੁੱਖ ਕਿਰਦਾਰ ਨਿਭਾਇਆ ਹੈ। ਸਿੰਮੀ ਇਕ ਅਣਭੋਲ ਲੜਕੀ ਹੈ ਜੋ ਵਿਆਹ ਕਰਵਾਕੇ ਪੰਜਾਬ ਤੋਂ ਸਲੋਹ ਆ ਜਾਂਦੀ ਹੈ। ਸਿੰਮੀ ਦਾ ਪਤੀ ਰਾਜ ਉਸ ਨੂੰ ਆਪਣੇ ਮਾਪਿਆਂ ਕੋਲ ਛੱਡ ਘਰੋਂ ਦੌੜ ਜਾਂਦਾ ਹੈ। ਸਿੰਮੀ ਨੂੰ ਆਪਣੇ ਸਹੁਰਿਆਂ ਦੇ ਤਾਅਨੇ ਮੇਹਣੇ ਸਹਿਣੇ ਪੈਂਦੇ ਹਨ ਪਰ ਉਹ ਦਿਲ ਨਹੀਂ ਛੱਡਦੀ ਅਤੇ ਆਖ਼ਿਰ ਆਪਣੇ ਸਹੁਰਿਆਂ ਦਾ ਦਿਲ ਜਿੱਤ ਲੈਂਦੀ ਹੈ।

ਇਸ ਫ਼ਿਲਮ ਵਿੱਚ ਰਮੀਤ ਰੌਲੀ ਤੋਂ ਇਲਾਵਾ ਵੀਰਜ ਜੁਨੇਜਾ, ਸੀਮਾ ਬਾਉਰੀ, ਮਾਧਵ ਸ਼ਰਮਾ, ਗੋਲਡੀ ਨੋਟੇ, ਆਮਿਤ ਚਾਨਾ ਅਤੇ ਨਿੱਕੀ ਪਟੇਲ ਨੇ ਸ਼ਾਨਦਾਰ ਭੂਮਿਕਾਵਾਂ ਨਿਭਾਈਆਂ ਹਨ। ਇਹ ਨਿਰਦੇਸ਼ਕ ਪਰਵੀਸ਼ ਕੁਮਾਰ ਦੀ ਵੀ ਪਲੇਠੀ ਫ਼ਿਲਮ ਹੈ ਜਿਸ ਨੂੰ ਲੰਡਨ ਇੰਡੀਅਨ ਫ਼ਿਲਮ ਫੈਸਟੀਵਲ ਅਤੇ ਸਿਆਟਲ ਦੇ ਤਸਵੀਰ ਫ਼ਿਲਮ ਫੈਸਟੀਵਲ ਵਿੱਚ ਭਰਵਾਂ ਹੁੰਗਾਰਾ ਮਿਲ ਚੁੱਕਾ ਹੈ।

Comments are closed, but trackbacks and pingbacks are open.