ਯੂ.ਕੇ ਵਿੱਚ ਪੰਜ ਦਹਾਕੇ ਪਹਿਲਾਂ ਪੰਜਾਬਣਾ ਦੀ ਆਬਰੂ ਦਾ ਰਖਵਾਲਾ ਬਣੀ ਜਥੇਬੰਦੀ ‘‘ਸ਼ੇਰੇ ਪੰਜਾਬ’’ ਦੇ ਬਾਨੀ ਬਖ਼ਤਾਵਰ ਸਿੰਘ ਉਰਫ਼ ਤਾਰੀ ਕੰਦੋਲਾ ਦਾ ਦੇਹਾਂਤ

ਭਾਈਚਾਰੇ ਵਿੱਚ ਸੋਗ ਦੀ ਲਹਿਰ

ਬ੍ਰਮਿੰਘਮ – ਯੂ.ਕੇ ਵਿੱਚ ਪੰਜ ਦਹਾਕੇ ਪਹਿਲਾਂ ਇਕ ਖਾਸ ਫਿਰਕੇ ਵਲੋਂ ਪੰਜਾਬਣਾ ਨੂੰ ਪੀੜ੍ਹਤ ਬਣਾਏ ਜਾਣ ਦਾ ਮੁਕਾਬਲਾ ਕਰਨ ਲਈ ‘‘ਸ਼ੇਰੇ ਪੰਜਾਬ’’ ਜਥੇਬੰਦੀ ਦੇ ਬਾਨੀ ਸ. ਬਖ਼ਤਾਵਰ ਸਿੰਘ ਉਰਫ਼ ਤਾਰੀ ਕੰਦੋਲਾ (67) ਐਤਵਾਰ 30 ਜਨਵਰੀ 2022 ਨੂੰ ਇਸ ਫ਼ਾਨੀ ਸੰਸਾਰ ਤੋਂ ਅਲਵਿਦਾ ਲੈ ਗਏ ਹਨ।

ਜ਼ਿਲ੍ਹਾ ਜਲੰਧਰ ਦੇ ਨੂਰਮਹਿਲ ਹਲਕੇ ਨੇੜਲੇ ਪਿੰਡ ਕੰਦੋਲਾ ਕਲਾਂ ਨਾਲ ਸੰਬੰਧਿਤ ਤਾਰੀ ਕੰਦੋਲਾ ਦਾ ਜਨਮ ਅਫ਼ਰੀਕਾ ਵਿੱਚ ਸ. ਅਮਰ ਸਿੰਘ ਅਤੇ ਮਾਤਾ ਗਿਆਨ ਕੌਰ ਦੇ ਗ੍ਰਹਿ ਵਿਖੇ ਹੋਇਆ ਸੀ ਅਤੇ ਉਹ 5 ਸਾਲ ਦੀ ਉਮਰ ਵਿੱਚ ਵਾਪਸ ਪੰਜਾਬ ਚਲੇ ਗਏ ਸਨ। ਉਨ੍ਹਾਂ ਉੱਥੋਂ ਆਪਣੀ ਮੁੱਢਲੀ ਵਿਦਿਆ ਪ੍ਰਾਪਤ ਕੀਤੀ ਅਤੇ ਮੁੜ 13 ਸਾਲ ਦੀ ਉਮਰ ਵਿੱਚ ਪਰਿਵਾਰ ਸਮੇਤ ਬਰਤਾਨੀਆ ਆ ਗਏ ਜਿੱਥੇ ਉਨ੍ਹਾਂ ਕਮਾਈ ਕਰਨ ਦੇ ਨਾਲ-ਨਾਲ ਵਿਦਿਆ ਵੀ ਪ੍ਰਾਪਤ ਕੀਤੀ। ਉਹ ਬਹੁਤ ਹੀ ਜੁਝਾਰੂ ਤਬੀਅਤ ਦੇ ਮਾਲਕ ਸਨ ਜਿਨ੍ਹਾਂ 1970ਵਿਆਂ ਵਿੱਚ ਇਕ ਖਾਸ ਫਿਰਕੇ ਵਲੋਂ ਪੰਜਾਬਣ ਲੜਕੀਆਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਮੁਕਾਬਲਾ ਕਰਨ ਲਈ ‘‘ਸ਼ੇਰੇ ਪੰਜਾਬ’’ ਜਥੇਬੰਦੀ ਦੀ ਸਥਾਪਨਾ ਕੀਤੀ ਕਿਉਕਿ ਬਰਤਾਨਵੀ ਪੁਲਿਸ ਸੋਸ਼ਣ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਸੀ।

ਸ. ਬਖਤਾਵਰ ਸਿੰਘ ਕੰਦੋਲਾ ਨੇ ਇਹ ਲੜਾਈ ਪੂਰੇ ਯੂ.ਕੇ ਵਿੱਚ 1990 ਦੇ ਕਰੀਬ ਤੱਕ ਲੜੀ ਅਤੇ ਪੰਜਾਬਣਾ ਦੀ ਆਬਰੂ ਨੂੰ ਸੁਰੱਖਿਅਤ ਬਣਾਉਣ ਵਿੱਚ ਸਫ਼ਲਤਾ ਹਾਸਿਲ ਕੀਤੀ। ਤਾਰੀ ਕੰਦੋਲਾ ਨੇ ਹਮੇਸ਼ਾਂ ਲੋਕ ਹੱਕਾਂ ਦੀ ਰਾਖੀ ਕਰਨ ਵਾਲੇ ਲੋਕਾਂ ਦਾ ਸਾਥ ਦਿੱਤਾ ਜਿਨ੍ਹਾਂ ਵਿੱਚ ਉਨ੍ਹਾਂ ਦੇ ਸਿਆਸੀ ਨੇਤਾ, ਅਫ਼ਸਰਸ਼ਾਹੀ, ਸਮਾਜਿਕ ਕਾਰਕੁੰਨ ਅਤੇ ਧਾਰਮਿਕ ਆਗੂ ਵੀ ਸਾਥੀ ਬਣੇ ਰਹੇ।ਪਿਛਲੇ ਸਮੇਂ ਵਿੱਚ ਕਾਰੋਨਾ ਕਾਲ ਤੋਂ ਉਹ ਪੀੜ੍ਹਤ ਹੋਣ ਬਾਅਦ ਸਿਹਤਮੰਦ ਹੋ ਗਏ ਸਨ ਅਤੇ ਆਪਣੇ ਭਾਈਚਾਰੇ ਨਾਲ ਸੰਪਰਕ ਵਿੱਚ ਸਨ ਪਰ ਉਨ੍ਹਾਂ ਆਪਣੀ ਸਮੱਸਿਆ ਕਿਸੇ ਨਾਲ ਸਾਂਝੀ ਨਹੀਂ ਕੀਤੀ ਸੀ। ਉਨ੍ਹਾਂ ਨਾਲ ਵਿਚਰਨ ਵਾਲੇ ਹਰੇਕ ਇਨਸਾਨ ਨੂੰ ਉਨ੍ਹਾਂ ਦੇ ਸਦੀਵੀ ਵਿਛੋੜੇ ’ਤੇ ਗੰਭੀਰ ਸਦਮਾ ਪੁੱਜਾ ਹੈ ਅਤੇ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।ਤਾਰੀ ਕੰਦੋਲਾ ਆਪਣੇ ਪਿੱਛੇ ਸੁਪਤਨੀ, 2 ਬੇਟੇ, ਇਕ ਬੇਟੀ ਅਤੇ ਸਾਰਾ ਭਰਿਆ ਪਰਿਵਾਰ ਛੱਡ ਗਏ ਹਨ।

ਉਨ੍ਹਾਂ ਦੇ ਅਕਾਲ ਚਲਾਣੇ ’ਤੇ ਮੀਰੀ ਪੀਰੀ ਗੁਰੂਘਰ ਵਲੋਂ ਠੇਕੇਦਾਰ ਜਸਵੰਤ ਸਿੰਘ, ਸਿੱਖ ਫੈਡਰੇਸ਼ਨ ਯੂ.ਕੇ ਦੇ ਪ੍ਰਧਾਨ ਪ੍ਰਮਿੰਦਰ ਸਿੰਘ ਬੱਲ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਅਗਜ਼ੈਕਟਿਵ ਮੈਂਬਰ ਸ. ਹਿੰਮਤ ਸਿੰਘ ਸੋਹੀ, ਮੁੱਢਲੇ ਸਾਥੀ ਗੁਰਬਖ਼ਸ਼ ਸਿੰਘ, ਕਾਂਗਰਸੀ ਆਗੂ ਅਤੇ ਪੰਜਾਬ ਕੈਬਨਿਟ ਦੇ ਸਾਬਕਾ ਮੰਤਰੀ ਅਵਤਾਰ ਹੈਨਰੀ, ਵਧਾਇਕ ਬਾਵਾ ਹੈਨਰੀ, ਸੰਨੀ ਚੌਪੜਾ ਕਾਂਗਰਸੀ ਆਗੂ (ਲੈਸਟਰ), ਯੂ.ਕੇ ਕਾਂਗਰਸ ਦੇ ਪ੍ਰਧਾਨ ਮਹਿੰਦਰ ਸਿੰਘ ਮੰਡੇਰ, ਗੁਰੂ ਨਾਨਕ ਗੁਰਦੁਆਰਾ ਲੈਸਟਰ ਦੇ ਪ੍ਰਧਾਨ ਸ. ਅਜਮੇਰ ਸਿੰਘ ਬਸਰਾ, ਬਿੱਟੂ ਰਾਏ ਮੋਰਾਂਵਾਲੀ (ਬ੍ਰਮਿੰਘਮ), ਲੈਸਟਰ ਕਬੱਡੀ ਕਲੱਬ ਦੇ ਆਗੂ ਨਿਰਮਲ ਲੱਡੂ, ਉੱਘੇ ਪ੍ਰਮੋਟਰ ਅਮਰਜੀਤ ਧਾਮੀ, ਸੁੱਖ ਸੰਧੂ, ਕਸ਼ਮੀਰ ਸਿੰਘ ਸ਼ੀਰਾ, ਸ਼ਰਨਬੀਰ ਸਿੰਘ ਸੰਘਾ (ਸਾਊਥਾਲ), ਨਿਹੰਗ ਅਜੀਤ ਪੂਹਲਾ ਤੋਂ ਬਦਲਾ ਲੈਣ ਵਾਲੇ ਨਵਤੇਜ ਸਿੰਘ ਗੁਗੂ, ਗੈਰੀ ਹੀਰ ਵੁਲਵਰਹੈਂਪਟਨ, ਕੁਲਵਿੰਦਰ ਕਿੱਕੀ, ਅਮਰੀਕ ਦੇਵਗਨ ਤੋਂ ਇਲਾਵਾ ਖ਼ਬਰ ਲਿਖੇ ਜਾਣ ਤੱਕ ‘ਦੇਸ ਪ੍ਰਦੇਸ’ ਨੂੰ ਲਗਾਤਾਰ ਸੁਨੇਹੇ ਮਿਲ ਰਹੇ ਸਨ ਜਿਨ੍ਹਾਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਨੋਟ – (ਤਾਰੀ ਕੰਦੋਲਾ ਦੇ ਅੰਤਿਮ ਸਸਕਾਰ ਸਬੰਧੀ ਜਾਣਕਾਰੀ ਜਲਦੀ ਪ੍ਰਕਾਸ਼ਿਤ ਕੀਤੀ ਜਾਵੇਗੀ।)

Comments are closed, but trackbacks and pingbacks are open.