ਯੂਕੇ ਸਰਕਾਰ ਨੇ ਸਕਾਟਲੈਂਡ ਲਈ ਕੋਵਿਡ ਨਕਦ ਸਹਾਇਤਾ ਕੀਤੀ ਦੁੱਗਣੀ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਯੂਕੇ ਵਿੱਚ ਵਧ ਰਹੇ ਕੋਵਿਡ ਕੇਸਾਂ ਵਿੱਚ ਓਮੀਕਰੋਨ ਵੇਰੀਐਂਟ ਜਿਆਦਾ ਚਿੰਤਾਜਨਕ ਹੈ। ਬਣ ਰਹੀ ਗੰਭੀਰ ਸਥਿਤੀ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਯਤਨ ਕੀਤੇ ਜਾ ਰਹੇ ਹਨ। ਯੂਕੇ ਸਰਕਾਰ ਨੇ ਕੋਵਿਡ ਨਾਲ ਨਜਿੱਠਣ ਲਈ ਸਕਾਟਲੈਂਡ ਲਈ ਵੀ ਉਪਲਬਧ ਵਾਧੂ ਫੰਡਾਂ ਨੂੰ ਵਧਾ ਕੇ 440 ਮਿਲੀਅਨ ਪੌਂਡ ਤੱਕ ਦੁੱਗਣਾ ਕਰ ਦਿੱਤਾ ਹੈ। ਇਸ ਸਬੰਧੀ ਚਾਂਸਲਰ ਰਿਸ਼ੀ ਸੁਨਕ ਨੇ ਕਿਹਾ ਕਿ ਵਧੀ ਹੋਈ ਫੰਡਿੰਗ ਸਕਾਟਿਸ਼ ਸਰਕਾਰ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਹੋਈ ਹੈ। ਪਰ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਕੋਵਿਡ ਪ੍ਰਤੀ ਕਾਰਵਾਈ ਦੀ ਮੰਗ ਕਰਦਿਆਂ ਟਵਿੱਟਰ ‘ਤੇ ਇਸ ਘੋਸ਼ਣਾ ਦੀ ਨਿੰਦਾ ਕੀਤੀ ਹੈ। ਸਟਰਜਨ ਅਨੁਸਾਰ ਪਿਛਲੇ ਹਫਤੇ ਨਿਰਧਾਰਤ ਕੀਤੇ ਗਏ ਮੂਲ 220 ਮਿਲੀਅਨ ਪੌਂਡ ਅਸਲ ਵਿੱਚ ਸਕਾਟਿਸ਼ ਸਰਕਾਰ ਦੁਆਰਾ ਉਮੀਦ ਕੀਤੇ ਗਏ ਫੰਡਾਂ ਤੋਂ 48 ਮਿਲੀਅਨ ਪੌਂਡ ਤੋਂ ਘੱਟ ਸਨ। ਜਦਕਿ ਯੂਕੇ ਸਰਕਾਰ ਨੇ ਐਤਵਾਰ ਨੂੰ ਜਾਣਕਾਰੀ ਦਿੱਤੀ ਕਿ ਉਹ ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਵਿੱਚ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਉਪਲਬਧ ਪੈਸੇ ਨੂੰ 430 ਮਿਲੀਅਨ ਪੌਂਡ ਤੋਂ 860 ਮਿਲੀਅਨ ਪੌਂਡ ਤੱਕ ਦੁੱਗਣਾ ਕਰ ਰਹੀ ਹੈ।

Comments are closed, but trackbacks and pingbacks are open.