ਯੂਕੇ: ਪਾਣੀ ਵਿਚਲੀਆਂ ਪਾਈਪਾਂ ਰਾਹੀਂ ਇੰਟਰਨੈੱਟ ਲਈ ਫਾਈਬਰ ਆਪਟਿਕ ਕੇਬਲ ਚਲਾਉਣ ਲਈ ਫੰਡ ਜਾਰੀ

ਯੂਕੇ ਸਰਕਾਰ ਨੇ ਪਾਣੀ ਵਿਚਲੀਆਂ ਪਾਈਪਾਂ ਰਾਹੀਂ ਫਾਈਬਰ ਆਪਟਿਕ ਬ੍ਰਾਡਬੈਂਡ ਕੇਬਲਾਂ ਨੂੰ ਚਲਾਉਣ ਵਾਲੇ ਪ੍ਰੋਜੈਕਟਾਂ ਦੀ ਬਿਹਤਰੀ ਲਈ 40 ਲੱਖ ਪੌਂਡ ਦੇ ਫੰਡਜਾਰੀ ਕੀਤੇ ਹਨ ਤਾਂ ਜੋ ਸੜਕਾਂ ਦੀ ਖੁਦਾਈ ਕੀਤੇ ਬਿਨਾਂ ਹਾਈ ਸਪੀਡ ਇੰਟਰਨੈੱਟ ਆਦਿ ਦੀ ਸਹੂਲਤ ਦੂਰ ਦੁਰਾਡੇ ਦੇ ਘਰਾਂ ਤੱਕ ਪਹੁੰਚਾਉਣ ਵਿੱਚ ਸਹਾਇਤਾ ਕੀਤੀਜਾ ਸਕੇ।

ਇਸ ਰਾਸ਼ੀ ਦੀ ਵਰਤੋਂ ਪਾਈਪਾਂ ਵਿੱਚ ਮਾਨੀਟਰਾਂ ਦੀ ਜਾਂਚ ਕਰਨ ਲਈ ਵੀ ਕੀਤੀ ਜਾਵੇਗੀ ਜੋ ਕਿ ਪਾਣੀ ਕੰਪਨੀਆਂ ਨੂੰ ਲੀਕ ਦੀ ਪਛਾਣ ਅਤੇ ਮੁਰੰਮਤ ਵਿੱਚ ਹੋਰ ਤੇਜ਼ੀ ਨਾਲ ਮਦਦ ਕਰ ਸਕਦੀ ਹੈ।

ਯੂਕੇ ਸਰਕਾਰ ਅਨੁਸਾਰ ਜਮੀਨੀ ਬੁਨਿਆਦੀ ਢਾਂਚੇ ਦੇ ਕੰਮ, ਖਾਸ ਕਰਕੇ ਨਵੇਂ ਖੰਭਿਆਂ ਆਦਿ ਨੂੰ ਲਗਾਉਣ ਵਿੱਚ ਜਿਆਦਾ ਖਰਚ ਦੀ ਸੰਭਾਵਨਾ ਰਹਿੰਦੀ ਹੈ।ਇਹ ਪ੍ਰੋਜੈਕਟ ਉਨ੍ਹਾਂ ਖਰਚਿਆਂ ਨੂੰ ਘਟਾਉਣ ਲਈ ਤਿਆਰ ਕੀਤਾ ਗਿਆ ਹੈ ਅਤੇ ਪੇਂਡੂ ਖੇਤਰਾਂ ਵਿੱਚ ਬ੍ਰਾਡਬੈਂਡ ਅਤੇ ਮੋਬਾਈਲ ਸਿਗਨਲਾਂ ਨੂੰ ਬਿਹਤਰ ਬਣਾਉਣ ਦੀ ਯੋਜਨਾ ਦਾ ਹਿੱਸਾ ਹੈ। ਇਸ ਲਈ ਅਰਜ਼ੀਆਂ 4 ਅਕਤੂਬਰ ਤੱਕ ਦਿੱਤੀਆਂ ਜਾ ਸਕਦੀਆਂ ਹਨ।

ਇਸਦੇ ਇਲਾਵਾ ਬਿਜਲੀ ਅਤੇ ਗੈਸ ਕੰਪਨੀਆਂ, ਪਾਣੀ ਅਤੇ ਸੀਵਰ ਨੈਟਵਰਕ ਅਤੇ ਦੂਰਸੰਚਾਰ ਗਰੁੱਪਾਂ ਕੋਲ ਇਸ ਪ੍ਰੋਜੈਕਟ ਦੀ ਵੰਡ ਨੂੰ ਸੌਖਾ ਬਣਾਉਣ ਲਈ ਨਿਯਮਾਂ ਨੂੰ ਬਦਲਣ ਬਾਰੇ ਸਲਾਹ -ਮਸ਼ਵਰੇ ਦਾ ਜਵਾਬ ਦੇਣ ਲਈ 4 ਸਤੰਬਰ ਤੱਕ ਦਾ ਸਮਾਂ ਹੈ।

ਯੂਕੇ ਦੀਆਂ 96% ਤੋਂ ਵੱਧ ਇਮਾਰਤਾਂ ਵਿੱਚ ਪਹਿਲਾਂ ਹੀ ਸੁਪਰਫਾਸਟ ਬ੍ਰਾਡਬੈਂਡ ਦੀ ਪਹੁੰਚ ਹੈ, ਜੋ ਘੱਟੋ ਘੱਟ 24 ਐਮ ਬੀ ਪੀ ਐਸ ਦੀ ਡਾਉਨਲੋਡ ਸਪੀਡ ਪ੍ਰਦਾਨ ਕਰਦੀ ਹੈ, ਸਰਕਾਰ ਦੇ ਅਨੁਸਾਰ, ਸਿਰਫ 12% ਯੂਕੇ ਕੋਲ ਫੁੱਲ-ਫਾਈਬਰ ਬ੍ਰਾਂਡਬੈਂਡ ਦੁਆਰਾ ਤੇਜ਼ ਸਪੀਡ ਦੀ ਪਹੁੰਚ ਹੈ।


ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)