ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) –
ਯੂਕੇ ਦੀਆਂ ਫੌਜਾਂ ਦੀ ਅਫਗਾਨਿਸਤਾਨ ਵਿੱਚ ਤਾਇਨਾਤੀ ਦੇ ਵਕਫੇ ਦੌਰਾਨ, ਅੱਤਵਾਦੀਆਂ ਨਾਲ ਹੋਈਆਂ ਲੜਾਈਆਂ ਵਿੱਚ ਅਫਗਾਨੀ ਨਾਗਰਿਕਾਂ ਦੀਆਂ ਮੌਤਾਂ ਵੀ ਹੋਈਆਂ ਹਨ। ਇਹਨਾਂ ਮੌਤਾਂ ਦੇ ਹਰਜਾਨੇ ਵਜੋਂ ਰਿਪੋਰਟਾਂ ਦੇ ਅਨੁਸਾਰ ਯੂਕੇ ਸਰਕਾਰ ਦੁਆਰਾ ਲੱਖਾਂ ਪੌਂਡ ਦਾ ਮੁਆਵਜ਼ਾ ਵੀ ਦਿੱਤਾ ਗਿਆ ਹੈ। ਇਸ ਸਬੰਧੀ ਅਧਿਕਾਰਤ ਅੰਕੜਿਆਂ ਦੇ ਅਨੁਸਾਰ ਯੂਕੇ ਸਰਕਾਰ ਨੇ ਅਫਗਾਨਿਸਤਾਨ ਵਿੱਚ ਹੋਈਆਂ 289 ਨਾਗਰਿਕਾਂ ਦੀ ਮੌਤ ਲਈ ਮੁਆਵਜ਼ਾ ਅਦਾ ਕੀਤਾ ਹੈ, ਜਿਨ੍ਹਾਂ ਵਿੱਚ ਘੱਟੋ ਘੱਟ 16 ਬੱਚੇ ਵੀ ਸ਼ਾਮਲ ਹਨ। ਰੱਖਿਆ ਮੰਤਰਾਲੇ ਦੇ ਦਸਤਾਵੇਜ਼ਾਂ ਦੇ ਅਨੁਸਾਰ ਬ੍ਰਿਟਿਸ਼ ਫੌਜਾਂ ਦੀ ਸ਼ਮੂਲੀਅਤ ਵਾਲੀਆਂ ਮੌਤਾਂ ਲਈ ਸਰਕਾਰ ਵੱਲੋਂ ਤਕਰੀਬਨ 688,000 ਪੌਂਡ ਮੁਆਵਜ਼ੇ ਵਜੋਂ ਦਿੱਤੇ ਗਏ ਹਨ, ਜੋ ਕਿ ਪ੍ਰਤੀ ਮੌਤ ਔਸਤਨ 2380 ਪੌਂਡ ਬਣਦਾ ਹੈ।
ਇਹ ਖੁਲਾਸਾ ਚੈਰਿਟੀ ਐਕਸ਼ਨ ਆਨ ਆਰਮਡ ਵਾਇਲੈਂਸ (ਏ ਓ ਏ ਵੀ) ਦੇ ਵਿਸ਼ਲੇਸ਼ਣ ਤੋਂ ਹੋਇਆ ਹੈ ਅਤੇ 2006 ਤੇ 2013 ਦੇ ਵਿਚਕਾਰ 189 ਘਟਨਾਵਾਂ ਵਿੱਚ ਹੋਈਆਂ ਮੌਤਾਂ ਨਾਲ ਸਬੰਧਤ ਹੈ। ਇਸ ਅਨੁਸਾਰ 240 ਜਖਮੀਆਂ ਲਈ ਵੀ ਲਗਭਗ 397,000 ਪੌਂਡ ਅਦਾ ਕੀਤੇ ਗਏ ਹਨ। ਰੱਖਿਆ ਮੰਤਰਾਲੇ (ਐਮ ਓ ਡੀ) ਨੇ ਕਿਹਾ ਕਿ ਯੂਕੇ ਹਮੇਸ਼ਾਂ ਆਪਣੀਆਂ ਪ੍ਰਕਿਰਿਆਵਾਂ ਰਾਹੀਂ ਨਾਗਰਿਕਾਂ ਦੇ ਜਾਨੀ ਨੁਕਸਾਨ ਦੇ ਜੋਖਮ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦਾ ਸੀ। ਰਿਪੋਰਟ ਅਨੁਸਾਰ ਜ਼ਿਆਦਾਤਰ ਮੌਤਾਂ ਅਫਗਾਨਿਸਤਾਨ ਦੇ ਹੇਲਮੰਡ ਵਿੱਚ ਹੋਈਆਂ ਹਨ, ਜੋ ਕਿ ਬ੍ਰਿਟੇਨ ਦੀਆਂ ਫੌਜਾਂ ਨਾਲ ਜੁੜੀਆਂ ਲੜਾਈਆਂ ਦੇ ਸਿੱਟੇ ਵਜੋਂ ਸਨ। ਇਹਨਾਂ ਮੌਤਾਂ ਵਿੱਚ ਸਭ ਤੋਂ ਛੋਟੀ ਉਮਰ ਵਿੱਚ ਦਰਜ ਕੀਤੀ ਮੌਤ ਤਿੰਨ ਸਾਲਾਂ ਦਾ ਲੜਕਾ ਸੀ, ਜਿਸਦੀ ਮੌਤ ਦਸੰਬਰ 2009 ਵਿੱਚ ਇੱਕ ਵਿਸਫੋਟਕ ਉਪਕਰਣ ਨੂੰ ਨਸ਼ਟ ਕਰਨ ਦੇ ਆਪਰੇਸ਼ਨ ਦੇ ਦੌਰਾਨ ਹੋਏ ਨਿਯੰਤਰਿਤ ਧਮਾਕੇ ਨਾਲ ਹੋਈ ਸੀ।
Comments are closed, but trackbacks and pingbacks are open.