ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂਕੇ ਇਸ ਵੇਲੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਦੀਆਂ ਚਿੰਤਾਵਾਂ ਨਾਲ ਜੂਝ ਰਿਹਾ ਹੈ। ਇਸ ਵਾਇਰਸ ਦੇ ਰੂਪ ਤੋਂ ਵਧੇਰੇ ਸੁਰੱਖਿਆ ਦੇ ਮੱਦੇਨਜ਼ਰ ਯੂਕੇ ਵਿੱਚ ਸਾਰੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਬੂਸਟਰ ਖੁਰਾਕ ਦੀ ਪੇਸ਼ਕਸ਼ ਕੀਤੀ ਜਾਵੇਗੀ। ਯੂਕੇ ਵਿੱਚ ਟੀਕਾਕਰਨ ਸਬੰਧੀ ਸਾਂਝੀ ਕਮੇਟੀ (ਜੇ ਸੀ ਵੀ ਆਈ) ਨੇ ਬੂਸਟਰ ਰੋਲਆਊਟ ਨੂੰ ਵਧਾਉਣ ਲਈ ਕਈ ਸਿਫ਼ਾਰਸ਼ਾਂ ਕੀਤੀਆਂ ਹਨ। ਜਿਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵੈਕਸੀਨ ਦੀ ਦੂਜੀ ਖੁਰਾਕ ਅਤੇ ਬੂਸਟਰ ਵਿਚਕਾਰ ਘੱਟੋ-ਘੱਟ ਅੰਤਰਾਲ ਨੂੰ ਛੇ ਮਹੀਨੇ ਤੋਂ ਘਟਾ ਕੇ ਤਿੰਨ ਮਹੀਨੇ ਕੀਤਾ ਜਾਣਾ ਚਾਹੀਦਾ ਹੈ। ਇਸਦੇ ਇਲਾਵਾ ਸਿਹਤ ਮਾਹਰਾਂ ਅਨੁਸਾਰ 12-15 ਸਾਲ ਦੀ ਉਮਰ ਦੇ ਬੱਚਿਆਂ ਨੂੰ ਵੀ ਦੂਜੀ ਖੁਰਾਕ ਲਈ ਬੁਲਾਇਆ ਜਾਣਾ ਚਾਹੀਦਾ ਹੈ। ਓਮੀਕਰੋਨ ਵਿੱਚ ਮੁੜ ਪੀੜਤ ਹੋੋਣ ਦਾ ਵਧੇਰੇ ਜੋਖਮ ਹੁੰਦਾ ਹੈ, ਪਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਪਤਾ ਲੱਗਣ ਵਿੱਚ ਲਗਭਗ ਤਿੰਨ ਹਫ਼ਤੇ ਲੱਗਣਗੇ ਕਿ ਇਹ ਵੇਰੀਐਂਟ ਵੈਕਸੀਨਾਂ ਦੀ ਪ੍ਰਭਾਵਸ਼ੀਲਤਾ ‘ਤੇ ਕਿਵੇਂ ਪ੍ਰਭਾਵ ਪਾਉਂਦਾ ਹੈ। ਇਸ ਵਾਇਰਸ ਤੋਂ ਸੁਰੱਖਿਆ ਲਈ ਸਰਕਾਰ ਨੇ ਇਕਾਂਤਵਾਸ ਦੇ ਨਵੇਂ ਨਿਯਮਾਂ ਦਾ ਐਲਾਨ ਕੀਤਾ ਹੈ ਅਤੇ ਇੰਗਲੈਂਡ ਵਿੱਚ ਦੁਕਾਨਾਂ ਅਤੇ ਜਨਤਕ ਆਵਾਜਾਈ ‘ਤੇ ਚਿਹਰੇ ਦੇ ਮਾਸਕ ਲਾਜ਼ਮੀ ਹੋਣਗੇ। ਅੰਕੜਿਆਂ ਅਨੁਸਾਰ ਯੂਕੇ ਵਿੱਚ ਓਮੀਕਰੋਨ ਦੇ ਤਕਰੀਬਨ ਗਿਆਰਾਂ ਕੇਸਾਂ ਦਾ ਪਤਾ ਲਗਾਇਆ ਗਿਆ ਹੈ। ਜੇ ਸੀ ਵੀ ਆਈ ਦੁਆਰਾ ਇਹ ਸਲਾਹ ਯੂਕੇ ਦੇ ਸਾਰੇ ਹਿੱਸਿਆਂ ਵਿੱਚ ਮੰਤਰੀਆਂ ਨੂੰ ਦਿੱਤੀ ਗਈ ਹੈ ਅਤੇ ਇਹਨਾਂ ਉਪਾਵਾਂ ਬਾਰੇ ਅੰਤਮ ਫੈਸਲਾ ਸਿਆਸਤਦਾਨਾਂ ‘ਤੇ ਨਿਰਭਰ ਹੈ। ਹੁਣ ਤੱਕ, ਇੰਗਲੈਂਡ, ਸਕਾਟਲੈਂਡ ਅਤੇ ਵੇਲਜ਼ ਦੇ ਮੰਤਰੀਆਂ ਨੇ ਕਿਹਾ ਹੈ ਕਿ ਉਹ ਇਹਨਾਂ ਸਿਫਾਰਸ਼ਾਂ ਦੀ ਪਾਲਣਾ ਕਰਨਗੇ, ਅਤੇ ਉੱਤਰੀ ਆਇਰਲੈਂਡ ਤੋਂ ਵੀ ਇਸ ਨੂੰ ਸਵੀਕਾਰ ਕਰਨ ਦੀ ਉਮੀਦ ਹੈ।
2021-12-01
Comments are closed, but trackbacks and pingbacks are open.