ਯੂਕਰੇਨ ਦੇ 1000 ਤੋਂ ਵੱਧ ਸ਼ਰਨਾਰਥੀਆਂ ਨੇ ਸੁਪਰ ਸਪਾਂਸਰ ਸਕੀਮ ਲਈ ਦਿੱਤੀ ਅਰਜ਼ੀ

ਯੂਕਰੇਨ ਤੋਂ ਆਉਣ ਵਾਲੇ 52 ਯਤੀਮ ਬੱਚੇ ਸਕਾਟਲੈਂਡ ਪਹੁੰਚੇ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਸਰਕਾਰ ਵੱਲੋਂ ਯੂਕਰੇਨ ਦੇ ਸ਼ਰਨਾਰਥੀਆਂ ਨੂੰ ਪਨਾਹ ਦੇਣ ਲਈ ਸੁਪਰ ਸਪਾਂਸਰ ਦੇ ਤੌਰ ‘ਤੇ ਹਾਮੀ ਭਰੀ ਗਈ ਸੀ। ਜਿਸ ਤਹਿਤ ਤਾਜ਼ਾ ਅੰਕੜਿਆਂ ਅਨੁਸਾਰ, ਹੁਣ ਤੱਕ 1,000 ਤੋਂ ਵੱਧ ਯੂਕਰੇਨੀ ਨਾਗਰਿਕਾਂ  ਨੇ ਸਕਾਟਲੈਂਡ ਵਿੱਚ ਸ਼ਰਨ ਲੈਣ ਲਈ ਅਰਜ਼ੀ ਦਿੱਤੀ ਹੈ। ਸਕਾਟਿਸ਼ ਸਰਕਾਰ ਇੱਕ “ਸੁਪਰ-ਸਪਾਂਸਰ” ਵਜੋਂ ਕੰਮ ਕਰ ਰਹੀ ਹੈ ਜਿਸਦਾ ਮਤਲਬ ਹੈ ਕਿ ਇੱਥੇ ਆਉਣ ਦੀ ਚੋਣ ਕਰਨ ਵਾਲੇ ਕਿਸੇ ਵੀ ਸ਼ਰਨਾਰਥੀ ਨੂੰ ਆਉਣ ਤੋਂ ਪਹਿਲਾਂ ਕਿਸੇ ਵਿਅਕਤੀਗਤ ਸਪਾਂਸਰ ਦਾ ਨਾਮ ਦੇਣ ਦੀ ਲੋੜ ਨਹੀਂ। 

ਸਕਾਟਿਸ਼ ਸਰਕਾਰ ਨੇ ਗਲਾਸਗੋ, ਐਡਿਨਬਰਾ ਅਤੇ ਕੈਰਨਰਿਅਨ ਵਿੱਚ ਤਿੰਨ ਨਵੇਂ ਸੁਆਗਤ ਕੇਂਦਰਾਂ ਦੀ ਘੋਸ਼ਣਾ ਕੀਤੀ ਜੋ ਕਿ ਇਹਨਾਂ ਲੋਕਾਂ ਨੂੰ ਭੋਜਨ, ਅਨੁਵਾਦ ਸੇਵਾਵਾਂ ਅਤੇ ਟਰਾਮਾ ਸਹਾਇਤਾ ਪ੍ਰਦਾਨ ਕਰਨਗੇ। ਨਿਕੋਲਾ ਸਟਰਜਨ ਅਨੁਸਾਰ ਉਹ ਯੂਕਰੇਨ ਤੋੋਂ ਆਉਣ ਵਾਲਿਆਂ ਦਾ ਸਭ ਤੋਂ ਨਿੱਘਾ ਸਵਾਗਤ ਕਰਨ ਲਈ ਤਿਆਰ ਹਨ ਅਤੇ ਯੂਕਰੇਨੀਅਨ ਸੁਰੱਖਿਆ ਲਈ ਬਹੁਤ ਸਾਰੇ ਭਾਈਵਾਲਾਂ ਨਾਲ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।

ਹੋਲੀਰੂਡ ਦੀ ਬਾਹਰੀ ਮਾਮਲਿਆਂ ਦੀ ਕਮੇਟੀ ਨੂੰ ਬੋਲਦੇ ਹੋਏ, ਜਸਟ ਰਾਈਟ ਸਕਾਟਲੈਂਡ ਦੇ ਕਾਨੂੰਨੀ ਨਿਰਦੇਸ਼ਕ, ਐਂਡੀ ਸਿਰੇਲ ਨੇ ਕਿਹਾ ਕਿ ਨਵੀਨਤਮ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਯੂਕਰੇਨੀ ਵੀਜ਼ਾ ਸਕੀਮਾਂ ਲਈ 66,000 ਅਰਜ਼ੀਆਂ ਵਿੱਚੋਂ 15,800 ਵੀਜ਼ੇ ਦਿੱਤੇ ਗਏ ਹਨ ਜੋ ਕਿ 24 ਫਰਵਰੀ ਨੂੰ ਰੂਸੀ ਹਮਲੇ ਤੋਂ ਬਾਅਦ ਯੂਕਰੇਨ ਤੋਂ ਆਉਣ ਵਾਲੇ ਲੋਕਾਂ ਦਾ ਸਿਰਫ 0.4 ਪ੍ਰਤੀਸ਼ਤ ਹੈ। ਯੂਕਰੇਨ ਦੇ 52 ਯਤੀਮ ਬੱਚੇ ਯੂਕੇ ਦੀ ਧਰਤੀ ‘ਤੇ ਪਹੁੰਚ ਚੁੱਕੇ ਹਨ। ਇਹ ਬੱਚੇ ਅਤੇ ਉਹਨਾਂ ਦੀ ਦੇਖਭਾਲ ਕਰਨ ਵਾਲੇ  ਹੀਥਰੋ ਹਵਾਈ ਅੱਡੇ ‘ਤੇ ਉੱਤਰੇ। ਸੇਵ ਏ ਚਾਈਲਡ ਅਤੇ ਡਨੀਪਰੋ ਕਿਡਜ਼ ਚੈਰਿਟੀ ਸੰਸਥਾਵਾਂ ਦੇ ਉੱਦਮ ਨਾਲ ਨੇਪਰੇ ਚੜ੍ਹੇ ਇਸ ਪ੍ਰਾਜੈਕਟ ਅਧੀਨ ਇਹਨਾਂ ਬੱਚਿਆਂ ਨੇ ਪੋਲੈਂਡ ਰਾਹੀਂ ਅੱਗੇ ਤੁਰਨਾਂ ਸੀ ਪਰ ਕਾਗਜ਼ੀ ਕਾਰਵਾਈ ‘ਚ ਦੇਰੀ ਕਾਰਨ ਉਹਨਾਂ ਦਾ ਯੂਕੇ ਸੰਭਵ ਨਹੀਂ ਸੀ ਹੋ ਸਕਿਆ।

ਡਨੀਪਰੋ ਕਿਡਜ਼ ਅਪੀਲ ਵੱਲੋਂ ਆਪਣੇ ਟਵਿੱਟਰ ਖਾਤੇ ਰਾਹੀਂ ਹੈਲੋ ਸਕਾਟਲੈਂਡ ਲਿਖ ਕੇ ਪਹੁੰਚਣ ਦਾ ਇਸ਼ਾਰਾ ਕੀਤਾ ਗਿਆ। ਇਸਦੇ ਨਾਲ ਹੀ ਐੱਸ ਐੱਨ ਪੀ ਵੈਸਟਮਿਨਸਟਰ ਲੀਡਨ ਈਅਨ ਬਲੈਕਫੋਰਡ ਨੇ ਇਹਨਾਂ ਪਲਾਂ ਨੂੰ ਭਾਵੁਕ ਪਲ ਦੱਸਦਿਆਂ ਕਿਹਾ ਕਿ ਇਹ ਬੱਚੇ ਇੱਥੇ ਸੁਰੱਖਿਅਤ ਮਹਿਸੂਸ ਕਰਨਗੇ। ਹੋਮ ਸੈਕਰੇਟਰੀ ਪਰੀਤੀ ਪਟੇਲ ਨੇ ਵੀ ਬੱਚਿਆਂ ਨੂੰ ਜੀ ਆਇਆਂ ਕਹਿੰਦਿਆਂ ਯੂਕੇ ਹੋਮ ਆਫ਼ਿਸ, ਸਕਾਟਲੈਂਡ ਸਰਕਾਰ ਤੇ ਵਰਜਿਨ ਐਟਲਾਂਟਿਕ ਦਾ ਧੰਨਵਾਦ ਕੀਤਾ ਹੈ।

Comments are closed, but trackbacks and pingbacks are open.