ਯਮਲਾ ਜੱਟ ਪਰਿਵਾਰ ਦੇ ਹੀਰੇ ਵਿਜੇ ਯਮਲਾ ਦਾ ਸਨਮਾਨ 

ਸਕਾਟਲੈਂਡ ਦੀ ਜੰਮਪਲ ਦੀਪੀ ਗਿੱਲ ਨੇ ਵਿਜੇ ਯਮਲਾ ਦੀ ਹੱਥੀਂ ਤਿਆਰ ਕਰਕੇ ਤਸਵੀਰ ਭੇਂਟ ਕੀਤੀ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਪੰਜਾਬੀ ਸੰਗੀਤ ਜਗਤ ਵਿੱਚ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੇ ਪਰਿਵਾਰ ਦਾ ਨਾਂ ਸਤਿਕਾਰ ਸਹਿਤ ਲਿਆ ਜਾਂਦਾ ਹੈ।ਆਪਣੇ ਦਾਦਾ ਜੀ ਦੀ ਸੰਗੀਤਕ ਵਿਰਾਸਤ ਨੂੰ ਉਹਨਾਂ ਦੇ ਪੋਤਰੇ ਅੱਗੇ ਤੋਰ ਹਰੇ ਹਨ।

ਵਿਜੇ ਯਮਲਾ ਉਹਨਾਂ ਦਾ ਬਹੁਪੱਖੀ ਕਲਾਕਾਰ ਪੋਤਰਾ ਹੈ ਜੋ ਗਾਉਣ ਦੇ ਨਾਲ ਨਾਲ ਅਣਗਿਣਤ ਸਾਜ਼ਾਂ ਦਾ ਗਿਆਤਾ ਵੀ ਹੈ।

ਬੀਤੇ ਦਿਨ ਵਿਜੇ ਯਮਲਾ ਯੂਕੇ ਦੀ ਫੇਰੀ ‘ਤੇ ਆਏ ਤਾਂ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ‘ਪੰਜ ਦਰਿਆ’ ਵੱਲੋਂ ਵਿਸ਼ੇਸ਼ ਸਨਮਾਨ ਸਮਾਗਮ ਦਾ ਪ੍ਰਬੰਧ ਕੀਤਾ ਗਿਆ।

ਇਸ ਦੌਰਾਨ ਵਿਜੇ ਯਮਲਾ ਦੇ ਨਾਲ ਵਿਸ਼ਵ ਪ੍ਰਸਿੱਧ ਢੋਲੀ ਨਰੇਸ਼ ਕੁਮਾਰ ਕੁੱਕੀ ਤੇ ਕੁਲਦੀਪ ਸਿੰਘ ਜੋਧਾਂ ਵੀ ਵਿਸ਼ੇਸ਼ ਤੌਰ ‘ਤੇ ਪਧਾਰੇ।

ਇਸ ਸਮੇਂ ਜਿੱਥੇ ਪੰਜ ਦਰਿਆ ਟੀਮ ਵੱਲੋਂ ਵਿਜੇ ਯਮਲਾ, ਕੁਲਦੀਪ ਸਿੰਘ ਜੋਧਾਂ ਤੇ ਨਰੇਸ਼ ਕੁਮਾਰ ਕੁੱਕੀ ਦੀਆਂ ਸੱਭਿਆਚਾਰਕ ਖੇਤਰ ਵਿੱਚ ਸੇਵਾਵਾਂ ਦੇ ਮਾਣ ਵਜੋਂ ਸਨਮਾਨ ਕੀਤਾ ਗਿਆ ਉੱਥੇ ਸਕਾਟਲੈਂਡ ਦੀ ਜੰਮਪਲ ਚਿਤਰਕਾਰਾ ਦੀਪੀ ਗਿੱਲ ਵੱਲੋਂ ਵਿਜੇ ਯਮਲਾ ਦਾ ਆਪਣੇ ਹੱਥੀਂ ਤਿਆਰ ਕੀਤਾ ਪੈਨਸਿਲ ਸਕੈੱਚ ਭੇਂਟ ਕੀਤਾ ਗਿਆ।

ਇਸ ਸਮੇਂ ਜੁੜੀ ਸੰਗੀਤਕ ਮਹਿਫ਼ਲ ਦੌਰਾਨ ਵਿਜੇ ਯਮਲਾ ਨੇ ਆਪਣੇ ਦਾਦਾ ਜੀ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੇ ਗੀਤ ਗਾਕੇ ਮਾਹੌਲ ਨੂੰ ਰੰਗੀਨ ਕੀਤਾ। ਸਕਾਟਲੈਂਡ ਦੇ ਵਸਨੀਕ ਗਾਇਕ ਕਰਮਜੀਤ ਮੀਨੀਆਂ ਨੇ ਵੀ ਆਪਣੇ ਗੀਤ ਡੋੋੋਲੀ ਰਾਹੀਂ ਹਾਜ਼ਰੀ ਲਗਵਾਈ।

ਇਸ ਸਮੇਂ ਸੰਬੋਧਨ ਦੌਰਾਨ ਲੇਖਕ ਤੇ ਸ਼ਾਇਰ ਗਿੱਲ ਦੋਦਾ ਗਲਾਸਗੋ ਨੇ ਕਿਹਾ ਕਿ ਯਮਲਾ ਜੱਟ ਪਰਿਵਾਰ ਵੱਲੋਂ ਸੰਗੀਤ ਦੇ ਖੇਤਰ ਵਿੱਚ ਪਾਏ ਯੋਗਦਾਨ ਅੱਗੇ ਦੁਨੀਆਂ ਦਾ ਹਰ ਸਨਮਾਨ ਛੋਟਾ ਹੈ।

ਸਨਮਾਨ ਉਪਰੰਤ ਬੋਲਦਿਆਂ ਵਿਜੇ ਯਮਲਾ ਨੇ ਦੀਪੀ ਗਿੱਲ ਵੱਲੋਂ ਭੇਂਟ ਕੀਤੀ ਤਸਵੀਰ ਨੂੰ ਆਪਣੇ ਦਾਦਾ ਜੀ ਦਾ ਸਨਮਾਨ ਕਿਹਾ।ਉਹਨਾਂ ਇਸ ਸਮਾਗਮ ਸੰਬੰਧੀ ਪੰਜ ਦਰਿਆ ਟੀਮ ਅਤੇ ਰੁਝੇਵਿਆਂ ਚੋਂ ਸਮਾਂ ਕੱਢ ਕੇ ਪਹੁੰਚੇ ਹਰ ਸਖਸ਼ ਦਾ ਧੰਨਵਾਦ ਕੀਤਾ।ਇਸ ਸਮੇਂ ਚਿਤਰਕਾਰਾ ਦੀਪੀ ਗਿੱਲ ਦਾ ਵੀ ਪੰਜ ਦਰਿਆ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।

Comments are closed, but trackbacks and pingbacks are open.