ਦੋ ਜ਼ਖ਼ਮੀ ਤੇ ਪੁਲਿਸ ਵਲੋਂ ਦੋ ਗ੍ਰਿਫ਼ਤਾਰ
ਸਾਊਥਾਲ – ਬੀਤੇ ਮੰਗਲਵਾਰ ਭਾਰਤ ਦੇ ਅਜ਼ਾਦੀ ਦਿਹਾੜੇ ਮੌਕੇ ਸਾਊਥਾਲ ਬ੍ਰਾਡਵੇਅ ਵਿਖੇ ਛੁਰੇਬਾਜ਼ੀ ਕਾਰਨ ਦੋ ਬੰਦੇ ਜ਼ਖ਼ਮੀ ਹੋ ਗਏ ਜਦਕਿ ਪੁਲਿਸ ਵਲੋਂ ਦੋ ਬੰਦੇ ਗ੍ਰਿਫ਼ਤਾਰ ਕੀਤੇ ਜਾਣ ਦੀ ਸੂਚਨਾ ਹੈ।
ਪੁਲਿਸ ਅਨੁਸਾਰ ਮੰਗਲਵਾਰ 15 ਅਗਸਤ ਨੂੰ ਸ਼ਾਮੀਂ ਕਰੀਬ 10 ਵਜੇ ਕੁਝ ਲੋਕ ਤਿਰੰਗੇ ਝੰਡੇ ਲੈ ਕੇ ਭਾਰਤ ਦਾ ਅਜ਼ਾਦੀ ਦਿਵਸ ਮਨਾ ਰਹੇ ਸਨ ਜਿਨ੍ਹਾਂ ਦੀ ਵੱਖ ਵਿਚਾਰਾਂ ਵਾਲੇ ਬੰਦਿਆਂ ਨਾਲ ਝੜੱਪ ਹੋ ਗਈ ਜਿਸ ਦੌਰਾਨ ਤਲਵਾਰ ਜਾਂ ਛੁਰੇ ਦੀ ਵਰਤੋਂ ਕੀਤੀ ਗਈ। ਇਸ ਝੜੱਪ ਵਿੱਚ ਕਰੀਬ 30 ਸਾਲਾ ਦੋ ਬੰਦੇ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਜਿਨ੍ਹਾਂ ਦੀ ਹਾਲਤ ਠੀਕ ਦੇਖਦੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਇਸ ਮੌਕੇ ਹਮਲਾਵਾਰਾਂ ਨੂੰ ਗ੍ਰਿਫ਼ਤਾਰ ਕਰਨ ਮੌਕੇ ਮਹਿਲਾ ਪੁਲਿਸ ਅਫ਼ਸਰ ਦੇ ਵੀ ਚੋਟ ਲੱਗ ਗਈ ਸੀ।
ਇਸ ਮੌਕੇ ਪੁਲਿਸ ਵਲੋਂ ਇਕ 20 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਨੂੰ ਅਗਲੇਰੀ ਤਫਤੀਸ਼ ਤੱਕ ਪੁਲਿਸ ਜ਼ਮਾਨਤ ਦਿੱਤੀ ਗਈ ਜਦਕਿ ਇਲਫਰਡ ਦੇ 25 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਨੂੰ 7 ਦੋਸ਼ਾਂ ਹੇਠ ਗ੍ਰਿਫ਼ਤਾਰ ਕਰਕੇ ਅਕਸਬ੍ਰਿਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਗੁਰਪ੍ਰੀਤ ਸਿੰਘ ਨੂੰ ਆਈਜ਼ਲਵਰਥ ਕਰਾਊਨ ਕੋਰਟ ਵਿੱਚ 14 ਸਤੰਬਰ 2023 ਦੀ ਅਗਲੀ ਪੇਸ਼ੀ ਤੱਕ ਪੁਲਿਸ ਰਿਮਾਂਡ ਹੇਠ ਰੱਖਣ ਦੇ ਹੁਕਮ ਦਿੱਤੇ ਹਨ।
ਈਲਿੰਗ ਪੁਲਿਸ ਦੇ ਮੁਖੀ ਸ਼ੀਨ ਲਿੰਚ ਨੇ ਲੋਕਾਂ ਨੂੰ ਸ਼ੋਸ਼ਲ ਮੀਡੀਆ ’ਤੇ ਅਫ਼ਵਾਹਾਂ ਫੈਲਾਉਣ ਤੋਂ ਗੁਰੇਜ਼ ਕਰਨ ਲਈ ਕਿਹਾ ਹੈ।
Comments are closed, but trackbacks and pingbacks are open.