ਭਾਰਤ ਅਤੇ ਬਰਤਾਨੀਆ ਵਲੋਂ ਵਿਦਿਆਰਥੀਆਂ ਦੇ ਤਬਾਦਲੇ ਵਾਲੀ ਸਕੀਮ ਸ਼ੁਰੂ

ਵਿਦਿਆਰਥੀ 2 ਸਾਲ ਤੱਕ ਇਕ ਦੂਜੇ ਦੇ ਦੇਸ਼ ਵਿੱਚ ਰਹਿ ਸਕਣਗੇ

ਲੰਡਨ – ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਨੇ 28 ਫ਼ਰਵਰੀ ਨੂੰ ਨਵੀਂ ਯੰਗ ਪ੍ਰੋਫੈਸ਼ਨਲ ਸਕੀਮ (ਵਾਈਪੀਐਸ) ਤਹਿਤ ਅਪਲਾਈ ਕਰਨ ਵਾਲੇ ਬਿ੍ਰਟੇਨ ਦੇ ਨੌਜਵਾਨਾਂ ਲਈ ਵੀਜ਼ਾ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਇਸੇ ਤਰ੍ਹਾਂ ਨਵੀਂ ਦਿੱਲੀ ਸਥਿਤ ਬਿ੍ਰਟਿਸ਼ ਹਾਈ ਕਮਿਸ਼ਨ ਨੇ ਭਾਰਤੀ ਗ੍ਰੈਜੂਏਟਾਂ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪਿਛਲੇ ਸਾਲ ਨਵੰਬਰ ’ਚ ਦੋਹਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਦੇ ਤਹਿਤ 18 ਤੋਂ 30 ਸਾਲ ਦੀ ਉਮਰ ਦੇ ਭਾਰਤੀ ਅਤੇ ਬਿ੍ਰਟਿਸ਼ ਨਾਗਰਿਕ ਦੋ ਸਾਲ ਤੱਕ ਇਕ ਦੂਜੇ ਦੇ ਦੇਸ਼ ’ਚ ਰਹਿਣ ਅਤੇ ਕੰਮ ਕਰਨ ਲਈ ਅਪਲਾਈ ਕਰ ਸਕਦੇ ਹਨ।
ਸਕੀਮ ਦੇ ਤਹਿਤ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਬਿਨੈਕਾਰਾਂ ਲਈ ਕੁਝ ਮਾਪਦੰਡ ਹਨ, ਜਿਸ ਵਿੱਚ ਬੈਚਲਰ ਡਿਗਰੀ ਹੋਣਾ ਅਤੇ ਉਨ੍ਹਾਂ ਦੇ ਠਹਿਰਣ ਲਈ ਲੋੜੀਂਦੇ ਫੰਡ ਹੋਣਾ ਸ਼ਾਮਲ ਹੈ। ਯੂ.ਕੇ ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੇ ਟਵਿੱਟਰ ’ਤੇ ਇਸ ਸਕੀਮ ਦੀ ਸ਼ੁਰੂਆਤ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ‘‘ਲਗਭਗ ਇਕ ਮਹੀਨਾ ਪਹਿਲਾਂ ਐਲਾਨੀ ਗਈ ਯੰਗ ਪ੍ਰੋਫੈਸ਼ਨਲ ਸਕੀਮ ਦੇ ਤਹਿਤ ਭਾਰਤ ਅਤੇ ਬਿ੍ਰਟੇਨ ਦੇ ਨੌਜਵਾਨ ਇਕ ਵਾਰ ’ਚ ਦੋ ਸਾਲਾਂ ਲਈ ਇਕ-ਦੂਜੇ ਦੇ ਦੇਸ਼ ’ਚ ਜਾ ਸਕਦੇ ਹਨ।’’ ਉਨ੍ਹਾਂ ਕਿਹਾ ਕਿ ‘‘ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇਹ ਸਕੀਮ 28 ਫ਼ਰਵਰੀ ਤੋਂ ਸ਼ੁਰੂ ਹੋ ਗਈ ਹੈ। ਅਸੀਂ ਇਸਨੂੰ ਯੂ.ਕੇ ਆਉਣ ਵਾਲੇ ਭਾਰਤੀਆਂ ਅਤੇ ਭਾਰਤ ਜਾਣ ਵਾਲੇ ਬਿ੍ਰਟਿਸ਼ ਨਾਗਰਿਕਾਂ ਲਈ ਕ੍ਰਮਵਾਰ ਦਿੱਲੀ ਅਤੇ ਲੰਡਨ ਵਿੱਚ ਇੱਕੋਂ ਸਮੇਂ ਲਾਂਚ ਕਰ ਦਿੱਤਾ ਹੈ।

ਮਸ਼ਹੂਰ ਵਕੀਲ ਗੁਰਪਾਲ ਉੱਪਲ ਅਨੁਸਾਰ ਭਾਰਤੀ ਹਾਈ ਕਮਿਸ਼ਨ ਦੀ ਵੈਬਸਾਈਟ ’ਤੇ ਬਿਨੈਕਾਰਾਂ ਦੇ ਵੇਰਵਿਆਂ ਦੇ ਨਾਲ ਸੂਚਨਾ ਨੂੰ ਅਪਡੇਟ ਕੀਤਾ ਗਿਆ ਹੈ ਅਤੇ 720 ਪੌਂਡ ਦੀ ਫ਼ੀਸ ਰੱਖੀ ਗਈ ਹੈ। ਅਰਜ਼ੀ ਈ-1 ਵੀਜ਼ਾ ਤਹਿਤ ਵੀ.ਐਫ.ਐਸ ਗਲੋਬਲ ਵੀਜ਼ਾ ਸੇਵਾ ਪ੍ਰਦਾਤਾ ਰਾਹੀਂ ਕੀਤੀ ਜਾਣੀ ਹੈ। ਹਰੇਕ ਬਿਨੈਕਾਰ ਨੂੰ ਬਿਨੈ-ਪੱਤਰ ਜਮ੍ਹਾਂ ਕਰਨ ਦੇ ਸਮੇਂ ਘੱਟੋ-ਘੱਟ 30 ਦਿਨਾਂ ਦੀ ਮਿਆਦ ਲਈ 2,50,000 ਰੁਪਏ ਦੇ ਬਰਾਬਰ ਫੰਡ ਦਿਖਾਉਣ ਦੀ ਲੋੜ ਹੋਵੇਗੀ। ਭਾਰਤੀ ਹਾਈ ਕਮਿਸ਼ਨ ਦੀ ਵੈੱਬਸਾਈਟ ਦੇ ਅਨੁਸਾਰ ਸਫ਼ਲ ਬਿਨੈਕਾਰ ਆਪਣੀ ਰਿਹਾਇਸ਼ ਦੌਰਾਨ ਮਨੋਨੀਤ ਖੇਤਰ ਵਿੱਚ ਨੌਕਰੀਆਂ ਲੈ ਸਕਦੇ ਹਨ। ਹਾਲਾਂਕਿ ਰੱਖਿਆ, ਦੂਰਸੰਚਾਰ, ਪੁਲਾੜ ਤਕਨਾਲੋਜੀ, ਰਣਨੀਤਕ ਬੁਨਿਆਦੀ ਢਾਂਚਾ, ਨਾਗਰਿਕ ਹਵਾਬਾਜ਼ੀ, ਮਨੁੱਖੀ ਅਧਿਕਾਰ, ਪਰਮਾਣੂ ਊਰਜਾ ਅਤੇ ਵਾਤਾਵਰਣ ਨਾਲ ਸਬੰਧਤ ਪ੍ਰੋਜੈਕਟਾਂ ਨੂੰ ਇਸ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ।
ਨਵੀਂ ਦਿੱਲੀ ਵਿੱਚ ਬਿ੍ਰਟਿਸ਼ ਹਾਈ ਕਮਿਸ਼ਨ 2400 ਵੀਜ਼ੇ ਪਹਿਲੇ ਪੜਾਅ ਵਿੱਚ ਪਰਸਪਰ ਯੋਜਨਾ ਦੇ ਤਹਿਤ ਯੋਗ ਭਾਰਤੀਆਂ ਨੂੰ ਪ੍ਰਦਾਨ ਕਰੇਗਾ। ਇਸ ਦੀ ਪ੍ਰਕਿਰਿਆ ਮੰਗਲਵਾਰ ਦੁਪਹਿਰ ਤੋਂ ਸ਼ੁਰੂ ਹੋਈ ਅਤੇ 2 ਮਾਰਚ ਤੱਕ ਜਾਰੀ ਰਹੇਗੀ। ਇਸ ਪ੍ਰਕਿਰਿਆ ਵਿੱਚ ਸਫ਼ਲ ਹੋਣ ਵਾਲੇ ਉਮੀਦਵਾਰ ਅਗਲੇ ਪੜਾਅ ਵਿੱਚ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਵੀਜ਼ਾ ਲਈ ਅਪਲਾਈ ਕਰਨ ਦੇ ਯੋਗ ਹੋਣਗੇ। ਸਫ਼ਲ ਉਮੀਦਵਾਰ ਨੂੰ ਵੀਜ਼ਾ ਲਈ ਅਰਜ਼ੀ ਦੇਣ ਦੇ ਛੇ ਮਹੀਨਿਆਂ ਦੇ ਅੰਦਰ ਯੂ.ਕੇ ਦੀ ਯਾਤਰਾ ਕਰਨੀ ਹੋਵੇਗੀ।

Comments are closed, but trackbacks and pingbacks are open.