ਭਾਰਤੀ ਹਾਈ ਕਮਿਸ਼ਨ ’ਤੇ ਹਮਲੇ ਦੇ ਦੋਸ਼ ਵਿੱਚ ਹੰਸਲੋਂ ਦਾ ਗਾਬਾ ਭਾਰਤ ਵਿੱਚ ਗ੍ਰਿਫ਼ਤਾਰ

ਪਿਛਲੇ ਸਾਲ ਅਟਾਰੀ ਬਾਰਡਰ ਤੋਂ ਹਿਰਾਸਤ ਵਿੱਚ ਲਿਆ ਸੀ

ਲੰਡਨ – ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਬੀਤੇ ਸਾਲ ਮਾਰਚ ਵਿਚ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ’ਤੇ ਹੋਏ ਹਮਲੇ ਦੇ ਸਬੰਧ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨੂੰ ਬੀਤੇ ਸਾਲ ਪਾਕਿਸਤਾਨ ਤੋਂ ਭਾਰਤ ਵਿਚ ਦਾਖਲ ਹੁੰਦੇ ਸਮੇਂ ਅਟਾਰੀ ਸਰਹੱਦ ’ਤੇ ਹਿਰਾਸਤ ਵਿਚ ਲਿਆ ਗਿਆ ਸੀ। ਇੱਥੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਵੈਸਟ ਲੰਡਨ ਦੇ ਹੰਸਲੋਂ ਦੇ ਰਹਿਣ ਵਾਲੇ ਇੰਦਰਪਾਲ ਸਿੰਘ ਗਾਬਾ ’ਤੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂ.ਏ.ਪੀ.ਏ) ਦੀ ਧਾਰਾ 13(1), ਰਾਸ਼ਟਰੀ ਸਨਮਾਨ ਦਾ ਅਪਮਾਨ ਰੋਕੂ ਕਾਨੂੰਨ ਦੀ ਧਾਰਾ 2 ਅਤੇ ਭਾਰਤੀ ਦੰਡ ਸੰਹਿਤਾ (ਆਈ.ਪੀ.ਸੀ.) ਦੀ ਧਾਰਾ 34 ਤਹਿਤ ਕੀਤੇ ਗਏ ਅਪਰਾਧਾਂ ਦੇ ਸਿਲਸਿਲੇ ਵਿਚ ਨੂੰ ਭਾਰਤ ਵਿਚ ਗਿ੍ਰਫ਼ਤਾਰ ਕੀਤਾ ਗਿਆ।

ਹਮਲਿਆਂ ਤੋਂ ਬਾਅਦ ਐਨ.ਆਈ.ਏ ਦੁਆਰਾ ਦਾਇਰ ਕੀਤੀ ਗਈ ਰਿਪੋਰਟ ਅਨੁਸਾਰ, 19 ਅਤੇ 22 ਮਾਰਚ, 2023 ਨੂੰ ਲੰਡਨ ਵਿੱਚ ਇੰਡੀਆ ਹਾਊਸ ਸਾਹਮਣੇ ਦੋ ਵੱਡੇ ਹਿੰਸਕ ਪ੍ਰਦਰਸ਼ਨ ਹੋਏ ਸਨ। ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੇ19 ਮਾਰਚ ਨੂੰ ਭਾਰਤੀ ਅਧਿਕਾਰੀਆਂ ’ਤੇ ਹਮਲਾ ਕੀਤਾ, ਹਾਈ ਕਮਿਸ਼ਨ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਇਆ ਅਤੇ ਭਾਰਤੀ ਰਾਸ਼ਟਰੀ ਝੰਡੇ ਦੀ ਬੇਅਦਬੀ ਕੀਤੀ। ਰਿਪੋਰਟ ਅਨੁਸਾਰ 22 ਮਾਰਚ ਨੂੰ, ਉਨ੍ਹਾਂ ਨੇ ਭਾਰਤ ਵਿਰੋਧੀ ਨਾਅਰੇ ਲਗਾਏ, ਭਾਰਤੀ ਰਾਸ਼ਟਰੀ ਝੰਡੇ ਦਾ ਦੁਬਾਰਾ ਅਪਮਾਨ ਕੀਤਾ ਅਤੇ ਗੈਰ-ਕਾਨੂੰਨੀ ਵਿਵਹਾਰ ਕੀਤਾ ਅਤੇ ਧਮਕੀਆਂ ਦਿੱਤੀਆਂ। ਸੂਤਰਾਂ ਨੇ ਦੱਸਿਆ ਕਿ ਜਾਂਚ ਦੇ ਹਿੱਸੇ ਵਜੋਂ ਪੰਜਾਬ ਅਤੇ ਰਾਜਸਥਾਨ ਵਿੱਚ 31 ਥਾਵਾਂ ’ਤੇ ਤਲਾਸ਼ੀ ਲੈਣ ਤੋਂ ਬਾਅਦ ਕਈ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ ਸੀ।

ਸੂਤਰਾਂ ਨੇ ਦੱਸਿਆ ਕਿ ਐਨ.ਆਈ.ਏ ਦੀ ਇੱਕ ਜਾਂਚ ਟੀਮ ਲੰਡਨ ਵੀ ਆਈ ਸੀ। ਇੰਦਰਪਾਲ ਸਿੰਘ ਗਾਬਾ ਸਮੇਤ ਕਈ ਸੱਕੀਆਂ ਵਿਰੁੱਧ ਐਲ.ਓ.ਸੀ (ਲੁੱਕ ਆਊਟ ਸਰਕੂਲਰ) ਜਾਰੀ ਕੀਤਾ ਗਿਆ ਸੀ। ਗਾਬਾ ਨੂੰ 9 ਦਸੰਬਰ, 2023 ਨੂੰ ਅਟਾਰੀ ਸਰਹੱਦ ’ਤੇ ਉਸ ਸਮੇਂ ਹਿਰਾਸਤ ਵਿੱਚ ਲਿਆ ਗਿਆ ਸੀ ਜਦੋਂ ਉਹ ਪਾਕਿਸਤਾਨ ਤੋਂ ਭਾਰਤ ਵਿੱਚ ਦਾਖਲ ਹੋਇਆ ਸੀ। ਜਾਂਚ ਦੇ ਹਿੱਸੇ ਵਜੋਂ ਉਸ ਦਾ ਮੋਬਾਈਲ ਫੋਨ ਜ਼ਬਤ ਕੀਤਾ ਗਿਆ ਸੀ ਅਤੇ ਡਾਟਾ ਕੱਢਿਆ ਗਿਆ ਸੀ ਅਤੇ ਵਿਸ਼ਲੇਸ਼ਣ ਕੀਤਾ ਗਿਆ ਸੀ। ਪਿਛਲੇ ਸਾਲ ਮਾਰਚ ਵਿੱਚ ਹੋਏ ਹਿੰਸਕ ਪ੍ਰਦਰਸਨਾਂ ਦਾ ਮੁੱਦਾ ਬਿ੍ਰਟਿਸ਼ ਸੰਸਦ ਵਿੱਚ ਕਈ ਵਾਰ ਉਠਾਇਆ ਗਿਆ ਸੀ ਅਤੇ ਉਦੋਂ ਤੋਂ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਮੈਟਰੋਪੋਲੀਟਨ ਪੁਲਿਸ ਸੁਰੱਖਿਆ ਹੈ। ਐਨ.ਆਈ.ਏ ਨੇ ਪਿਛਲੇ ਸਾਲ ਜੂਨ ਵਿੱਚ ਪੰਜ ਵੀਡੀਓ ਜਾਰੀ ਕੀਤੇ ਸਨ ਅਤੇ ਹਿੰਸਕ ਪ੍ਰਦਰਸ਼ਨਾਂ ਵਿੱਚ ਸ਼ਾਮਿਲ ਵਿਅਕਤੀਆਂ ਦੀ ਪਛਾਣ ਕਰਨ ਲਈ ਆਮ ਲੋਕਾਂ ਤੋਂ ਮਦੱਦ ਮੰਗੀ ਸੀ। ਦੀ ਇੱਕ ਟੀਮ ਇਸ ਮਾਮਲੇ ਨਾਲ ਜੁੜੀ ਜਾਣਕਾਰੀ ਇਕੱਠੀ ਕਰਨ ਲਈ ਲੰਡਨ ਆਈ ਸੀ ਅਤੇ ਸਕਾਟਲੈਂਡ ਯਾਰਡ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਸੀ।

Comments are closed, but trackbacks and pingbacks are open.