ਭਾਰਤੀ ਫ਼ਿਲਮੀ ਜਗਤ ਦੇ ਉੱਘੇ ਕਲਾਕਾਰ ਮੰਗਲ ਢਿੱਲੋਂ ਦਾ ਦੇਹਾਂਤ

ਪ੍ਰਸੰਸਕਾਂ ਵਿੱਚ ਸੋਗ ਦੀ ਲਹਿਰ

ਪੰਜਾਬੀ ਤੇ ਹਿੰਦੀ ਫ਼ਿਲਮਾਂ ਦੇ ਉੱਘੇ ਅਦਾਕਾਰ, ਨਿਰਦੇਸ਼ਕ, ਲੇਖਕ ਤੇ ਨਿਰਮਾਤਾ ਮੰਗਲ ਢਿੱਲੋਂ (66) ਬੀਤੇ ਐਤਵਾਰ ਕੈਂਸਰ ਦੀ ਬਿਮਾਰੀ ਨਾਲ ਜੂਝਦੇ ਹੋਏ ਇਸ ਸੰਸਾਰ ਤੋਂ ਰੁਖ਼ਸਤ ਹੋ ਗਏ। ਪਿੰਡ ਨੀਲੋਂ ਵਿਖੇ ਉਨ੍ਹਾਂ ਦੇ ਫਾਰਮ ਹਾਊਸ ‘ਤੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਮੰਗਲ ਢਿੱਲੋਂ ਨੂੰ ਦਮਦਾਰ ਅਦਾਕਾਰੀ ਤੇ ਡਾਇਰੈਕਸ਼ਨ ਸਦਕਾ ਸਨਮਾਨਿਤ ਵੀ ਕੀਤਾ ਗਿਆ ਸੀ। ਉਨ੍ਹਾਂ ਦਾ ਸੰਸਕਾਰ ਉਸ ਦੀ ਪਤਨੀ ਰਿਤੂ ਢਿੱਲੋਂ ਤੇ ਉਸਦੇ ਪੁੱਤਰ ਨਾਨਕ ਢਿੱਲੋਂ ਦੇ ਮੁੰਬਈ ਤੋਂ ਪਹੁੰਚਣ ਉਪਰੰਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦਾ ਛੋਟਾ ਭਰਾ ਰਾਮ ਸਿੰਘ ਢਿੱਲੋਂ ਅਤੇ ਭੈਣ ਵੀ ਮੌਜੂਦ ਸਨ। ਮੰਗਲ ਢਿੱਲੋਂ ਨੇ ਕਰੀਬ 42 ਹਿੰਦੀ ਫ਼ਿਲਮਾਂ ਤੇ ਦੋ ਦਰਜਨ ਦੇ ਕਰੀਬ ਟੀ.ਵੀ. ਲੜੀਵਾਰਾਂ, ਜਿਨ੍ਹਾਂ ‘ਚ ਜੁਨੂਨ, ਸਾਹਿਲ, ਘੁਟਨ, ਪੈਂਥਰ, ਕਾਨੂੰਨ, ਗੁਲ ਗੁਲਸ਼ਨ ਗੁਲਫਾਮ, ਬੁਨਿਆਦ, ਮੌਲਾਨਾ ਆਜ਼ਾਦ ਆਦਿ ਸ਼ਾਮਿਲ ਹਨ, ‘ਚ ਅਦਾਕਾਰੀ ਕੀਤੀ। ਫ਼ਰੀਦਕੋਟ ਦੇ ਛੋਟੇ ਜਿਹੇ ਪਿੰਡ ਵਾਂਦਰ ਜਟਾਣਾ ਵਿਖੇ ਪਿਤਾ ਤੇਜਾ ਸਿੰਘ ਢਿੱਲੋਂ ਦੇ ਘਰ ਜਨਮੇ ਮੰਗਲ ਢਿੱਲੋਂ ਨੇ ਪਿੰਡ ‘ਚ ਪੜ੍ਹਾਈ ਉਪਰੰਤ ਗ੍ਰੈਜ਼ੂਏਸ਼ਨ ਮੁਕਤਸਰ ਦੇ ਸਰਕਾਰੀ ਕਾਲਜ ਤੋਂ ਕੀਤੀ। ਉਪਰੰਤ ਉਨ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਨਾਟਕ ਕਲਾ ‘ਚ ਏਨੀ ਮਕਬੂਲੀਅਤ ਹਾਸਲ ਕੀਤੀ ਕਿ ਉਨ੍ਹਾਂ ਦਾ ਲਿਖਿਆ ਤੇ ਉਨ੍ਹਾਂ ਦੀ ਭੂਮਿਕਾ ਵਾਲਾ ਨਾਟਕ ‘ਥੀਏਟਰ ਵਾਲਾ ਉਰਫ਼ ਪਾਗਲ ਹੈ’ ਤੋਂ ਉਨ੍ਹਾਂ ਨਾ ਕੇਵਲ ਸੋਨ ਤਗਮਾ ਜਿੱਤਿਆ ਬਲਕਿ ਇਸ ਨਾਲ ਉਹ ਥਿਏਟਰ ਕਲਾ ਦੇ ਬਾਦਸ਼ਾਹ ਬਣ ਗਏ। 90 ਦੇ ਦਹਾਕੇ ‘ਚ ਉਨ੍ਹਾਂ ਹਿੰਦੀ ਫ਼ਿਲਮਾਂ ਤੇ ਟੀ.ਵੀ. ਸੀਰੀਅਲਾਂ ਤੋਂ ਕਿਨਾਰਾ ਕਰ ਲਿਆ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸਬੰਧਿਤ ਫ਼ਿਲਮ ‘ਖ਼ਾਲਸਾ’ ਦਾ ਨਿਰਮਾਣ ਕੀਤਾ, ਜਿਸ ਨਾਲ ਉਨ੍ਹਾਂ ਆਪਣੇ ਪੱਧਰ ‘ਤੇ ਹੀ ਭਾਰਤ ਤੋਂ ਇਲਾਵਾ ਵਿਦੇਸ਼ਾਂ ‘ਚ
ਵੀ ਨਾਮਣਾ ਖੱਟਿਆ।

ਇਸ ਤੋਂ ਇਲਾਵਾ ਉਨ੍ਹਾਂ ਨਸ਼ਿਆਂ ਖ਼ਿਲਾਫ਼ ਦਸਤਾਵੇਜ਼ੀ ਫ਼ਿਲਮ ‘ਸਰਵਨਾਸ਼’ ਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਾਵਨ ਮਰਿਆਦਾ ‘ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕ ਦਿਨ’ ਤੇ ਸਿੱਖ ਦਸਤਾਰ ‘ਤੇ ਦਸਤਾਵੇਜ਼ੀ ਫ਼ਿਲਮਾਂ ਦਾ ਨਿਰਮਾਣ ਵੀ ਕੀਤਾ। ਉਨ੍ਹਾਂ ਸਰਬ ਰੋਗ ਦਾ ਅਉਖਦੁ ਨਾਮੁ ਨੂੰ ਲੈ ਕੇ ਇਕ ਅਜਿਹੀ ਦਸਤਾਵੇਜ਼ੀ ਫ਼ਿਲਮ ਤਿਆਰ ਕੀਤੀ, ਜਿਸਨੂੰ ਵੇਖ ਕੇ ਹਰ ਕੋਈ ਗੁਰਬਾਣੀ ਨਾਲ ਜੁੜਕੇ ਲਾ ਇਲਾਜ਼ ਬਿਮਾਰੀਆਂ ਤੋਂ ਛੁਟਕਾਰਾ ਪਾ ਸਕੇ। ਮੰਗਲ ਢਿੱਲੋਂ ਪਿਛਲੇ ਦੋ ਮਹੀਨਿਆਂ ਤੋਂ ਲੀਵਰ ਦੇ ਕੈਂਸਰ ਤੋਂ ਪੀੜਤ ਸਨ ਤੇ ਕੁਝ ਮਹੀਨੇ ਪਹਿਲਾਂ ਮੁੰਬਈ ਦੇ ਨਾਨਾਵਤੀ ਹਸਪਤਾਲ ਤੋਂ ਇਲਾਜ ਕਰਵਾ ਕੇ ਵਾਪਸ ਪੰਜਾਬ ਪਰਤ ਆਏ ਸਨ, ਪਰ ਕੁਝ ਦਿਨਾਂ ਤੋਂ ਫਿਰ ਤਕਲੀਫ਼ ਹੋਣ ‘ਤੇ ਉਨ੍ਹਾਂ ਦਾ ਇਲਾਜ ਲੁਧਿਆਣਾ ਦੇ ਕੈਂਸਰ ਹਸਪਤਾਲ ‘ਚ ਚੱਲ ਰਿਹਾ ਸੀ। ਮੰਗਲ ਢਿੱਲੋਂ ਦੀ ਆਖ਼ਰੀ ਹਿੰਦੀ ਫ਼ਿਲਮ ਫਿਰੋਜ਼ਨ ਦੀ ਪ੍ਰੋਡਕਸ਼ਨ ਹੇਠ ‘ਜਾਨਸ਼ੀਨ’ ਸੀ ਤੇ ਟ.ਵੀ. ਲੜੀਵਾਰ ‘ਨੂਰਜਹਾਂ’ ਸੀ, ਜਿਸ ‘ਚ ਉਨ੍ਹਾਂ ਅਕਬਰ ਦੀ ਭੂਮਿਕਾ ਅਦਾ ਕੀਤੀ ਸੀ। ਫ਼ਿਲਮ ਜਗਤ ਨੂੰ ਅਲਵਿਦਾ ਕਹਿਣ ਉਪਰੰਤ ਅਧਿਆਤਮਿਕ ਤੇ ਇਕਾਂਤ ਸੰਸਾਰ ‘ਚ ਵਿਚਰਨ ਲਈ ਉਹ ਇਸ ਫਰਮ ਹਾਊਸ ‘ਤੇ ਹੀ ਰਹਿੰਦੇ ਸਨ। ਉਨ੍ਹਾਂ ਨੇ ਲੁਧਿਆਣਾ ਦੇ ਹਸਪਤਾਲ ‘ਚ ਆਖ਼ਰੀ ਸਾਹ ਲਏ।

ਉਨ੍ਹਾਂ ਦੇ ਚਲਾਣੇ ’ਤੇ ਨਿੱਘ ਦੋਸਤ ਬਲਦੇਵ ਸਿੰਘ ਦਿਓਲ ਅਤੇ ਸਾਥੀਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

Comments are closed, but trackbacks and pingbacks are open.