ਬਰੈਡਫੋਰਡ ਦੀ ਬੀਕਾਸ ਸੰਸਥਾ ਦੇ ਉੱਦਮ ਨਾਲ “ਧੰਨ ਲੇਖਾਰੀ ਨਾਨਕਾ” ਨਾਟਕ ਦੀ ਸਫ਼ਲ ਪੇਸ਼ਕਾਰੀ

ਡਾ. ਸਾਹਿਬ ਸਿੰਘ ਨੇ ਅਦਾਕਾਰੀ ਦਾ ਲੋਹਾ ਮੰਨਵਾਇਆ 

ਬਰੈਡਫੋਰਡ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਬਰੈਡਫੋਰਡ ਦੀ ਨਾਮਵਾਰ ਸੰਸਥਾ ਬਰਿਟਸ਼ ਐਜੂਕੇਸ਼ਨਲ ਐਂਡ ਕਲਚਰਲ ਐਸੋਸੀਏਸ਼ਨ ਆਫ ਸਿੱਖਸ (ਬੀਕਾਸ) ਵੱਲੋਂ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਬਰੈਡਫੋਰਡ ਦੇ ਸ਼ਹੀਦ ਊਧਮ ਸਿੰਘ ਹਾਲ ਵਿੱਚ ਡਾ: ਸਾਹਿਬ ਸਿੰਘ ਦੁਆਰਾ ਰਚਿਤ ਨਾਟਕ “ਧੰਨ ਲੇਖਾਰੀ ਨਾਨਕਾ” ਦੀ ਪੇਸ਼ਕਾਰੀ ਕਰਵਾਈ ਗਈ।

ਇੱਕ ਪਾਤਰੀ ਨਾਟਕ ਦੌਰਾਨ ਡਾ. ਸਾਹਿਬ ਸਿੰਘ ਨੇ ਸਾਰਾ ਸਮਾਂ ਦਰਸ਼ਕਾਂ ਨੂੰ ਸਾਹ ਲੈਣਾ ਵੀ ਭੁਲਾ ਦਿੱਤਾ।

ਨਾਟਕ ਰਾਹੀਂ ਉਹਨਾਂ ਪੰਜਾਬ ਨੂੰ ਦਰਪੇਸ਼ ਮਸਲਿਆਂ ਦਾ ਹੂਬਹੂ ਚਿਤਰਣ ਬੇਬਾਕੀ ਨਾਲ ਕੀਤਾ।

ਗੁਰੂ ਗੋਬਿੰਦ ਸਿੰਘ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਦਿਆਲ ਸਿੰਘ ਚੱਠਾ, ਚਰਨ ਸਿੰਘ ਬੈਂਸ, ਮਹਿੰਦਰ ਸਿੰਘ ਮਾਨ, ਗੁਰਿੰਦਰ ਸਿੰਘ ਬੈਂਸ, ਗੁਰਬਖਸ਼ ਕੌਰ ਮਾਨ, ਸਾਧੂ ਸਿੰਘ ਛੋਕਰ, ਸਰਬੰਤ ਸਿੰਘ ਦੁਸਾਂਝ ਦੇ ਨਾਲ ਨਾਲ ਬਰੈਡਫੋਰਡ ਅਤੇ ਲੀਡਜ਼ ਦੇ ਬਾਕੀ ਗਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਵੱਲੋਂ ਵੀ ਇਸ ਸਮਾਗਮ ਦੀ ਸਫਲਤਾ ਲਈ ਤਨ, ਮਨ, ਧਨ ਨਾਲ ਸੇਵਾ ਕੀਤੀ।

ਦਰਸ਼ਕਾਂ ਨੇ ਬੇਰੋਕ ਤਾੜੀਆਂ ਨਾਲ਼ ਡਾ: ਸਾਹਿਬ ਸਿੰਘ ਦਾ ਸਵਾਗਤ ਕੀਤਾ ਅਤੇ ਹੌਂਸਲਾ ਅਫਜਾਈ ਲਈ ਦਿਲ ਖੋਲ੍ਹ ਕੇ ਮਾਇਆ ਭੇਟ ਕੀਤੀ। ਬੀਕਾਸ ਕਮੇਟੀ ਦੇ ਪ੍ਰਧਾਨ ਤਰਲੋਚਨ ਸਿੰਘ ਦੁੱਗਲ ਨੇ ਸਾਰਿਆਂ ਦਾ ਧੰਨਵਾਦ ਕੀਤਾ।

ਕਮੇਟੀ ਮੈਂਬਰ ਜੋਗਾ ਸਿੰਘ ਨਿਰਵਾਣ ਖ਼ਜ਼ਾਨਚੀ, ਕਸ਼ਮੀਰ ਸਿੰਘ ਘੁੰਮਣ ਸਟੇਜ ਸੈਕਟਰੀ, ਪਰਮਜੀਤ ਕੌਰ ਘੁੰਮਣ, ਹਰਬੰਸ ਕੌਰ, ਹਰਦੇਵ ਸਿੰਘ ਦੁਸਾਂਝ, ਸੁਖਦੇਵ ਸਿੰਘ, ਸਰਬਜੀਤ ਕੌਰ ਉੱਪਲ਼, ਮਹਿੰਦਰ ਸਿੰਘ ਚਾਨਾ ਸਮੂਹ ਮੈਂਬਰਾਂ ਨੇ ਬਣਦਾ ਯੋਗਦਾਨ ਪਾਕੇ ਇਸ ਪ੍ਰੋਗਰਾਮ ਨੂੰ ਸਫਲ ਬਣਾਇਆ। ਕਈ ਦ੍ਰਿਸ਼ ਐਸੇ ਭਾਵੁਕ ਸਨ ਕਿ ਮੱਲੋ-ਮੱਲੀ ਅੱਖਾਂ ਨਮ ਹੋ ਜਾਂਦੀਆਂ ਅਤੇ ਗੱਚ ਭਰ ਜਾਂਦਾ ਸੀ।

ਨਾਟਕ ਦੀ ਸਮਾਪਤੀ ‘ਤੇ ਦਰਸ਼ਕਾਂ ਨੇ ਤਾੜੀਆਂ ਦੀ ਗੂੰਜ ਨਾਲ਼ ਡਾ: ਸਾਹਿਬ ਸਿੰਘ ਦੀ ਕਲਾਕਾਰੀ ਦੀ ਸ਼ਲਾਘਾ ਕੀਤੀ। 

Comments are closed, but trackbacks and pingbacks are open.