ਬ੍ਰਤਾਨਵੀ ਪ੍ਰਧਾਨ ਮੰਤਰੀ ਨੇ ਕੁਰਸੀ ਬਚਾਉਣ ਲਈ ਮੰਤਰੀ ਮੰਡਲ ਵਿੱਚ ਨਵੇਂ ਚਿਹਰੇ ਸ਼ਾਮਿਲ ਕੀਤੇ

ਬੋਰਿਸ ’ਤੇ ਅਸਤੀਫ਼ਿਆਂ ਨੇ ਦਬਾਅ ਪਾਇਆ

ਲੰਡਨ – ਤਾਲਾਬੰਦੀ ਦੌਰਾਨ ਪ੍ਰਧਾਨ ਮੰਤਰੀ ਦਫ਼ਤਰ ’ਚ ਪਾਰਟੀਆਂ ਕਰਨ ਨੂੰ ਲੈ ਕੇ ਅਸਤੀਫ਼ਾ ਦੇਣ ਦੇ ਦਬਾਅ ਨਾਲ ਜੂਝ ਰਹੇ ਬ੍ਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਆਪਣੇ ਮੰਤਰੀ ਮੰਡਲ ’ਚ ਫ਼ੇਰਬਦਲ ਕੀਤਾ ਅਤੇ ਜੈਕਬ ਰੀਸ-ਮਾਗ ਨੂੰ ਬ੍ਰੈਗਜ਼ਿਟ ਮੌਕੇ ਅਤੇ ਸਰਕਾਰੀ ਕੁਸ਼ਲਤਾ ਮੰਤਰੀ ਨਿਯੁਕਤ ਕੀਤਾ। ਰੀਸ-ਮੋਗ (52) ਅਜੇ ਹਾਊਸ ਆਫ਼ ਕਾਮਨਸ ਦੇ ਨੇਤਾ ਹਨ।

ਮੌਜੂਦਾ ਚੀਫ਼ ਵ੍ਹਿਪ ਮਾਰਕ ਸਪੈਂਸਰ ਹਾਊਸ ਆਫ਼ ਕਾਮਨਸ ਦੇ ਨੇਤਾ ਦੇ ਤੌਰ ’ਤੇ ਰੀਸ-ਮੋਗ ਦੀ ਥਾਂ ਲੈਣਗੇ। ਸਾਲ 2016 ਦੇ ਜਨਮਤ ਸੰਗ੍ਰਹਿ ਦੌਰਾਨ ਯੂਰਪੀਨ ਯੂਨੀਅਨ ਤੋਂ ਵੱਖ ਹੋਣ ਦੇ ਸਮਰਥਕ ਰਹੇ ਰੀਸ -ਮੋਗ ਹੁਣ ਮੰਤਰੀ ਮੰਡਲ ਦੇ ਪੂਰੀ ਤਰ੍ਹਾਂ ਮੈਂਬਰ ਹੋਣਗੇ। ਕ੍ਰਿਸ ਹੀਟਨ-ਹੈਰਿਸ ਨਵੇਂ ਚੀਫ਼ ਵ੍ਹਿਪ ਬਣ ਗਏ ਹਨ। ਸਾਬਕਾ ਉਪ ਮੁੱਖ ਮੰਤਰੀ ਵ੍ਹਿਪ ਸਟੂਅਰਟ ਐਂਡਿਊ ਹਾਊਸਿੰਗ ਮਾਮਲਿਆਂ ਦੇ ਮੰਤਰੀ ਹੋਣਗੇ। ਮੰਤਰੀ ਮੰਡਲ ’ਚ ਇਹ ਫੇਰਬਦਲ ਸਟੀਫਨ ਬਾਰਕਲੇ ਦੇ ਪ੍ਰਧਾਨ ਮੰਤਰੀ ਦੇ ਚੀਫ਼ ਆਫ਼ ਸਟਾਫ਼ ਦੇ ਤੌਰ ’ਤੇ ਨਿਯੁਕਤ ਹੋਣ ਤੋਂ ਬਾਅਦ ਹੋਇਆ ਹੈ।

ਇਹ ਅਜਿਹੇ ਸਮੇਂ ’ਚ ਹੋਇਆ ਹੈ ਜਦ ਜਾਨਸਨ ਤਾਲਾਬੰਦੀ ਪਾਰਟੀਆ ਤੋਂ ਬਾਅਦ ਆਪਣੇ ਪ੍ਰਸ਼ਾਸਨ ਨੂੰ ਨਵਾਂ ਰੂਪ ਦੇਣ ਦੀ ਕਵਾਇਦ ’ਚ ਹਨ। ਉਨ੍ਹਾਂ ’ਤੇ ਵਿਰੋਧੀ ਧਿਰ ਅਤੇ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਅਸਤੀਫ਼ਾ ਦੇਣ ਦਾ ਦਬਾਅ ਬਣਾ ਰਹੇ ਹਨ। ਪ੍ਰਧਾਨ ਮੰਤਰੀ ਨੇ ਪਹਿਲਾਂ ਹੀ ਆਪਣੇ ਕਈ ਸਲਾਹਕਾਰਾਂ ਅਤੇ ਹੋਰ ਕਰਮਚਾਰੀਆਂ ਨੂੰ ਬਦਲ ਦਿੱਤਾ ਹੈ।

Comments are closed, but trackbacks and pingbacks are open.