ਬਰਤਾਨੀਆ ਦੇ ਮਿਡਲੈਂਡ ਖੇਤਰ ਵਿਚੋਂ 12 ਭਾਰਤੀ ਕਾਮੇ ਗਿ੍ਰਫ਼ਤਾਰ

ਵੀਜ਼ਾ ਸ਼ਰਤਾਂ ਦੀ ਉਲੰਘਣਾ ਅਤੇ ਗੈਰ ਕਾਨੂੰਨੀ ਢੰਗ ਨਾਲ ਕੰਮ ਕਰਨ ਦੇ ਦੋਸ਼

ਮਿੱਡਲੈਂਡ – ਬਰਤਾਨੀਆ ਦੇ ਇਮੀਗ੍ਰੇਸ਼ਨ ਮਹਿਕਮੇ ਨੇ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ ’ਚ ਇਕ ਗੱਦੇ ਅਤੇ ਕੇਕ ਫੈਕਟਰੀ ਵਿੱਚ ਗੈਰ-ਕਾਨੂੰਨੀ ਤੌਰ ’ਤੇ ਕੰਮ ਕਰਨ ਦੇ ਸ਼ੱਕ ਵਿੱਚ 11 ਮਰਦਾਂ ਅਤੇ ਇਕ ਔਰਤ ਸਮੇਤ 12 ਭਾਰਤੀ ਨਾਗਰਿਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਬਿ੍ਰਟੇਨ ਦੇ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ, ਇਮੀਗ੍ਰੇਸ਼ਨ ਇਨਫੋਰਸਮੈਂਟ ਅਫ਼ਸਰਾਂ ਨੇ ਇੰਗਲੈਂਡ ਦੇ ਵੈਸਟ ਮਿਡਲੈਂਡਸ ਖੇਤਰ ਵਿੱਚ ਗੱਦੇ ਦੇ ਕਾਰੋਬਾਰ ਨਾਲ ਜੁੜੇ ਇੱਕ ਯੂਨਿਟ ’ਤੇ ਛਾਪਾ ਮਾਰਿਆ।

ਅਧਿਕਾਰੀਆਂ ਨੂੰ ਖੁਫ਼ੀਆ ਸੂਚਨਾ ਮਿਲੀ ਸੀ ਕਿ ਉਥੇ ਨਾਜਾਇਜ਼ ਕੰਮ ਹੋ ਰਿਹਾ ਹੈ। ਬਿਆਨ ਮੁਤਾਬਕ ਅਧਿਕਾਰੀਆਂ ਨੇ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਨ ਦੇ ਦੋਸ਼ ’ਚ ਸੱਤ ਭਾਰਤੀ ਨਾਗਰਿਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਗ੍ਰਹਿ ਮੰਤਰਾਲੇ ਅਨੁਸਾਰ ਚਾਰ ਹੋਰ ਭਾਰਤੀ ਨਾਗਰਿਕਾਂ ਨੂੰ ਨੇੜਲੀ ਕੇਕ ਫੈਕਟਰੀ ਤੋਂ ਗਿ੍ਰਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ’ਤੇ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਇਸ ਤੋਂ ਇਲਾਵਾ ਇਕ ਭਾਰਤੀ ਔਰਤ ਨੂੰ ਵੀ ਇਮੀਗ੍ਰੇਸ਼ਨ ਅਪਰਾਧਾਂ ਦੇ ਦੋਸ਼ ’ਚ ਗਿ੍ਰਫ਼ਤਾਰ ਕੀਤਾ ਗਿਆ ਹੈ।

ਅਧਿਕਾਰੀਆਂ ਨੇ ਦੱਸ਼ਿਆ ਕਿ ਚਾਰ ਲੋਕਾਂ ਨੂੰ ਬਰਤਾਨੀਆ ਤੋਂ ਕੱਢਣ ਜਾਂ ਭਾਰਤ ਡਿਪੋਰਟ ਕੀਤੇ ਜਾਣਾ ਅਜੇ ਵਿਚਾਰ ਅਧੀਨ ਹਿਰਾਸਤ ਵਿੱਚ ਲਿਆ ਗਿਆ ਹੈ। ਬਾਕੀ ਅੱਠ ਲੋਕਾਂ ਨੂੰ ਇਸ ਸ਼ਰਤ ’ਤੇ ਜ਼ਮਾਨਤ ਦਿੱਤੀ ਗਈ ਹੈ ਕਿ ਉਹ ਨਿਯਮਿਤ ਤੌਰ ’ਤੇ ਗ੍ਰਹਿ ਮੰਤਰਾਲੇ ਨੂੰ ਰਿਪੋਰਟ ਕਰਨਗੇ। ਇਸ ਦੌਰਾਨ ਜੇਕਰ ਇਹ ਦੋਸ਼ ਸਾਬਤ ਹੁੰਦਾ ਹੈ ਕਿ ਫੈਕਟਰੀ ਵਿੱਚ ਗੈਰ-ਕਾਨੂੰਨੀ ਕਾਮੇ ਰੱਖੇ ਗਏ ਹਨ ਅਤੇ ਲੋੜੀਂਦੇ ਪ੍ਰੀ-ਰੁਜ਼ਗਾਰ ਟੈਸਟ ਨਹੀਂ ਕਰਵਾਏ ਗਏ, ਤਾਂ ਇਹ ਸਾਬਤ ਹੋਣ ’ਤੇ ਦੋਵਾਂ ਯੂਨਿਟਾਂ ਨੂੰ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Comments are closed, but trackbacks and pingbacks are open.