ਪਾਕਿਸਤਾਨੀ ਸਿੱਖਾਂ ਦੀ ਸੁਰੱਖਿਆ ’ਤੇ ਚਿੰਤਾ ਜ਼ਾਹਿਰ ਕੀਤੀ
ਲੰਡਨ – ਯੂ.ਕੇ ਸਰਕਾਰ ਨੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਦੋ ਸਿੱਖਾਂ ਦੇ ਕਤਲ ’ਤੇ ਚਿੰਤਾ ਪ੍ਰਗਟ ਕੀਤੀ ਹੈ। ਯੂ.ਕੇ ਸਰਕਾਰ ਨੇ ਪਾਕਿਸਤਾਨ ਸਰਕਾਰ ਨੂੰ ਇਹ ਬੇਨਤੀ ਕਰਨੀ ਜਾਰੀ ਰੱਖਣ ਦੀ ਵਾਅਦਾ ਕੀਤਾ ਹੈ ਕਿ ਪਾਕਿਸਤਾਨ ਆਪਣੇ ਸਾਰੇ ਲੋਕਾਂ, ਖਾਸ ਕਰਕੇ ਸਿੱਖ ਭਾਈਚਾਰੇ ਦੇ ਲੋਕਾਂ ਦੇ ਅਧਿਕਾਰਾਂ ਦੀ ਗਾਰੰਟੀ ਦੇਵੇ। ਯੂ.ਕੇ ਸਥਿਤ ਪੰਜਾਬੀ ਭਾਸ਼ਾ ਚੇਤਨਾ ਬੋਰਡ ਦੇ ਡਾਇਰੈਕਟਰ ਹਰਮੀਤ ਸਿੰਘ ਭਕਨਾ ਨੂੰ ਯੂ.ਕੇ ਦੇ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫ਼ਤਰ ਤੋਂ ਇੱਕ ਪੱਤਰ ਪ੍ਰਾਪਤ ਹੋਇਆ ਹੈ।
ਇਸ ਵਿੱਚ ਕਿਹਾ ਗਿਆ ਸੀ ਕਿ ਯੂ.ਕੇ ਸੂਰਕਾਰ ਨਿਯਮਿਤ ਤੌਰ ’ਤੇ ਪਾਕਿਸਤਾਨ ਸਰਕਾਰ ਨਾਲ ਇੱਕ ਸੀਨੀਅਰ ਪੱਧਰ ’ਤੇ FoRB (ਧਰਮ ਜਾਂ ਵਿਸ਼ਵਾਸ ਦੀ ਆਜ਼ਾਦੀ) ਬਾਰੇ ਚਿੰਤਾਵਾਂ ਨੂੰ ਉਠਾਉਦੀ ਹੀ ਹੈ ਜਿਸ ਵਿੱਚ ਘੱਟ ਗਿਣਤੀਆਂ ’ਤੇ ਅੱਤਿਆਚਾਰ ਵੀ ਸ਼ਾਮਿਲ ਹੈ। ਬੋਰਡ ਨੇ ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਪਾਕਿਸਤਾਨੀ ਸਿੱਖਾਂ ਦੀ ਸੁਰੱਖਿਆ ਜਾਂ ਉਨ੍ਹਾਂ ਨੂੰ ਸੁਰੱਖਿਅਤ ਦੇਸ਼ ਵਿੱਚ ਵਸਾਉਣ ਲਈ ਦਖ਼ਲ ਦੇਣ ਲਈ 15 ਮਈ 2020 ਨੂੰ ਪੱਤਰ ਲਿਖਿਆ ਸੀ। ਜ਼ਿਕਰਯੋਗ ਹੈ ਕਿ 15 ਮਈ ਨੂੰ ਸਿੱਖ ਵਪਾਰੀ ਕੁਲਜੀਤ ਸਿੰਘ ਅਤੇ ਰਣਜੀਤ ਸਿੰਘ ਦਾ ਕੇਪੀਕੇ ਦੇ ਸਰਬੰਦ ਕਸਬੇ ਦੇ ਬਾੜਾ ਬਾਜ਼ਾਰ ਵਿੱਚ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਉਦੋਂ ਤੋਂ ਸੂਬੇ ਦੇ ਘੱਟ ਗਿਣਤੀ ਭਾਈਚਾਰੇ ਦੇ ਜ਼ਿਆਦਾਤਰ ਮੈਂਬਰ ਪਾਕਿਸਤਾਨੀ ਪੰਜਾਬ ਵੱਲ ਭੱਜ ਗਏ ਹਨ, ਜਿੱਥੇ ਸਿੱਖ ਵਧੇਰੇ ਗਿਣਤੀ ਵਿੱਚ ਹਨ।
ਯੂਨਾਈਟਿਡ ਕਿੰਗਡਮ ਦੇ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫ਼ਤਰ ਨੇ ਹਰਮੀਤ ਸਿੰਘ ਭਕਨਾ ਨੂੰ ਲਿਖਿਆ ਕਿ ਯੂਨਾਈਟਿਡ ਕਿੰਗਡਮ ਸਿੱਖਾਂ ਸਮੇਤ ਪਾਕਿਸਤਾਨ ਦੀਆਂ ਧਾਰਮਿਕ ਘੱਟ ਗਿਣਤੀਆਂ ਵਿਰੁੱਧ ਵਿਤਕਰੇ ਅਤੇ ਹਿੰਸਾ ਦੀਆਂ ਰਿਪੋਰਟਾਂ ਤੋਂ ਡੂੰਘਾ ਚਿੰਤਤ ਹੈ। ਕੁਲਜੀਤ ਸਿੰਘ ਅਤੇ ਰਣਜੀਤ ਸਿੰਘ ਦੇ ਕਤਲ ਤੋਂ ਬਾਅਦ ਪਾਕਿਸਤਾਨ ਵਿੱਚ ਬਿ੍ਰਟਿਸ਼ ਹਾਈ ਕਮਿਸ਼ਨਰ ਕ੍ਰਿਸਚੀਅਨ ਟਰਨਰ ਨੇ ਜਨਤਕ ਤੌਰ ’ਤੇ ਇਸ ਦੀ ਨਿੰਦਾ ਕੀਤੀ ਅਤੇ ਧਾਰਮਿਕ ਸਦਭਾਵਨਾ ਦੀ ਮੰਗ ਕੀਤੀ।
Comments are closed, but trackbacks and pingbacks are open.