ਦਿੱਲੀ ਵਿਖੇ ਬੇਇੱਜ਼ਤ ਕੀਤੀ ਗਈ ਸਿੱਖ ਬੀਬੀ ਨੂੰ ਇਨਸਾਫ਼ ਲਈ ਗੁਹਾਰ

ਬਰਤਾਨਵੀ ਐਮ.ਪੀ ਤਨ ਢੇਸੀ ਅਤੇ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਸਖ਼ਤ ਨੋਟਿਸ ਲਿਆ

ਸਲੋਹ – ਦਿੱਲੀ ਵਿਚ 26 ਜਨਵਰੀ ਨੂੰ ਇਕ ਸਿੱਖ ਬੀਬੀ ਨਾਲ ਕੀਤੇ ਗਏ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਵਾਕਿਆਤ ਬਾਰੇ ਬਰਤਾਨੀਆਂ ਦੇ ਸਿੱਖ ਐਮ.ਪੀ ਤਨਮਨਜੀਤ ਸਿੰਘ ਢੇਸੀ ਨੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ “ਦਿੱਲੀ ਤੋਂ ਇੱਕ ਸਿੱਖ ਔਰਤ ਨਾਲ ਇਸ ਤਰ੍ਹਾਂ ਦੇ ਘਿਣਾਉਣੇ ਤਰੀਕੇ ਨਾਲ ਦੁਰਵਿਵਹਾਰ ਕੀਤੇ ਜਾਣ ਦੇ ਹੈਰਾਨ ਕਰਨ ਵਾਲੇ ਦ੍ਰਿਸ਼ਾਂ ਦੀ ਫੁਟੇਜ ਦੇਖ ਕੇ ਮੈਂ ਹੈਰਾਨ ਰਹਿ ਗਿਆ ਹਾਂ। ਉਸ ਨੂੰ ਅਧਿਕਾਰੀਆਂ ਤੋਂ ਨਿਆਂ ਮਿਲਣਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਕਾਨੂੰਨ ਦੀ ਪੂਰੀ ਤਾਕਤ ਮਹਿਸੂਸ ਕਰਵਾਉਣੀ ਚਾਹੀਦੀ ਹੈ।”
26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਇਕ ਲੜਕੀ ਨਾਲ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਵਾਕਿਆ ਹੋਇਆ ਹੈ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਦੀ ਵੀਡੀਓ ਵੀ ਦੋਸ਼ੀਆ ਵਲੋਂ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਗਈ ਸੀ। ਵੀਡੀਓ ‘ਚ ਦੇਖਿਆ ਜਾ ਰਿਹਾ ਸੀ ਕਿ ਲੜਕੀ ਨੂੰ ਲੋਕਾਂ ‘ਚ ਜ਼ਲੀਲ ਕੀਤਾ ਜਾ ਰਿਹਾ ਹੈ। ਉਸ ਨੂੰ ਮਾਰਿਆ-ਕੁੱਟਿਆ ਜਾ ਰਿਹਾ ਹੈ। ਇੰਨਾ ਹੀ ਨਹੀਂ ਲੜਕੀ ਨੂੰ ਗੰਜੀ ਬਣਾ ਕੇ ਉਸ ਦਾ ਮੂੰਹ ਕਾਲਾ ਕਰਕੇ ਚੱਪਲਾਂ ਦੀ ਮਾਲਾ ਪਾ ਕੇ ਪੂਰੇ ਬਾਜ਼ਾਰ ਵਿਚ ਘੁੰਮਾਇਆ ਗਿਆ। ਮਾਮਲੇ ਦੀ ਸੂਚਨਾ ਮਿਲਦੇ ਹੀ ਦਿੱਲੀ ਪੁਲਿਸ ਨੇ ਕਾਰਵਾਈ ਕਰਦੇ ਹੋਏ 11 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪਰ ਅਜੇ ਅਗਲੇਰੀ ਕਾਰਵਾਈ ਦੀ ਕੋਈ ਸੂਚਨਾ ਨਹੀਂ ਹੈ।

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਪੂਰਬੀ ਦਿੱਲੀ ਦੇ ਕਸਤੂਰਬਾ ਨਗਰ ਵਿੱਚ ਇੱਕ ਸਿੱਖ ਬੀਬੀ ਨੂੰ ਅਗਵਾ ਕਰਕੇ ਫਿਰ ਉਸ ਨੂੰ ਕੁੱਟਣ, ਮੂੰਹ ਕਾਲਾ ਕਰਨ, ਗਲ ਵਿੱਚ ਛਿੱਤਰਾਂ ਦਾ ਹਾਰ ਪਾਉਣਾ ਤੇ ਸਮੂਹਕ ਬਲਾਤਕਾਰ ਹੋਣਾ ਬਹੁਤ ਹੀ ਦੁਖਦਾਈ ਮੰਦਭਾਗੀ ਖੌਫਨਾਕ ਤੇ ਮਨੁੱਖੀ ਕਦਰਾਂ ਕੀਮਤਾਂ ਦਾ ਵੱਡਾ ਉਲੰਘਣਾ ਹੈ ਜਿਸ ਦੀ ਫੌਰੀ ਤੌਰ ‘ਤੇ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ 26 ਜਨਵਰੀ ਵਾਲੇ ਦਿਨ ਦੀ ਹੈ ਜਦ ਦਿੱਲੀ ‘ਚ ਗਣਤੰਤਰ ਦਿਵਸ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਸਖ਼ਤ ਹੁੰਦੇ ਹਨ। ਅਜਿਹੀ ਘਟਨਾ ਦਾ ਵਾਪਰ ਜਾਣਾ ਸਮਾਜ ਲਈ ਸ਼ਰਮਨਾਕ ਹੈ।

ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇਸ ਘਟਨਾ ਨੇ ਦਿਲੀ ਦੀਆਂ ਦੋਹਾਂ ਸਰਕਾਰਾਂ ਨੂੰ ਇੱਕ ਵਾਰ ਫਿਰ ਸ਼ਰਮਸਾਰ ਕੀਤਾ ਹੈ।ਇਹ ਘਟਨਾ ਇਕੱਲੀ ਮਨੁੱਖੀ ਅਧਿਕਾਰਾਂ ਦਾ ਉਲੰਘਣਾ ਨਹੀਂ ਸਗੋਂ ਸਮੁੱਚੀ ਦਿੱਲੀ ਸਰਕਾਰ ਦੇ ਮੂੰਹ ਤੇ ਚਪੇੜ ਹੈ। ਕੀ ਕੇਜਰੀਵਾਲ ਅਜਿਹੇ ਘਨਾਉਂਣੇ ਦਰਦਨਾਕ ਮਾਡਲ ਪੰਜਾਬ ਨੂੰ ਦੇਣਾ ਚਾਹੁੰਦੇ ਹਨ? ਇਸ ਘਟਨਾ ਦੀ ਸੁਪਰੀਮਕੋਰਟ ਜਾਂ ਹਾਈਕੋਰਟ ਦੇ ਜੱਜ ਤੋਂ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਦਿੱਲੀ ਸਥਿਤ ਘੱਟ ਗਿਣਤੀ ਕਮਿਸ਼ਨ ਨੂੰ ਵੀ ਤੁਰੰਤ ਹਰਕਤ ਵਿੱਚ ਆਉਣਾ ਚਾਹੀਦਾ ਹੈ। ਇਸ ਸਾਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ।

Comments are closed, but trackbacks and pingbacks are open.