ਤਾਲਾਬੰਦੀ ਦੌਰਾਨ ਪਾਰਟੀਆਂ ਕਰਨ ਦੇ ਭੰਬਲਭੂਸੇ ਵਿੱਚ ਫਸੇ ਬੋਰਿਸ ਦੀਆਂ ਮੁਸ਼ਕਿਲਾਂ ਵਧੀਆ

ਚਾਰ ਪ੍ਰਮੁੱਖ ਸਹਿਯੋਗੀਆ ਵਲੋਂ ਅਸਤੀਫ਼ੇ ਅਤੇ ਇਕ ਮੈਂਬਰ ਵਲੋਂ ਬੇਭਰੋਸਗੀ ਦਾ ਪੱਤਰ ਜਾਰੀ

ਲੰਡਨ – ਕੋਵਿਡ-19 ਤਾਲਾਬੰਦੀ ਦੌਰਾਨ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਪਾਰਟੀ ਦੇ ਆਯੋਜਨ ਨੂੰ ਲੈ ਕੇ ਵਿਵਾਦ ਵਿੱਚ ਫਸੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ 4 ਕਰੀਬੀ ਸਹਿਯੋਗੀਆਂ ਨੇ ਅਸਤੀਫ਼ਾ ਦੇ ਦਿੱਤਾ ਹੈ। ਜਦ ਕਿ ਇਕ ਪਾਰਲੀਮੈਂਟ ਮੈਂਬਰ ਐਰਨ ਬੈੱਲ ਨੇ ਪ੍ਰਧਾਨ ਮੰਤਰੀ ਖਿਲਾਫ਼ ਬੇਭਰੋਸਗੀ ਦਾ ਮਤਾ ਲਿਆਉਣ ਲਈ ਪੱਤਰ ਜਾਰੀ ਕੀਤਾ ਹੈ ਜਿਸ ਲਈ ਕਈ ਪਾਰਲੀਮੈਂਟ ਮੈਂਬਰਾਂ ਨੇ ਹਾਮੀ ਭਰ ਦਿੱਤੀ ਹੈ। ਪ੍ਰਧਾਨ ਮੰਤਰੀ ਦੀ ਨੀਤੀ ਮੁਖੀ ਮੁਨੀਹਾ ਮਿਰਜ਼ਾ, ਚੀਫ਼ ਆਫ਼ ਸਟਾਫ਼ ਡੈਨ ਰੋਜ਼ਨਫੀਲਡ, ਪ੍ਰਮੁੱਖ ਨਿੱਜੀ ਸਕੱਤਰ ਮਾਰਟਿਨ ਰੇਨੋਲਡਜ਼ ਅਤੇ ਸੰਚਾਹ ਨਿਰਦੇਸ਼ਕ ਜੈਕ ਡੋਇਲ ਨੇ ਵੀਰਵਾਰ ਨੂੰ ਕੁਝ ਘੰਟਿਆਂ ਦੇ ਅੰਦਰ ਹੀ ਆਪਣੇ-ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਇਸ ਤੋਂ ਪਹਿਲਾਂ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਦੇਸ਼ ਵਿੱਚ ਕੋਵਿਡ-19 ਲੌਕਡਾਊਨ ਦੇ ਸਖ਼ਤ ਨਿਯਮਾਂ ਦੇ ਵਿਚਕਾਰ ਡਾਊਨਿੰਗ ਸਟਰੀਟ (ਪ੍ਰਧਾਨ ਮੰਤਰੀ ਦਫ਼ਤਰ) ਵਿੱਚ ਕਈ ਪਾਰਟੀਆਂ ਦਾ ਆਯੋਜਨ ਕੀਤਾ ਗਿਆ ਸੀ।

ਇਕ ਰਿਪੋਰਟ ਮੁਤਾਬਕ ਮਿਰਜ਼ਾ ਦੇ ਅਸਤੀਫ਼ੇ ਤੋਂ ਤੁਰੰਤ ਬਾਅਦ ਡੋਇਲ ਨੇ ਵੀ ਆਪਣੇ ਅਸਤੀਫ਼ੇ ਦੀ ਪੁਸ਼ਟੀ ਕਰ ਦਿੱਤੀ। ਇਸ ਤੋਂ ਬਾਅਦ ਰੋਜ਼ਨਫੀਲਡ ਅਤੇ ਹੇਨੋਲਡਸ ਨੇ ਵੀ ਅਸਤੀਫ਼ਾ ਦੇ ਦਿੱਤਾ। ਚੋਟੀ ਦੇ ਅਧਿਕਾਰੀਆਂ ਦਾ ਅਸਤੀਫ਼ਾ ਅਜਿਹੇ ਸਮੇਂ ਆਇਆ ਹੈ, ਜਦੋਂ ਜਾਨਸਨ (57) ਪਾਰਟੀ ਅੰਦਰ ਆਪਣੀ ਲੀਡਰਸ਼ਿਪ ਨੂੰ ਲੈ ਕੇ ਵਧਦੇ ਸਵਾਲਾਂ ਦਾ ਸਾਹਮਣਾ ਕਰ ਰਹੇ ਹਨ। ਡੋਇਲ ਨੇ ਕਰਮਚਾਰੀਆਂ ਨੂੰ ਕਿਹਾ, ‘ਹਾਲ ਹੀ ਦੇ ਹਫ਼ਤਿਆਂ ਦਾ ਮੇਰੇ ਪਰਿਵਾਰਕ ਜੀਵਨ ’ਤੇ ਬਹੁਤਾ ਬੁਰਾ ਪ੍ਰਭਾਵ ਪਿਆ ਹੈ।’ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਡਾਊਨਿੰਗ ਸਟਰੀਟ ਦੀ ਮਹਿਲਾ ਬੁਲਾਰਾ ਨੇ ਇਕ ਬਿਆਨ ਵਿੱਚ ਕਿਹਾ ਕਿ ਰੋਜ਼ੇਨਫੀਲਡ ਨੇ ਵੀਰਵਾਰ ਨੂੰ ਪਹਿਲਾਂ ਪ੍ਰਧਾਨ ਮੰਤਰੀ ਨੂੰ ਆਪਣਾ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਜਦੋਂ ਤੱਕ ਉਨ੍ਹਾਂ ਦਾ ਉੱਤਰਾਧਿਕਾਰੀ ਨਹੀਂ ਮਿਲ ਜਾਂਦਾ, ਉਦੋਂ ਤੱਕ ਉਹ ਅਹੁਦੇ ’ਤੇ ਬਣੇ ਰਹਿਣਗੇ। ਪ੍ਰਧਾਨ ਮੰਤਰੀ ਨੇ ਪ੍ਰਮੁੱਖੀ ਨਿੱਜੀ ਸਕੱਤਰ ਰੇਨੋਲਡਜ਼ ਵੀ ਅਜਿਹਾ ਹੀ ਕਰਨਗੇ ਅਤੇ ਬਾਅਦ ਵਿੱਚ ਵਿਦੇਸ਼ ਵਿਭਾਗ ਵਿੱਚ ਇੱਕ ਭੂਮਿਕਾ ਨਿਭਾਉਣਗੇ।

ਮਿਰਜ਼ਾ ਦਾ ਅਸਤੀਫ਼ਾ ਜ਼ਿਆਦਾ ਮਾਇਨੇ ਰੱਖਦਾ ਹੈ। ਉਹ ਜਾਨਸਨ ਦੇ ਲੰਬੇ ਸਮੇਂ ਦੇ ਸਹਿਯੋਗੀਆਂ ਵਿਚੋਂ ਇਕ ਸੀ ਅਤੇ ਇਕ ਪ੍ਰਮੁੱਖ ਨੇਤਾ ਹੈ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਪਲੇਟਫਾਰਮ ਨੂੰ ਆਕਾਰ ਦੇਣ ਵਿੱਚ ਮਦੱਦ ਕੀਤੀ। ਜਿੰਮੀ ਸੇਵਾਨ ਖਿਲਾਫ਼ ਬਿਆਨ ਦੇਣ ਬਾਅਦ ਜਾਨਸਨ ਵੱਲੋਂ ਆਪਣੀ ਟਿੱਪਣੀ ਲਈ ਮੁਆਫ਼ੀ ਮੰਗਣ ਤੋਂ ਇਨਕਾਰ ਕਰਨ ਤੋਂ ਬਾਅਦ ਮਿਰਜ਼ਾ ਨੇ ਅਸਤੀਫ਼ਾ ਦੇ ਦਿੱਤਾ। ਵਿੱਤ ਮੰਤਰੀ ਹਿਸ਼ੀ ਸੁਨਕ ਨੇ ਜਨਤਕ ਤੌਰ ’ਤੇ ਜਾਨਸਨ ਦੀਆਂ ਮੂਲ ਟਿੱਪਣੀਆਂ ਤੋਂ ਖ਼ੁਦ ਨੂੰ ਵੱਖ ਰੱਖਿਆ ਹੋਇਆ ਹੈ।

ਸੁਨਕ ਨੇ ਪਹਿਲਾਂ ਲਾਕਡਾਊਨ ਦੌਰਾਨ ਡਾਊਨਿੰਗ ਸਟਰੀਟ ਵਿੱਚ ਪਾਰਟੀਆਂ ਦਾ ਆਯੋਜਨ ਕਰਨ ਦੇ ਖੁਲਾਸੇ ਦੌਰਾਨ ਸਿੱਧੇ ਤੌਰ ’ਤੇ ਜਾਨਸਨ ਦੀ ਆਲੋਚਨਾ ਨਹੀਂ ਕੀਤੀ ਸੀ, ਪਰ ਮੰਨਿਆ ਕਿ ਗਲਤੀਆਂ ਹੋਈਆਂ ਹਨ। ਜਾਨਸਨ ਦੇ ਸਾਬਕਾ ਸਲਾਹਕਾਰ ਡੋਮਿਨਿਕ ਕਮਿੰਗਜ਼ ਨੇ ਦਾਅਵਾ ਕੀਤਾ ਕਿ ਮਿਰਜ਼ਾ ਦਾ ਜਾਣਾ ‘ਇਕ ਸਪੱਸ਼ਟ ਸੰਕੇਤ ਹੈ ਕਿ ਪ੍ਰਧਾਨ ਮੰਤਰੀ ਦਾ ਸਮਾਂ ਪੂਰਾ ਹੋ ਗਿਆ ਹੈ।’ ਉਨ੍ਹਾਂ ਨੇ ਮੰਤਰੀਆਂ ਨੂੰ ‘ਇਸੇ ਤਰ੍ਹਾਂ ਦਾ ਨੈਤਿਕ ਸਾਹਸ’ ਦਿਖਾਉਣ ਅਤੇ ਅਸਤੀਫ਼ਾ ਦੇਣ ਦੀ ਅਪੀਲ ਕੀਤੀ। ਜੇਕਰ ਜਾਨਸਨ ਇਸੇ ਤਰ੍ਹਾਂ ਦਾ ਸਮਰਥਨ ਗੁਆਉਦੇ ਰਹਿੰਦੇ ਹਨ, ਤਾਂ ਸੰਭਵ ਹੈ ਕਿ ਉਨ੍ਹਾਂ ਦੇ ਪ੍ਰਧਾਨ ਮੰਤਰੀ ਦਾ ਕਾਰਜਕਾਲ ਕੁਝ ਦਿਨਾਂ ਵਿਚ ਖ਼ਤਮ ਹੋ ਜਾਵੇਗਾ।

Comments are closed, but trackbacks and pingbacks are open.