ਢਾਈ ਲੱਖ ਪੌਂਡ ਫਿਰੌਤੀ ਲਈ ਨੌਜਵਾਨ ਅਗਵਾ ਕੇਸ

ਦੋਸ਼ੀਆ ਨੂੰ ਕੁਲ 79 ਸਾਲ ਕੈਦ ਦੀ ਸਜ਼ਾ

ਲੰਡਨ (ਸਰਬਜੀਤ ਸਿੰਘ ਬਨੂੜ) – ਨੌਟਿੰਘਮ ਕਰਾਊਨ ਕੋਰਟ ਨੇ ਇਕ ਵਿਅਕਤੀ ਨੂੰ ਅਗਵਾ ਕਰਨ ਅਤੇ ਬਲੈਕਮੇਲ ਕਰਨ ਦੀ ਸਾਜ਼ਿਸ਼ ਰਚਣ ਦੇ ਦੋਵਾਂ ਮਾਮਲਿਆਂ ਵਿੱਚ 5 ਪੰਜਾਬੀਆਂ ਅਤੇ ਇਕ ਗੋਰੇ ਨੂੰ ਦੋਸ਼ੀ ਮੰਨਦਿਆਂ ਹਰੇਕ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਨੌਟਿੰਘਮ ਪੁਲਸ ਦੇ ਡਿਟੈਕਟਿਵ ਚੀਫ਼ ਇੰਸਪੈਕਟਰ ਕਲੇਰ ਡੀਨ ਨੇ ਕਿਹਾ ਕਿ ਇੱਕ ਪਰਿਵਾਰਕ ਵਿਅਕਤੀ ਨੂੰ ਨੌਟਿੰਘਮ ਵਿੱਚ ਇੱਕ ਘਰ ਵਿੱਚ ਬੁਲਾਇਆ ਗਿਆ ਸੀ, ਜਿੱਥੇ ਉਸਨੂੰ ਬੰਨ੍ਹ ਕੇ ਉਸਦੀ ਸੁਰੱਖਿਅਤ ਵਾਪਸੀ ਲਈ 250,000 ਪੌਂਡ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ।

ਪੁਲਸ ਅਨੁਸਾਰ 43 ਸਾਲਾ ਪੀੜਤ ਆਪਣੇ ਪਿਤਾ ਦੇ 60ਵੇਂ ਜਨਮਦਿਨ ਲਈ ਹਾਲ ਬੁੱਕ ਕਰਨ ਗਿਆ ਸੀ, ਜਿਥੇ ਉਸ ਨੂੰ ਕਾਲੇ ਕੱਪੜੇ ਪਹਿਨੇ ਅਤੇ ਮੂੰਹ ਢਕੇ ਦੋ ਵਿਅਕਤੀਆਂ ਨੇ ਉਸ ’ਤੇ ਹਮਲਾ ਕੀਤਾ ਅਤੇ ਫਿਰ ਬੰਧਕ ਬਣਾ ਲਿਆ। ਜਿਸ ਤੋਂ ਉਨ੍ਹਾਂ ਨੇ ਉਸਦੀ ਪਤਨੀ ਅਤੇ ਪਿਤਾ ਤੋਂ ਵੱਡੀ ਫਿਰੌਤੀ ਦੀ ਮੰਗ ਕੀਤੀ। ਇਸ ਦੌਰਾਨ ਪੁਲਸ ਨੇ ਪੀੜਤ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਤੌਰ ’ਤੇ ਸਿਖਲਾਈ ਪ੍ਰਾਪਤ ਅਧਿਕਾਰੀਆਂ ਅਤੇ ਜਾਸੂਸਾਂ ਦੀਆਂ ਸੇਵਾਵਾਂ ਨਾਲ 32 ਘੰਟੇ ਵਿੱਚ ਮਾਮਲਾ ਹੱਲ ਕਰ ਲਿਆ।

ਅਗਵਾਕਾਰ ਪੁਲਸ ਨੂੰ ਵੇਖ ਪੀੜਤ ਨੂੰ ਗੌਥੌਰਨ ਸਟ੍ਰੀਟ ਵਿੱਚ ਬਾਹਾਂ ਬੰਨ੍ਹ, ਇੱਕ ਵਾਹਨ ਤੋਂ ਬਾਹਰ ਸੁੱਟ ਗਏ। ਜਿਸ ਤੋਂ ਬਾਅਦ ਉਸ ਦਾ ਇਲਾਜ ਕਰਵਾ ਕੇ ਉਸ ਨੂੰ ਘਰ ਭੇਜ ਦਿੱਤਾ ਗਿਆ। ਜਾਸੂਸਾਂ ਨੇ ਸ਼ੱਕੀ ਵਿਅਕਤੀਆਂ ਦਾ ਪਤਾ ਲਗਾਉਣ ਲਈ ਆਟੋਮੇਟਿਡ ਨੰਬਰ ਪਲੇਟ ਰੀਕੋਗਨੀਸ਼ਨ ਕੈਮਰਿਆਂ ਰਾਹੀਂ ਫ਼ੋਨ ਡਾਟਾ ਦੀ ਵਿਆਪਕ ਪੁੱਛਗਿੱਛ ਅਤੇ ਵਾਹਨਾਂ ਦੀ ਲਗਾਤਾਰ ਗਤੀਵਿਧੀ ’ਤੇ ਨਜ਼ਰ ਰੱਖ ਕੇ ਸਾਰੇ ਸ਼ੱਕੀਆਂ ਨੂੰ ਗਿ੍ਰਫ਼ਤਾਰ ਕਰ ਲਿਆ।

ਨੌਟਿੰਘਮ ਕਰਾਊਨ ਕੋਰਟ ਨੇ ਪਰਿਵਾਰ ਦੇ ਵਿਅਕਤੀ ਨੂੰ ਅਗਵਾ ਕਰਨ ਅਤੇ ਬਲੈਕਮੇਲ ਕਰਨ ਦੀ ਸਾਜ਼ਿਸ਼ ਰਚਣ ਦੇ ਦੋਵਾਂ ਮਾਮਲਿਆਂ ਵਿੱਚ 58 ਸਾਲਾ ਦਰਸ਼ਨ ਰਾਠੂਰ ਨੂੰ 16 ਸਾਲ ਦੀ ਸਜ਼ਾ, 30 ਸਾਲਾ ਸਿਰਵਾਨ ਰਾਠੂਰ ਨੂੰ 13 ਸਾਲ ਦੀ ਸਜ਼ਾ, 34 ਸਾਲਾ ਇੰਦਰਪਾਲ ਸਿੰਘ ਨੂੰ 14 ਸਾਲਦੀ ਸਜ਼ਾ, ਜੈਮੀ ਰੈਗੇਟ ਨੂੰ 12 ਸਾਲ ਦੀ ਸਜ਼ਾ, 56 ਸਾਲਾ ਨਰਵੀਰ ਸਿੰਘ ਨੂੰ ਛੇ ਸਾਲ ਦੀ ਸਜ਼ਾ, 39 ਸਾਲਾ ਖਾਲਸਾ ਜੋਗਾ ਸਿੰਘ-ਦਿਗਪਾਲ ਨੂੰ 18 ਸਾਲ ਦੀ ਸਜ਼ਾ ਸੁਣਾਈ ਹੈ।

Comments are closed, but trackbacks and pingbacks are open.