ਗੱਤਕਾ ਫੈਡਰੇਸਨ ਯੂਕੇ ਵੱਲੋਂ ਗੱਤਕਾ ਚੈਂਪੀਅਨਸ਼ਿਪ ਦੌਰਾਨ ਸੰਤ ਸੀਚੇਵਾਲ ਦਾ ਵਿਸ਼ੇਸ਼ ਸਨਮਾਨ

ਸੰਤ ਸੀਚੇਵਾਲ ਦਾ ਸਨਮਾਨ ਕਰਨ ਲਈ ਗੱਤਕਾ ਫੈਡਰੇਸਨ ਵਧਾਈ ਦੀ ਪਾਤਰ- ਮਨਜੀਤ ਸਿੰਘ ਸ਼ਾਲਾਪੁਰੀ

ਗਲਾਸਗੋ/ ਲੰਡਨ (ਮਨਦੀਪ ਸਿੰਘ ਖੁਰਮੀ)-

ਲਮਿੰਗਟਨ ਸਪਾ ਵਿਖੇ 8ਵੀਂ ਗੱਤਕਾ ਚੈਂਪੀਅਨਸ਼ਿਪ ਦਾ ਆਯੋਜਨ ਗੱਤਕਾ ਫੈਡਰੇਸਨ ਯੂਕੇ ਦੇ ਵਿਸ਼ੇਸ਼ ਉੱਦਮ ਨਾਲ ਕਰਵਾਇਆ ਗਿਆ।

ਇਸ ਚੈਂਪੀਅਨਸ਼ਿਪ ਦੌਰਾਨ ਸੈਂਕੜਿਆਂ ਦੀ ਤਾਦਾਦ ਵਿੱਚ ਭੁਜੰਗੀ ਸਿੰਘਾਂ ਤੇ ਸਿੰਘਣੀਆਂ ਨੇ ਬਹੁਤ ਹੀ ਉਤਸ਼ਾਹ ਪੂਰਵਕ ਹਾਜ਼ਰੀ ਭਰੀ।ਇਸ ਚੈਂਪੀਅਨਸ਼ਿਪ ਦੌਰਾਨ ਸੰਤ ਬਲਵੀਰ ਸਿੰਘ ਸੀਚੇਵਾਲ (ਰਾਜ ਸਭਾ ਮੈਂਬਰ, ਪੰਜਾਬ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਗੱਤਕਾ ਫੈਡਰੇਸਨ ਯੂਕੇ ਦੇ ਪ੍ਰਧਾਨ ਤਨਮਨਜੀਤ ਸਿੰਘ ਢੇਸੀ (ਐੱਮ ਪੀ) ਵੱਲੋਂ ਜੀ ਆਇਆਂ ਕਿਹਾ ਗਿਆ।

ਇਸ ਸਮੇਂ ਜਿੱਥੇ ਇਸ ਚੈਂਪੀਅਨਸ਼ਿਪ ਦੌਰਾਨ ਜੇਤੂਆਂ ਨੂੰ ਤਨਮਨਜੀਤ ਸਿੰਘ ਢੇਸੀ ਵੱਲੋਂ ਹਾਰਦਿਕ ਵਧਾਈ ਪੇਸ਼ ਕੀਤੀ ਗਈ ਉੱਥੇ ਇਨਾਮ ਵੀ ਤਕਸੀਮ ਕੀਤੇ ਗਏ।

ਇਸ ਸਮੇਂ ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਵੀ ਉਹਨਾਂ ਦੀਆਂ ਸਮਾਜਸੇਵੀ ਗਤੀਵਿਧੀਆਂ ਦੇ ਸੰਦਰਭ ਵਿੱਚ ਸਨਮਾਨਿਆ ਗਿਆ।

ਇਸ ਸਨਮਾਨ ਸਮਾਗਮ ਦੌਰਾਨ ਹਰਮਨ ਸਿੰਘ ਜੌਹਲ (ਸਕੱਤਰ ਗੱਤਕਾ ਫੈਡਰੇਸਨ ਯੂਕੇ), ਦਲਬਿੰਦਰ ਸਿੰਘ ਕਵੈਂਟਰੀ, ਪਰਮਜੀਤ ਸਿੰਘ ਰਾਜਪੁਰ (ਮੈਂਬਰ SGPC ਆਦਮਪੁਰ), ਆਮ ਆਦਮੀ ਪਾਰਟੀ ਯੂਕੇ ਦੇ ਆਗੂ ਮਨਜੀਤ ਸਿੰਘ ਸ਼ਾਲਾਪੁਰੀ, ਡਾ. ਚਰਨ ਸਿੰਘ ਸਿੱਧੂ (ਐਸੈਕਸ), ਜਸਬੀਰ ਸਿੰਘ ਢੇਸੀ (ਬਾਰਕਿੰਗ), ਤਰਲੋਚਨ ਸਿੰਘ ਬਡਿਆਲ (ਐਸਕੋਰਟ), ਹਰਨੇਕ ਸਿੰਘ ਨੇਕਾ ਮੈਰੀਪੁਰੀਆ (ਬਰਮਿੰਘਮ), ਸੁਖਦੇਵ ਸਿੰਘ ਸਿੱਧੂ (ਬਰਮਿੰਘਮ), ਸਾਹਿਬ ਸਿੰਘ ਢੇਸੀ ਗ੍ਰੇਵਜੈਂਡ, ਰਵਿੰਦਰ ਸਿੰਘ ਜੱਸੜ USA, ਦਵਿੰਦਰ ਸਿੰਘ ਪਤਾਰਾ (ਗ੍ਰੇਵਜੈਂਡ), ਰਣਜੀਤ ਸਿੰਘ ਰਾਣਾ (ਬਰਮਿੰਘਮ), ਰਜਿੰਦਰ ਸਿੰਘ ਪੁਰੇਵਾਲ (ਡਰਬੀ) ਅਤੇ ਭਗਵਾਨ ਸਿੰਘ ਜੌਹਲ (ਪੰਜਾਬ) ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਸੰਬੰਧੀ ਬੋਲਦਿਆਂ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਚੈਂਪੀਅਨਸ਼ਿਪ ਦੇ ਸਨਮਾਨ ਸਮਾਰੋਹ ਦੌਰਾਨ ਸੰਤ ਸੀਚੇਵਾਲ ਜੀ ਦੀ ਹਾਜ਼ਰੀ ਸਾਡੇ ਲਈ ਮਾਣ ਵਾਲੀ ਗੱਲ ਹੈ।

ਸ: ਮਨਜੀਤ ਸਿੰਘ ਸ਼ਾਲਾਪੁਰੀ ਨੇ ਕਿਹਾ ਕਿ ਸੰਤ ਬਲਵੀਰ ਸਿੰਘ ਸੀਚੇਵਾਲ ਜੀ ਬੇਸ਼ੱਕ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਨ ਪਰ ਪਿਛਲੇ ਕਈ ਦਹਾਕਿਆਂ ਤੋਂ ਸਮਾਜ ਸੇਵਾ ਅਤੇ ਵਾਤਾਵਰਨ ਸੰਭਾਲ ਵਰਗੇ ਗੰਭੀਰ ਮੁੱਦਿਆਂ ‘ਤੇ ਉਹਨਾਂ ਵੱਲੋਂ ਕੀਤੇ ਜਾ ਰਹੇ ਕਾਰਜ ਬੇਹੱਦ ਸਲਾਹੁਣਯੋਗ ਹਨ।

ਗੱਤਕਾ ਫੈਡਰੇਸਨ ਯੂਕੇ ਵੱਲੋਂ ਸੰਤ ਜੀ ਨੂੰ ਸਨਮਾਨਿਤ ਕਰਨ ਲਈ ਫੈਡਰੇਸਨ ਦੇ ਪ੍ਰਧਾਨ ਤਨਮਨਜੀਤ ਸਿੰਘ ਢੇਸੀ ਤੇ ਉਹਨਾਂ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।

Comments are closed, but trackbacks and pingbacks are open.