ਗੋਲਡਨ ਵਿਰਸਾ ਯੂ.ਕੇ ਵਲੋਂ ਤੀਆਂ ਦਾ ਤਿਉਹਾਰ ਧੂਮ ਧੜੱਕੇ ਨਾਲ ਸਮਾਪਤ

ਸਾਊਥਾਲ ਈਲਿੰਗ ਦੇ ਮੇਅਰ ਮਹਿੰਦਰ ਕੌਰ ਮਿੱਢਾ ਮੁੱਖ ਮਹਿਮਾਨ ਬਣੇ

ਲੰਡਨ (ਰਾਜਵੀਰ ਸਮਰਾ) – ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸਾਊਥਾਲ ਵਿਖੇ ਵਿਦੇਸ਼ ’ਚ ਰਹਿ ਰਹੀ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਲਈ ਹਮੇਸ਼ਾ ਯਤਨਸ਼ੀਲ ਨਾਮਵਰ ਸੰਸਥਾ ਗੋਲਡਨ ਵਿਰਸਾ ਯੂ.ਕੇ ਵੱਲੋਂ ਸਜ ਵਿਆਹੀਆਂ, ਮੁਟਿਆਰਾਂ ਅਤੇ ਔਰਤਾਂ ਲਈ ਹਰ ਸਾਲ ਦੀ ਤਰ੍ਹਾਂ ਤੀਆਂ ਦਾ ਮੇਲਾ ਪ੍ਰਬੰਧਕ ਨਸੀਬ ਕੌਰ ਮੱਲ੍ਹੀ, ਰਾਜਨਦੀਪ ਕੌਰ ਸਮਰਾ, ਸ਼ਿੰਦੋ ਗਰੇਵਾਲ, ਪਰਮਜੀਤ ਕੌਰ ਬਰਾੜ, ਕੁਲਵੰਤ ਕੌਰ, ਸਰਬਜੀਤ ਕੌਰ ਤੇ ਕਮਲਜੀਤ ਕੌਰ ਧਾਮੀ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਦੌਰਾਨ ਮੁੱਖ ਮਹਿਮਾਨ ਦੇ ਤੌਰ ’ਤੇ ਸਾਊਥਾਲ ਈਲਿੰਗ ਦੇ ਮੇਅਰ ਮਹਿੰਦਰ ਕੌਰ ਮਿੱਡਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਗੋਲਡਨ ਵਿਰਸਾ ਯੂ.ਕੇ ਵੱਲੋਂ ਮਹਿੰਦਰ ਕੌਰ ਮਿੱਡਾ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ ਗਿਆ।

ਇਸ ਮੌਕੇ ਜਿੱਥੇ ਲੰਡਨ ਦੇ ਵੱਖ-ਵੱਖ ਸ਼ਹਿਰਾਂ ਤੋਂ ਆਈਆਂ ਪੰਜਾਬੀ ਪਹਿਰਾਵੇ ’ਚ ਸਜੀਆਂ ਵਿਆਹੀਆਂ ਮੁਟਿਆਰਾਂ ਨੇ ਬੋਲੀਆਂ, ਗਿੱਧਾ, ਕਿੱਕਲੀ ਆਦਿ ਪਾ ਕੇ ਰੌਣਕ ਲਾਈ, ਉੱਥੇ ਹੀ ਇਸ ਮੌਕੇ ਕਵਿਤਰੀ ਕੁਲਵੰਤ ਕੌਰ ਢਿੱਲੋਂ ਦਾ ਮੁੱਖ ਮਹਿਮਾਨ, ਮੇਅਰ ਮਿੱਡਾ ਤੇ ਪ੍ਰਬੰਧਕਾਂ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਸਨਮਾਨ ਕਰਨ ਉਪਰੰਤ ਮਹਿੰਦਰ ਕੌਰ ਮਿੱਡਾ ਨੇ ਜਿਥੇ ਗੋਲਡਨ ਵਿਰਸਾ ਯੂ.ਕੇ ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਲਈ ਕਰਵਾਏ ਜਾ ਰਹੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ, ਉੱਥੇ ਹੀ ਉਨ੍ਹਾਂ ਨੇ ਇਸ ਲਈ ਗੋਲਡਨ ਵਿਰਸਾ ਯੂ.ਕੇ ਦੇ ਐੱਮ.ਡੀ. ਰਾਜਨਦੀਪ ਕੌਰ ਸਮਰਾ ਨੂੰ ਵਧਾਈ ਵੀ ਦਿੱਤੀ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਨ ਲਈ ਗੋਲਡਨ ਵਿਰਸਾ ਯੂ.ਕੇ ਦੀਆਂ ਗਤੀਵਿਧੀਆਂ ਲਈ ਮੇਰੇ ਵੱਲੋਂ ਹਰ ਤਰ੍ਹਾਂ ਦਾ ਆਰਥਿਕ ਤੇ ਸਰਕਾਰੀ ਤੌਰ ’ਤੇ ਪੂਰਨ ਸਹਿਯੋਗ ਕੀਤਾ ਜਾਵੇਗਾ।

ਇਸ ਦੌਰਾਨ ਰਾਜਨਦੀਪ ਕੌਰ ਸਮਰਾ ਨੇ ਮਹਿੰਦਰ ਕੌਰ ਮਿੱਡਾ ਦਾ ਆਪਣੇ ਕੀਮਤੀ ਸਮੇਂ ’ਚੋਂ ਗੋਲਡਨ ਵਿਰਸਾ ਯੂ.ਕੇ ਦੇ ਕਰਵਾਏ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨ ਅਤੇ ਉਨ੍ਹਾਂ ਵੱਲੋਂ ਦਿੱਤੇ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਪ੍ਰਬੰਧਕ ਨਸੀਬ ਕੌਰ ਮੱਲ੍ਹੀ, ਸੁਰਿੰਦਰ ਕੌਰ ਗਰੇਵਾਲ, ਕਮਲਜੀਤ ਕੌਰ ਧਾਮੀ, ਕੁਲਵੰਤ ਕੌਰ ਗਿੱਲ ਅਤੇ ਰਾਜਨਦੀਪ ਕੌਰ ਸਮਰਾ ਨੇ ਮੇਅਰ ਮਹਿੰਦਰ ਕੌਰ ਮਿੱਡਾ ਨੂੰ ਜੀ ਆਇਆਂ ਆਖਿਆ ਤੇ ਉਨ੍ਹਾਂ ਵੱਲੋਂ ਦਿੱਤੇ ਜਾਂਦੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਇਸ ਦੌਰਾਨ ਸਮੋਸੇ, ਮਠਿਆਈ ਤੇ ਕੋਲਡ ਡਰਿੰਕ ਦੇ ਅਟੁੱਟ ਲੰਗਰ ਦੀ ਵਰਤਾਏ ਗਏ।

Comments are closed, but trackbacks and pingbacks are open.