ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) -ਕੋਪ 26 ਸੰਮੇਲਨ ਦੌਰਾਨ ਸਕਾਟਲੈਂਡ ਦੀ ਧਰਤੀ ‘ਤੇ ਵੱਖ-ਵੱਖ ਸੰਸਥਾਵਾਂ, ਸੰਗਠਨਾਂ ਵੱਲੋਂ ਵੱਖ-ਵੱਖ ਮੁੱਦਿਆਂ ‘ਤੇ ਆਪਣਾ ਵਿਰੋਧ ਦਰਜ ਕਰਨ ਲਈ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਦੇ ਸੱਦੇ ‘ਤੇ ਗਲਾਸਗੋ ਦੇ ਜਾਰਜ ਸਕੁਏਅਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਬਰਤਾਨੀਆ ਦੇ ਵੱਖ ਵੱਖ ਸ਼ਹਿਰਾਂ ਵਿੱਚੋਂ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਲਵਸ਼ਿੰਦਰ ਸਿੰਘ ਡੱਲੇਵਾਲ (ਐੱਫ ਐੱਸ ਓ), ਜਸਵਿੰਦਰ ਸਿੰਘ (ਸਿੱਖ ਨੈੱਟਵਰਕ), ਕਿਰਨਜੀਤ ਕੌਰ (ਕੌਰ ਫਾਰਮਰਜ਼), ਗੁਰਪ੍ਰੀਤ ਸਿੰਘ ਜੌਹਲ (ਫਰੀ ਜੱਗੀ ਨਾਓ), ਡਾ: ਇਰਫਾਨ ਜਹਾਂਗੀਰ (ਸਕਾਟਿਸ਼ ਹਿਊਮਨ ਰਾਈਟ ਫਾਰਮ), ਸੁਖਵਿੰਦਰ ਸਿੰਘ (ਸਿੱਖ ਫੈਡਰੇਸ਼ਨ ਯੂਕੇ), ਕੁਲਦੀਪ ਸਿੰਘ ਚਹੇੜੂ (ਐੱਫ ਐੱਸ ਓ), ਜਸਪਾਲ ਸਿੰਘ (ਸੈਂਟਰਲ ਗੁਰਦੁਆਰਾ ਸਿੰਘ ਸਭਾ), ਦਬਿੰਦਰਜੀਤ ਸਿੰਘ (ਐਡਵਾਈਜ਼ਰ ਟੂ ਸਿੱਖ ਫੈਡਰੇਸ਼ਨ ਯੂਕੇ), ਅਮਰੀਕ ਸਿੰਘ ਗਿੱਲ (ਸਿੱਖ ਫੈਡਰੇਸ਼ਨ ਯੂਕੇ), ਤਰਸੇਮ ਸਿੰਘ ਦਿਓਲ ਆਦਿ ਪ੍ਰਮੁੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਦੇਸ਼ ਦੇ ਅੰਨਦਾਤੇ ਕਿਸਾਨ, ਮਜਦੂਰ ਦੀ ਦੁਰਗਤੀ ਕਰਨ ‘ਤੇ ਤੁਲੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਰਤਾਨੀਆ ਦੀ ਧਰਤੀ ‘ਤੇ ਸਵਾਗਤ ਨਹੀਂ ਹੈ। ਇਸ ਸੰਬੋਧਨ ਦੌਰਾਨ ਬੁਲਾਰਿਆਂ ਨੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ, ਮੋਰਚੇ ਦੌਰਾਨ ਹੋਈਆਂ ਸੈਂਕੜੇ ਸ਼ਹੀਦੀਆਂ, ਭਾਜਪਾ ਸਰਕਾਰ ਦੌਰਾਨ ਘੱਟ ਗਿਣਤੀਆਂ ‘ਤੇ ਅਤਿਆਚਾਰ ਅਤੇ ਸਕਾਟਲੈਂਡ ਦੇ ਨੌਜਵਾਨ ਜੱਗੀ ਜੌਹਲ ਦੀ ਰਿਹਾਈ ਸਬੰਧੀ ਅਵਾਜ਼ ਬੁਲੰਦ ਕੀਤੀ। ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ ਉੱਪਰ 3 ਕਾਲੇ ਕਨੂੰਨ ਥੋਪ ਕੇ ਉਨ੍ਹਾਂ ਦੀਆਂ ਜ਼ਮੀਨਾਂ ਅੰਬਾਨੀਆਂ, ਅਡਾਨੀਆਂ ਦੇ ਹੱਥਾਂ ਵਿੱਚ ਸੌਂਪਣ ਦੀ ਲੁਕਵੀਂ ਤਿਆਰੀ ਜੱਗ ਜਾਹਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਕਿਸਾਨ ਅੰਦੋਲਨ ਦੀ ਪਿੱਠ ‘ਤੇ ਖੜ੍ਹੇ ਹਨ। ਇਸ ਰੋਸ ਪ੍ਰਦਰਸ਼ਨ ਦੌਰਾਨ ਭਾਰੀ ਗਿਣਤੀ ਵਿੱਚ ਸਥਾਨਕ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ।
2021-11-02
Comments are closed, but trackbacks and pingbacks are open.