ਗਲਾਸਗੋ ਗੁਰੂਘਰ ਵਿਖੇ ਵਿਸ਼ੇਸ਼ ਸੱਦਾ ਪੱਤਰ ’ਤੇ ਪੁੱਜੇ ਬਰਤਾਨੀਆ ਵਿੱਚ ਭਾਰਤੀ ਹਾਈ ਕਮਿਸ਼ਨਰ ਨੂੰ ਦਾਖਲ ਹੋਣ ਤੋਂ ਰੋਕਿਆ ਗਿਆ

ਪੰਜਾਬੀ ਭਾਈਚਾਰੇ ਨੇ ਕਾਰਵਾਈ ’ਤੇ ਰੋਸ ਜਤਾਇਆ

ਸਕਾਟਲੈਂਡ – ਬਰਤਾਨੀਆ ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੂੰ ਸ਼ੁੱਕਰਵਾਰ ਨੂੰ ਗਲਾਸਗੋ ਦੇ ਇੱਕ ਗੁਰਦੁਆਰੇ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਸੋਸ਼ਲ ਮੀਡੀਆ ਦੀ ਇੱਕ ਕਥਿਤ ਵੀਡੀਓ ਦੇ ਅਨੁਸਾਰ, ਕਥਿਤ ਤੌਰ ’ਤੇ ਦੋ ਵਿਅਕਤੀ ਖਾਲਿਸਤਾਨੀ ਸਮਰਥਕ ਦੋਰਾਇਸਵਾਮੀ ਨੂੰ ਅਲਬਰਟ ਡਰਾਈਵ ’ਤੇ ਗਲਾਸਗੋ ਗੁਰਦੁਆਰੇ ਵਿੱਚ ਦਾਖਲ ਹੋਣ ਤੋਂ ਰੋਕਦੇ ਦੇਖਿਆ ਗਿਆ ਸੀ। ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈਕੇ ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਵਿਵਾਦ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪਾਰਕਿੰਗ ਖੇਤਰ ’ਚ ਹਾਈ ਕਮਿਸ਼ਨਰ ਦੀ ਕਾਰ ਦੇ ਨੇੜੇ ਦੋ ਆਦਮੀ ਦਿਖਾਈ ਦੇ ਰਹੇ ਹਨ। ਇਨ੍ਹਾਂ ’ਚੋਂ ਇੱਕ ਵਿਅਕਤੀ ਕਾਰ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ, ਜੋ ਅੰਦਰੋਂ ਬੰਦ ਹੈ। ਵੀਡੀਓ ਵਿੱਚ ਫਿਰ ਇੱਕ ਹੋਰ ਵਿਅਕਤੀ ਕੈਮਰੇ ’ਤੇ ਬੋਲਦਾ ਦਿਖਾਈ ਦੇ ਰਿਹਾ ਹੈ ਕਿ ਗੁਰਦੁਆਰੇ ਵਿੱਚ ਆਉਣ ਵਾਲੇ ਕਿਸੇ ਵੀ ਭਾਰਤੀ ਰਾਜਦੂਤ ਜਾਂ ਕਿਸੇ ਵੀ ਭਾਰਤੀ ਸਰਕਾਰੀ ਅਧਿਕਾਰੀ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਵੇਗਾ। ਉਸ ਨੇ ਅੱਗੇ ਕਿਹਾ, ਅਸੀਂ ਜਾਣਦੇ ਹਾਂ ਕਿ ਉਹ ਕਿਹੜੀਆਂ ਖੇਡਾਂ ਖੇਡ ਰਹੇ ਹਨ, ਕੈਨੇਡਾ ਵਿੱਚ ਕੀ ਹੋ ਰਿਹਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਨੇ ਖੁੱਲ੍ਹੇਆਮ ਭਾਰਤ ਦੀ ਨਿੰਦਾ ਕੀਤੀ ਹੈ ਅਤੇ ਭਾਰਤੀ ਡਿਪਲੋਮੈਟਾਂ ਨੂੰ ਕੱਢ ਦਿੱਤਾ ਹੈ।

ਇੱਕ ਖਾਲਿਸਤਾਨੀ ਸਮਰਥਕ ਨੇ ਟਾਈਮਜ਼ ਆਫ਼ ਇੰਡੀਆ ਨੂੰ ਦੱਸਿਆ ਕਿ ਭਾਰਤੀ ਹਾਈ ਕਮਿਸ਼ਨਰ ਨੇ ਐਲਬਰਟ ਡਰਾਈਵ ’ਤੇ ਗਲਾਸਗੋ ਗੁਰਦੁਆਰੇ ਦੀ ਗੁਰਦੁਆਰਾ ਕਮੇਟੀ ਨਾਲ ਮੀਟਿੰਗ ਕਰਨੀ ਸੀ। ਕਾਰਕੁੰਨ ਨੇ ਕਿਹਾ ‘‘ਕੁਝ ਲੋਕ ਆਏ ਅਤੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦਾ ਸਵਾਗਤ ਨਹੀਂ ਹੈ ਅਤੇ ਉਹ ਚਲੇ ਗਏ। ਮਾਮੂਲੀ ਤਕਰਾਰ ਹੋਈ। ਮੈਨੂੰ ਨਹੀਂ ਲੱਗਦਾ ਕਿ ਜੋ ਕੁੱਝ ਹੋਇਆ ਗੁਰਦੁਆਰਾ ਕਮੇਟੀ ਇਸ ਤੋਂ ਬਹੁਤ ਖੁਸ਼ ਹੈ। ਪਰ ਯੂ.ਕੇ ਦੇ ਕਿਸੇ ਵੀ ਗੁਰਦੁਆਰੇ ਵਿੱਚ ਭਾਰਤੀ ਅਧਿਕਾਰੀਆਂ ਦਾ ਸੁਆਗਤ ਨਹੀਂ ਹੋਵੇਗਾ। ਅਸੀਂ ਯੂ.ਕੇ ਦੀ ਮਿਲੀਭੁਗਤ ਤੋਂ ਤੰਗ ਆ ਚੁੱਕੇ ਹਾਂ। ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਤਾਜ਼ਾ ਤਣਾਅ ਕਾਰਨ ਬਿ੍ਰਟਿਸ਼ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਦਾ ਸਬੰਧ ਅਵਤਾਰ ਸਿੰਘ ਖੰਡਾ ਅਤੇ ਜਗਤਾਰ ਸਿੰਘ ਜੌਹਲ ਨਾਲ ਵੀ ਹੈ। ਪਰ ਇਸ ਵਿਰੋਧਤਾ ਦੀ ਪੰਜਾਬੀ ਭਾਈਚਾਰੇ ਨੇ ਨਿੰਦਾ ਕਰਦਿਆਂ ਕਿਹਾ ਕਿ ਗੁਰੂਘਰ ਸਭ ਦੇ ਸਾਂਝੇ ਹਨ ਅਤੇ ਖਾਸ ਕਰਕੇ ਵਿਸ਼ੇਸ਼ ਸੱਦੇ ’ਤੇ ਬੁਲਾਏ ਕਿਸੇ ਇਨਸਾਨ ਨਾਲ ਬਦਸਲੂਕੀ ਨਹੀਂ ਕਰਨੀ ਚਾਹੀਦੀ।

Comments are closed, but trackbacks and pingbacks are open.