ਕੋਰੋਨਾ ਵਾਇਰਸ ਦੇ ਨਵੇਂ ਰੂਪ ‘ਓਮੀਕਰੋਨ’ ਕਾਰਨ ਵਧ ਸਕਦੀਆਂ ਹਨ ਮੁਸ਼ਕਿਲਾਂ

* ਅਮਰੀਕਾ ਵਿਚ ਅਜੇ ਕੋਈ ਮਾਮਲਾ ਸਾਹਮਣੇ ਨਹੀਂ ਆਇਆ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਸਿਹਤ ਮਾਹਿਰਾਂ ਨੇ ਕਿਹਾ ਹੈ ਕਿ ਜੇਕਰ ਰਹਿੰਦੇ ਲੋਕਾਂ ਨੇ ਕੋਵਿਡ-19 ਵੈਕਸੀਨ ਨਾ ਲਵਾਈ ਜਾਂ ਬੂਸਟਰ ਖੁਰਾਕ ਨਹੀਂ ਲਈ ਜਾਂਦੀ ਤਾਂ ਕੋਰੋਨਾ ਵਾਇਰਸ ਦੇ ਨਵੇਂ ਰੂਪ ‘ਓਮੀਕਰੋਨ’ ਕਾਰਨ ਮੁਸ਼ਕਿਲਾਂ ਵਧ ਸਕਦੀਆਂ ਹਨ ਤੇ ਸਖਤ ਕੋਵਿਡ-19 ਬੰਦਸ਼ਾਂ ਮੁੜ ਲਾਗੂ ਕਰਨੀਆਂ ਪੈ ਸਕਦੀਆਂ ਹਨ। ਨਵਾਂ ‘ਓਮੀਕਰੋਨ’ ਕੋਰੋਨਾਵਾਇਰਸ ਜਿਸ ਨੂੰ ਬੀ.1.1.529 ਦਾ ਨਾਂ ਵੀ ਦਿੱਤਾ ਗਿਆ ਹੈ, ਕਾਰਨ ਕੌਮਾਂਤਰੀ ਯਾਤਰਾ ਪਾਬੰਦੀਆਂ ਪਹਿਲਾਂ ਹੀ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਵਿਸ਼ਵ ਸਿਹਤ ਸੰਗਠਨ ਆਪਣੇ ਪੱਧਰ ‘ਤੇ ਇਸ ਵਾਇਰਸ ਨੂੰ ਚਿੰਤਾ ਦਾ ਕਾਰਨ  ਐਲਾਨ ਚੁੱਕਾ ਹੈ। ‘ਸੈਂਟਰ ਫਾਰ ਡਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ‘ ਨੇ ਕਿਹਾ ਹੈ ਕਿ ਅਮਰੀਕਾ ਵਿਚ ਅਜੇ ਤੱਕ ‘ਓਮੀਕਰੋਨ’ ਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਪਰੰਤੂ ਚੌਕਸੀ ਵਰਤਣ ਦੀ ਲੋੜ ਹੈ। ‘ਨੈਸ਼ਨਲ ਇੰਸਟੀਚਿਊਟਸ ਆਫ ਹੈਲਥ’ ਦੇ ਮੁੱਖੀ ਡਾਕਟਰ ਫਰਾਂਸਿਸ ਕੋਲਿਨਜ ਨੇ ਕਿਹਾ ਹੈ ਕਿ ਅਮਰੀਕਾ ਵਿਚ ਨਵੇਂ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਦੀ ਸੰਭਾਵਨਾ ਹੈ।   ਉਨ੍ਹਾਂ ਕਿਹਾ ਹੈ ”ਯੂਰਪ ਵਿਚ ਓਮੀਕਰੋਨ ਫੈਲ ਰਿਹਾ ਹੈ। ਜਿਸ ਨੂੰ ਰੋਕਣ ਲਈ ਸਾਡੇ ਕੋਲ ਪਹਿਲਾਂ ਮੌਜੂਦ ਸਾਧਨਾਂ ਤੇ ਢੰਗ ਤਰੀਕਿਆਂ ਨੂੰ ਵਰਤਣ ਦੀਆਂ ਕੋਸ਼ਿਸ਼ਾਂ ਦੁੱਗਣੀਆਂ ਕਰਨੀਆਂ ਹੋਣਗੀਆਂ।  ਵੈਕਸੀਨ ਲਵਾਉਣ ਤੇ ਬੂਸਟਰ ਖੁਰਾਕ ਲੈਣ ਦੀ ਲੋੜ ਹੈ। ਪਹਿਲਾਂ ਵਾਂਗ ਹੀ ਕਮਰੇ ਵਿਚ ਮੌਜੂਦ ਉਨ੍ਹਾਂ ਲੋਕਾਂ ਦੀ ਹਾਜਰੀ ਵਿਚ ਮਾਸਕ ਪਾਉਣ ਦੀ ਲੋੜ ਹੈ ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਈ ਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਜਰੂਰਤ ਹੈ।” ਡਾਕਟਰ ਕੋਲਿਨਜ ਨੇ ਕਿਹਾ ਹੈ ‘ ਤੁਸੀਂ ਇਹ ਗੱਲ ਸੁਣ ਸੁਣ ਕੇ  ਅੱਕ ਚੁੱਕੇ ਹੋਵੇਗੇ ਪਰੰਤੂ ਵਾਇਰਸ ਅਜੇ ਨਾ ਥੱਕਿਆ ਹੈ ਤੇ ਨਾ ਟੁੱਟਿਆ ਹੈ। ਇਹ ਨਵੇਂ ਰੂਪ ਵਿਚ  ਸਾਹਮਣੇ ਆ ਰਿਹਾ ਹੈ।” ਉਨ੍ਹਾਂ ਹੋਰ ਕਿਹਾ ਹੈ ਕਿ ਇਹ ਕਹਿਣਾ ਅਜੇ ਜਲਦਬਾਜੀ ਹੋਵੇਗੀ ਕਿ  ਓਮੀਕਰੋਨ ਵਾਇਰਸ ਬਹੁਤ ਗੰਭੀਰ ਬਿਮਾਰੀ ਦਾ ਕਾਰਨ ਬਣ ਸਕਦਾ ਹੈ। ਬਰਾਊਨ ਯੁਨੀਵਰਸਿਟੀ ਸਕੂਲ ਆਫ ਪਬਲਿਕ ਹੈਲਥ ਦੇ ਡੀਨ ਆਸ਼ੀਸ਼ ਝਾਅ ਅਨੁਸਾਰ ਪਿਛਲੇ 5-6 ਮਹੀਨਿਆਂ ਦੌਰਾਨ ਅਸੀਂ ਕੋਰੋਨਾਵਾਇਰਸ ਦੇ ਕਈ ਰੂਪ ਵੇਖੇ ਹਨ ਜਿਨ੍ਹਾਂ ਵਿਚੋਂ ਜਿਆਦਾਤਰ ਨੂੰ ਗੰਭੀਰ ਨਹੀਂ ਸਮਝਿਆ ਗਿਆ ਪਰੰਤੂ ਓਮੀਕਰੋਨ ਵਾਇਰਸ ਵੱਖਰੀ ਤਰਾਂ ਦਾ ਨਜਰ ਆ ਰਿਹਾ ਹੈ।

ਲੱਗ ਸਕਦੀਆਂ ਹਨ ਮੁੜ ਪਾਬੰਦੀਆਂ-  ਕੈਨੇਡਾ ਸਮੇਤ ਉਨ੍ਹਾਂ ਦੇਸ਼ਾਂ ਦੀ ਗਿਣਤੀ ਵਧ ਰਹੀ ਹੈ ਜਿਥੇ ਕੋਰੋਨਾਵਾਇਰਸ ਦੇ ਨਵੇਂ ਰੂਪ ‘ਓਮੀਕਰੋਨ’ ਦੇ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਲੰਘੇ ਐਤਵਾਰ ਕੈਨੇਡਾ ਦੇ ਓਟਾਵਾ ਤੇ ਉਨਟਾਰੀਓ ਵਿਚ ਦੋ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਹ ਦੋਨੋਂ ਵਿਅਕਤੀ ਨਾਈਜੀਰੀਆ ਤੋਂ ਆਏ ਸਨ। ਇਨ੍ਹਾਂ ਦੋਨਾਂ  ਨੂੰ ਇਕਾਂਤਵਾਸ ਵਿਚ ਰਖਿਆ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਨਵੇਂ ਵਾਇਰਸ ਪ੍ਰਤੀ ਲਾਪਰਵਾਹੀ ਵਰਤੀ ਗਈ ਤਾਂ ਇਹ ਖਤਰਨਾਕ ਹੋ ਸਕਦੀ ਹੈ। ਇਸ ਲਈ ਅਜੇ ਵਿਸ਼ਵ ਨੂੰ ਮੁੁਕੰਮਲ ਰੂਪ ਵਿਚ ਪਾਬੰਦੀਆਂ ਮੁਕਤ ਕਰਨਾ ਸੰਭਵ ਨਹੀਂ ਹੈ। ਨਵੇਂ ਸਿਰੇ ਤੋਂ ਸਖਤ ਪਾਬੰਦੀਆਂ ਵੀ ਲਾਉਣੀਆਂ ਪੈ ਸਕਦੀਆਂ ਹਨ।

Comments are closed, but trackbacks and pingbacks are open.