ਕੋਪ 26 ਦੇ ਸਨਮਾਨ ਹਿਤ ਅੰਟਾਰਕਟਿਕਾ ਦੇ ਗਲੇਸ਼ੀਅਰ ਦਾ ਨਾਮ ਰੱਖਿਆ ਗਲਾਸਗੋ ਗਲੇਸ਼ੀਅਰ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਇਸ ਸਾਲ ਦਾ ਕੋਪ 26 ਜਲਵਾਯੂ ਸੰਮੇਲਨ  ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਹੋ ਰਿਹਾ ਹੈ , ਇਸਦੇ ਮੱਦੇਨਜ਼ਰ ਗਲਾਸਗੋ ਸ਼ਹਿਰ ਨੂੰ ਸਨਮਾਨ ਦੇਣ ਲਈ ਪੱਛਮੀ ਅੰਟਾਰਕਟਿਕਾ ਦੇ ਇੱਕ ਅਣਜਾਣ ਗਲੇਸ਼ੀਅਰ ਨੂੰ ਗਲਾਸਗੋ ਗਲੇਸ਼ੀਅਰ ਕਿਹਾ ਜਾਵੇਗਾ। ਅੰਟਾਰਕਟਿਕਾ ਮਹਾਂਦੀਪ ‘ਚ ਤਕਰੀਬਨ 100 ਕਿਲੋਮੀਟਰ ਲੰਬੇ ਇਸ ਬਰਫ ਦੇ ਗਲੇਸ਼ੀਅਰ ਦਾ ਤੇਜ਼ੀ ਨਾਲ ਪਿਘਲਣਾ ਜਾਰੀ ਹੈ।  ਇਸਦੇ ਇਲਾਵਾ ਅੱਠ ਹੋਰ ਨੇੜਲੇ ਗਲੇਸ਼ੀਅਰਾਂ ਦੇ ਨਾਮ ਉਨ੍ਹਾਂ ਸ਼ਹਿਰਾਂ ਦੇ ਨਾਮ ‘ਤੇ ਹੋਣਗੇ ਜਿੱਥੇ ਮਹੱਤਵਪੂਰਨ ਜਲਵਾਯੂ ਗੱਲਬਾਤਾਂ ਹੋਈਆਂ ਸਨ। ਇਨ੍ਹਾਂ ਵਿੱਚ ਜੈਨੇਵਾ ਵੀ ਸ਼ਾਮਲ ਹੈ, ਜਿਸ ਨੇ 1979 ਵਿੱਚ ਪਹਿਲੀ ਜਲਵਾਯੂ ਕਾਨਫਰੰਸ ਆਯੋਜਿਤ ਕੀਤੀ ਸੀ। ਇਹਨਾਂ ਨਾਵਾਂ ਦਾ ਪ੍ਰਸਤਾਵ ਦੇਣ ਵਾਲੇ ਵਿਗਿਆਨੀਆਂ ਅਨੁਸਾਰ ਗਲੇਸ਼ੀਅਰ ਦਾ ਨਾਮ ਗਲਾਸਗੋ ‘ਚ ਹੋਏ ਜਲਵਾਯੂ ਸੰਮੇਲਨ ਦੀ ਨਿਸ਼ਾਨਦੇਹੀ ਹੋਵੇਗਾ। ਗਲਾਸਗੋ ਗਲੇਸ਼ੀਅਰ ਦੀ ਲੰਬਾਈ 104 ਕਿਲੋਮੀਟਰ (63 ਮੀਲ) ਹੈ, ਜੋ ਕਿ ਹੈਡਰੀਅਨ ਦੀ ਕੰਧ ਦੀ ਲੰਬਾਈ ਦਾ ਲਗਭਗ 4/5ਵਾਂ ਹਿੱਸਾ ਹੈ ਅਤੇ ਇਸਦਾ ਖੇਤਰਫਲ 2,630 ਵਰਗ ਕਿਲੋਮੀਟਰ (1,630 ਵਰਗ ਮੀਲ) ਜਾਂ ਗਲਾਸਗੋ ਸ਼ਹਿਰ ਦੇ ਆਕਾਰ ਤੋਂ 15 ਗੁਣਾ ਹੈ। ਅੰਟਾਰਕਟਿਕਾ ਇੰਨਾ ਵਿਸ਼ਾਲ ਹੈ ਕਿ ਬਹੁਤ ਸਾਰੇ ਸਥਾਨਾਂ ਦਾ ਅਜੇ ਵੀ ਕੋਈ ਰਸਮੀ ਨਾਮ ਨਹੀਂ ਹੈ।ਇਸ ਸਾਲ ਗਲਾਸਗੋ ਵਿੱਚ ਹੋ ਰਹੇ ਕੋਪ 26 ਜਲਵਾਯੂ ਸੰਮੇਲਨ ਵਿੱਚ ਵਾਤਾਵਰਨ ਸੰਕਟ ਨਾਲ ਨਜਿੱਠਣ ਲਈ ਵਿਸ਼ਵ ਨੇਤਾਵਾਂ ਵੱਲੋਂ ਮਹੱਤਵਪੂਰਨ ਫੈਸਲੇ ਲਏ ਜਾਣਗੇ। ਇਸ ਲੜੀ ਤਹਿਤ ਵਿਸ਼ਵ ਦੇ 85% ਜੰਗਲਾਂ ਦੀ ਨੁਮਾਇੰਦਗੀ ਕਰਨ ਵਾਲੇ 100 ਤੋਂ ਵੱਧ ਵਿਸ਼ਵ ਨੇਤਾ ਜਲਵਾਯੂ ਸੰਕਟ ਨਾਲ ਨਜਿੱਠਣ ਦੇ ਰਾਹ ‘ਤੇ 2030 ਤੱਕ ਜੰਗਲਾਂ ਦੀ ਕਟਾਈ ਨੂੰ ਰੋਕਣ ਲਈ ਵਚਨਬੱਧ ਹੋਣਗੇ। ਬ੍ਰਾਜ਼ੀਲ, ਰੂਸ, ਕੈਨੇਡਾ, ਕੋਲੰਬੀਆ, ਇੰਡੋਨੇਸ਼ੀਆ ਅਤੇ ਕਾਂਗੋ ਲੋਕਤੰਤਰੀ ਗਣਰਾਜ ਸਮੇਤ ਹੋਰ ਦੇਸ਼ ਮੰਗਲਵਾਰ ਨੂੰ ਇਸ ਵਾਅਦੇ ‘ਤੇ ਦਸਤਖਤ ਕਰਨਗੇ, ਜਿਸ ਨੂੰ ਜਨਤਕ ਅਤੇ ਨਿੱਜੀ ਫੰਡਿੰਗ ਵਿੱਚ 14 ਬਿਲੀਅਨ ਪੌਂਡ (19.2 ਬਿਲੀਅਨ ਡਾਲਰ) ਦਾ ਸਮਰਥਨ ਪ੍ਰਾਪਤ ਹੈ। ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੁਆਰਾ ਇੱਕ ਸਮਾਗਮ ਵਿੱਚ ਰਸਮੀ ਤੌਰ ‘ਤੇ ਘੋਸ਼ਿਤ ਕੀਤੀ ਜਾਣ ਵਾਲੀ ਇਸ ਵਚਨਬੱਧਤਾ ਦਾ ਪ੍ਰਚਾਰਕਾਂ ਅਤੇ ਮਾਹਰਾਂ ਦੁਆਰਾ ਸਵਾਗਤ ਕੀਤਾ ਗਿਆ ਹੈ। ਜਿਹੜੇ ਲੋਕ ਜੰਗਲ ਅਤੇ ਜ਼ਮੀਨ ਦੀ ਵਰਤੋਂ ਬਾਰੇ ਐਲਾਨਨਾਮੇ ‘ਤੇ ਹਸਤਾਖਰ ਕਰਨਗੇ, ਉਹ ਆਪਣੇ ਦੇਸ਼ਾਂ ਵਿੱਚ ਜੰਗਲਾਂ ਦੀ ਸੁਰੱਖਿਆ ਲਈ ਵਚਨਬੱਧ ਹੋਣਗੇ। ਬੋਰਿਸ ਜੌਹਨਸਨ ਨੇ ਇਸ ਕਦਮ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਇਹ ਕਦਮ ਜੰਗਲਾਂ ਦੁਆਰਾ ਕਾਰਬਨ ਨਿਕਾਸ ਨੂੰ ਸੋਖਣ ਤੇ ਗਲੋਬਲ ਵਾਰਮਿੰਗ ਨੂੰ 1.5C ਤੱਕ ਸੀਮਤ ਕਰਨ ਦੇ ਕੋਪ 26 ਟੀਚੇ ਦਾ ਸਮਰਥਨ ਕਰੇਗਾ। ਇਸ ਸਮਝੌਤੇ ਦੁਆਰਾ ਕਵਰ ਕੀਤੀ ਗਈ ਜ਼ਮੀਨ ਕੈਨੇਡਾ ਅਤੇ ਰੂਸ ਦੇ ਉੱਤਰੀ ਜੰਗਲਾਂ ਵਿੱਚ ਬ੍ਰਾਜ਼ੀਲ, ਕੋਲੰਬੀਆ, ਇੰਡੋਨੇਸ਼ੀਆ ਅਤੇ ਕਾਂਗੋ ਦੇ ਲੋਕਤੰਤਰੀ ਗਣਰਾਜ ਦੇ ਨਾਲ 13 ਮਿਲੀਅਨ ਵਰਗ ਮੀਲ ਤੋਂ ਵੱਧ ਖੇਤਰ ਦੇ ਗਰਮ ਖੰਡੀ ਜੰਗਲਾਂ ਤੱਕ ਫੈਲੀ ਹੋਈ ਹੈ। ਯੂਕੇ ਜੰਗਲਾਂ ਦੇ ਵਾਅਦੇ ਨੂੰ ਸਮਰਥਨ ਦੇਣ ਲਈ ਪੰਜ ਸਾਲਾਂ ਵਿੱਚ 1.5 ਬਿਲੀਅਨ ਪੌਂਡ ਸਹਾਇਤਾ ਦੀ ਵਚਨਬੱਧਤਾ ਕਰ ਰਿਹਾ ਹੈ, ਜਿਸ ਵਿੱਚ ਇੰਡੋਨੇਸ਼ੀਆ ਵਿੱਚ ਟਰਾਪੀਕਲ ਜੰਗਲਾਂ ਲਈ 350 ਮਿਲੀਅਨ ਪੌਂਡ ਅਤੇ ਲੀਫ ਕੋਲੀਸ਼ਨ ਲਈ 200 ਮਿਲੀਅਨ ਪੌਂਡ ਸ਼ਾਮਲ ਹਨ। ਇਸਦੇ ਇਲਾਵਾ ਬ੍ਰਿਟੇਨ ਕਾਂਗੋ ਬੇਸਿਨ ਦੀ ਸੁਰੱਖਿਆ ਲਈ ਇੱਕ ਨਵੇਂ 1.1 ਬਿਲੀਅਨ ਪੌਂਡ ਦੇ ਅੰਤਰਰਾਸ਼ਟਰੀ ਫੰਡ ਵਿੱਚ 200 ਮਿਲੀਅਨ ਪੌਂਡ ਦਾ ਯੋਗਦਾਨ ਵੀ ਦੇ ਰਿਹਾ ਹੈ।ਗਲਾਸਗੋ ਵਿੱਚ ਸ਼ੁਰੂ ਹੋਏ ਵਿਸ਼ਵ ਨੇਤਾਵਾਂ ਦੀ ਸ਼ਮੂਲੀਅਤ ਵਾਲੇ ਵਿਸ਼ਵ ਪੱਧਰੀ ਕੋਪ 26 ਜਲਵਾਯੂ ਸੰਮੇਲਨ ਦੌਰਾਨ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ‘ਤੇ ਸੁਰੱਖਿਆ ਦੇ ਮੱਦੇਨਜ਼ਰ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਇਸ ਤਾਇਨਾਤੀ ਦੇ ਮੱਦੇਨਜ਼ਰ ਕਈ ਪ੍ਰਮੁੱਖ ਸੜਕਾਂ ਨੂੰ ਆਵਾਜਾਈ ਲਈ ਬੰਦ ਵੀ ਕੀਤਾ ਗਿਆ ਹੈ। ਕੋਪ 26 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ, ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ, ਡੇਵਿਡ ਐਟਨਬਰੋ ਅਤੇ ਪ੍ਰਿੰਸ ਚਾਰਲਸ ਦੇ ਨਾਲ ਹੋਰ ਵਿਸ਼ਵ ਨੇਤਾਵਾਂ ਦੀ ਸ਼ੁਰੂਆਤ ਹੋਣ ਨਾਲ ਸੁਰੱਖਿਆ ਵਧਾਈ ਗਈ ਹੈ। ਜਿਸ ਤਹਿਤ ਐੱਸ ਈ ਸੀ ਕੈਂਪਸ ਅਤੇ ਸਿਟੀ ਸੈਂਟਰ ਦੇ ਆਲੇ ਦੁਆਲੇ ਦੀਆਂ ਕਈ ਸੜਕਾਂ, ਗਲੀਆਂ ਦੋ ਹਫ਼ਤਿਆਂ ਦੀ ਕਾਨਫਰੰਸ ਲਈ ਬੰਦ ਹਨ। ਇਸ ਦੌਰਾਨ ਕਲਾਈਡਸਾਈਡ ਐਕਸਪ੍ਰੈਸਵੇਅ ਜੋ ਕਿ ਸ਼ਹਿਰ ਦੇ ਕੇਂਦਰ ਨੂੰ ਪੱਛਮ ਨਾਲ ਜੋੜਨ ਵਾਲਾ ਮੁੱਖ ਰਸਤਾ ਹੈ, ਵੀ ਬੰਦ ਹੈ ਅਤੇ 15 ਨਵੰਬਰ ਤੱਕ ਦੁਬਾਰਾ ਨਹੀਂ ਖੁੱਲ੍ਹੇਗਾ। ਸੜਕਾਂ ਦੇ ਬੰਦ ਹੋਣ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਫਿਨੀਸਟਨ, ਐਂਡਰਸਟਨ ਅਤੇ ਪਾਰਟਿਕ ਪਲੱਸ ਸਿਟੀ ਸੈਂਟਰ ਅਤੇ ਐੱਮ 8 ਸ਼ਾਮਲ ਹਨ।

Comments are closed, but trackbacks and pingbacks are open.