“ਕੁੰਢੀਆਂ ਦੇ ਸਿੰਗ ਫਸ ਗਏ, ਕੋਈ ਨਿੱਤਰੂ ਵੜੇਵੇਂ ਖਾਣੀਂ”

ਤੀਆਂ ਵਿੱਚ ਇਨਾਮ ਜਿੱਤਣ ‘ਤੇ ਸਨਮਾਨ ਦਾ ਐਲਾਨ

ਗੁਰਮੇਲ ਕੌਰ ਸੰਘਾ (ਹੇਜ਼-ਲੰਡਨ) – ਸਾਉਣ ਮਹੀਨੇ ਦੀਆਂ ਤੀਆਂ ਦੀ ਪਹਿਲੇ ਸਮਿਆਂ ਵਿੱਚ ਬੜੀ ਮਹੱਤਤਾ ਹੁੰਦੀ ਸੀ। ਤੀਆਂ ਦੇ ਤਿਉਹਾਰ ਦੀ ਕੁੜੀਆਂ ਅਤੇ ਮੁਟਿਆਰਾਂ ਨੂੰ ਬੜੀ ਸ਼ਿੱਦਤ ਨਾਲ ਉਡੀਕ ਰਹਿੰਦੀ ਸੀ। ਸਾਉਣ ਚੜ੍ਹਦਿਆਂ ਹੀ ਭਰਾ ਆਪਣੀ ਭੈਣ ਲਈ ਸੰਧਾਰਾ ਲੈ ਕੇ ਭੈਣ ਨੂੰ ਸਹੁਰਿਆਂ ਤੋਂ ਪੇਕੇ ਘਰ ਲੈ ਆਉਂਦੇ ਸਨ।

ਤੀਆਂ ਦਾ ਤਿਉਹਾਰ ਸਾਉਣ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਮੁਟਿਆਰਾਂ ਨੱਚਣ-ਟੱਪਣ ਅਤੇ ਗਾਉਣ ਦੇ ਨਾਲ ਨਾਲ ਪਿੱਪਲਾਂ ‘ਤੇ ਪਾਈਆਂ ਪੀਂਘਾਂ ਝੂਟਦੀਆਂ ਅਤੇ ਆਪਣੇ ਵੀਰਾਂ ਦੀ ਸੁੱਖ ਮਨਾਉਂਦੀਆਂ ਹਨ।

ਅੱਜਕਲ ਸਮੇਂ ਦੀ ਰਫ਼ਤਾਰ ਦੇ ਨਾਲ ਤੀਆਂ ਦੀ ਨੁਹਾਰ ਵੀ ਬਦਲ ਗਈ ਹੈ। ਭੱਜ ਦੌੜ ਦੇ ਸਮੇਂ ਵਿੱਚ ਅਜਿਹੇ ਤਿਉਹਾਰ ਰਵਾਇਤੀ ਬਣ ਕੇ ਰਹਿ ਗਏ ਹਨ। ਪੀਂਘਾਂ ਦੀ ਥਾਂ ਸਕੂਟਰਾਂ ਜਾਂ ਕਾਰਾਂ ਨੇ ਲੈ ਲਈ ਅਤੇ ਨੱਚਣ ਟੱਪਣ ਦੀ ਥਾਂ ਮੋਬਾਇਲ ਨੇ ਲੈ ਲਈ ਹੈ।  

ਭਾਵੇਂ ਪੰਜਾਬਣਾਂ ਵਿਦੇਸ਼ਾਂ ਵਿੱਚ ਕੰਮਾਂ ਕਾਰਾਂ ਕਰਕੇ ਮਸਰੂਫ਼ ਰਹਿੰਦੀਆਂ ਹਨ ਤਾਂ ਜੋ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ। 

ਰੋਜ਼ਾਨਾ ਦੇ ਕੰਮਾਂ ਕਾਰਾਂ ਦੇ ਨਾਲ ਨਾਲ ਇਹ ਦਿਨ ਤਿਉਹਾਰਾਂ ਦੀ ਕਦਰ ਵੀ ਕਰਨੀ ਜਾਣਦੀਆਂ ਹਨ।

ਇਸੇ ਭਾਵਨਾ ਹਿੱਤ ਬੀਬੀ ਸੁਰਿੰਦਰ ਕੌਰ ਕੈਂਥ-ਚੇਅਰਪਰਸਨ ਵੋਇਸ  ਔਫ਼ ਵੂਮੈਨ, ਲੰਡਨ-ਯੂ ਕੇ ਅਤੇ ਬੀਬੀ ਸ਼ਿਵਦੀਪ ਕੌਰ ਢੇਸੀ-ਚੇਅਰਪਰਸਨ, ਸ਼ਿਵਚਰਨ ਸਿੰਘ ਗਿੱਲ ਮੈਮੋਰੀਅਲ ਕਲੱਬ ਵੱਲੋਂ ਸਾਉਣ ਦੇ ਮਹੀਨੇ ਵਿੱਚ ਹਫ਼ਤਾਵਰ ਐਤਵਾਰ ਨੂੰ ਤੀਆਂ ਮਨਾਉਣ ਦਾ ਪ੍ਰਬੰਧ ਕੀਤਾ ਗਿਆਂ। ਆਉਂਦੇ ਐਤਵਾਰ 13 ਅਗਸਤ ਨੂੰ ਇਸ ਸਾਲ ਦੀਆਂ ਅਖ਼ੀਰੀਲੀਆਂ ਤੀਆਂ ਹੋਣਗੀਆਂ। 

ਇਹ ਤੀਆਂ ਨੌਰਵੁੱਡ ਹਾਲ ਪਲੇਇੰਗ ਫ਼ੀਲਡ, ਨੌਰਵੁੱਡ ਵਿੱਚ ਮਨਾਈਆਂ ਜਾਣਗੀਆਂ। ਇਨ੍ਹਾਂ ਤੀਆਂ ਵਿੱਚ ਬੀਬੀ ਸੁਰਿੰਦਰ ਕੌਰ ਕੈਂਥ-ਚੇਅਰਪਰਸਨ ਵੋਇਸ  ਔਫ਼ ਵੂਮੈਨ, ਲੰਡਨ-ਯੂ ਕੇ ਅਤੇ ਬੀਬੀ ਸ਼ਿਵਦੀਪ ਕੌਰ ਢੇਸੀ-ਚੇਅਰਪਰਸਨ, ਸ਼ਿਵਚਰਨ ਸਿੰਘ ਗਿੱਲ ਮੈਮੋਰੀਅਲ ਕਲੱਬ ਨੇ ਹੋਣਹਾਰ ਅਤੇ ਕਿਸੇ ਨਾ ਕਿਸੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਵਾਲੀਆਂ ਬੀਬੀਆਂ ਨੂੰ ਸਨਮਾਨ ਦੇਣ ਦਾ ਐਲਾਨ ਅਤੇ ਹੋਰਨਾਂ ਨੂੰ ਉਤਸਾਹਿਤ ਕਰਨ ਲਈ ਨਵੀਂ ਪਿਰਤ ਪਾਈ ਹੈ। ਇਹ ਇਨਾਮ ਨਾਮਵਰ ਔਰਤਾਂ ਦੀ ਬਜਾਏ ਘਰੇਲੂ ਸੁਆਣੀਆਂ ਨੂੰ ਦਿੱਤੇ

 ਜਾਣਗੇ ਜਿਨ੍ਹਾਂ ਨੇ ਸਾਰੇ ਮਹੀਨੇ ਦੀਆਂ ਤੀਆਂ ਦੇ ਤਿਉਹਾਰ ਨੂੰ ਕਾਮਯਾਬ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ ਹੈ।

ਇੱਕ ਸਨਮਾਨ ਸੱਭਿਆਚਾਰਕ ਪਹਿਰਾਵਾ ਜਿਵੇਂ ਘੱਗਰਾ-ਫ਼ੁਲਕਾਰੀ ਅਤੇ ਗਹਿਣੇ ਵਗ਼ੈਰਾ ਸਜਾਉਣ ਲਈ, ਦੂਜਾ ਵਧੀਆਂ ਗਿੱਧਾ ਪਾਉਣ ਵਾਲੀ ਬੀਬੀ ਨੂੰ, ਤੀਜਾ ਵਧੀਆ ਬੋਲੀਆਂ ਪਾਉਣ ਵਾਲੀ ਨੂੰ ਅਤੇ ਕੁਝ ਹੋਰ ਸਨਮਾਨ ਵੱਖਰੋ ਵੱਖਰੇ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਘਰੇਲੂ ਸੁਆਣੀਆਂ ਨੂੰ ਪ੍ਰਦਾਨ ਕੀਤੇ ਜਾਣਗੇ।

ਸਾਰੀਆਂ ਕੁੜੀਆਂ, ਮੁਟਿਆਰਾਂ ਅਤੇ ਬੀਬੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ  ਜਾਂਦਾ ਹੈ। ਸੱਜ ਧੱਜ ਕੇ, ਹੁੰਮ ਹੁੰਮਾ ਕੇ, ਅੱਡੀਆਂ ਕੂਚ ਕੇ ਆ ਜਾਓ ਪਿੜ ਵਿੱਚ ਅਤੇ ਆਪਣੀ ਆਪਣੀ ਕਾਬਲੀਅਤ ਦੇ ਜੌਹਰ ਵਿਖਾ ਕੇ ਇਨਾਮ ਲੁੱਟ ਲਓ।

ਵੰਨ ਸੁਵੰਨੇ ਖਾਣਿਆਂ ਦਾ ਲੰਗਰ ਵੀ ਅਟੁੱਟ ਵਰਤੇਗਾ।

Comments are closed, but trackbacks and pingbacks are open.