ਐਫ ਬੀ ਆਈ  ਵੱਲੋਂ ਲਾਪਤਾ ਭਾਰਤੀ ਵਿਦਿਆਰਥਣ ਦੀ ਸੂਹ ਦੇਣ ਵਾਲੇ ਨੂੰ 10000 ਡਾਲਰ ਇਨਾਮ ਦੇਣ ਦਾ ਐਲਾਨ

ਅਪ੍ਰੈਲ 2019 ਵਿਚ ਲਾਪਤਾ ਹੋਈ ਸੀ ਮੇਊਸ਼ੀ ਭਗਤ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) – 4 ਸਾਲ ਤੋਂ ਵਧ ਸਮਾਂ ਪਹਿਲਾਂ ਅਮਰੀਕਾ ਦੇ ਨਿਊ ਜਰਸੀ ਰਾਜ ਤੋਂ ਲਾਪਤਾ ਹੋਈ 29 ਸਾਲਾ ਭਾਰਤੀ ਵਿਦਿਆਰਥਣ ਮੇਊਸ਼ੀ ਭਗਤ ਦੀ ਅਜੇ ਤੱਕ ਕੋਈ ਉੱਗ ਸੁੱਗ ਨਹੀਂ ਲਗੀ ਹੈ ਤੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫ ਬੀ ਆਈ) ਨੇ ਉਸ ਦੀ ਸੂਹ ਦੇਣ ਵਾਲੇ ਨੂੰ 10000 ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਹੈ ਤੇ ਕਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਉਸ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਉਹ ਐਫ ਬੀ ਆਈ ਦੇ ਸਥਾਨਕ ਦਫਤਰ ਜਾਂ ਨੇੜਲੀ ਅਮਰੀਕਨ ਅੰਬੈਸੀ ਜਾਂ ਕੌਸਲੇਟ ਨਾਲ ਸੰਪਰਕ ਕਰ ਸਕਦਾ ਹੈ।

ਮੇਊਸ਼ੀ ਭਗਤ ਨੂੰ ਆਖਰੀ ਵਾਰ 29 ਅਪ੍ਰੈਲ, 2019 ਦੀ ਸ਼ਾਮ ਨੂੰ ਨਿਊ ਜਰਸੀ ਵਿਚ ਆਪਣੇ ਅਪਾਰਮੈਂਟ ਵਿਚੋਂ ਨਿਕਲਦਿਆਂ ਵੇਖਿਆ ਗਿਆ ਸੀ। ਉਸ ਨੇ ਰੰਗਦਾਰ ਪਜਾਮਾ-ਪੈਂਟ ਤੇ ਕਾਲੀ ਟੀ ਸ਼ਰਟ ਪਾਈ ਹੋਈ ਸੀ। ਭਗਤ ਦੇ ਪਰਿਵਾਰ ਨੇ ਉਸ ਦੇ ਲਾਪਤਾ ਹੋਣ ਦੀ ਰਿਪੋਰਟ 1 ਮਈ 2019 ਨੂੰ ਲਿਖਵਾਈ ਸੀ। ਉਹ 5 ਫੁੱਟ 10 ਇੰਚ ਉੱਚੀ ਹੈ ਤੇ ਉਸ ਦੇ ਕਾਲੇ ਵਾਲ ਹਨ। ਐਫ ਬੀ ਆਈ ਨਿਊਯਾਰਕ ਫੀਲਡ ਦਫਤਰ ਤੇ ਜਰਸੀ ਸਿਟੀ ਪੁਲਿਸ ਵਿਭਾਗ ਨੇ ਕਿਹਾ ਹੈ ਕਿ ਉਹ ਮੇਊਸ਼ੀ ਭਗਤ ਦੀ ਭਾਲ ਲਈ ਨਿਰੰਤਰ ਆਮ ਲੋਕਾਂ ਤੋਂ ਸਹਾਇਤਾ ਦੀ ਮੰਗ ਕਰਦੇ ਆ ਰਹੇ ਹਨ। ਐਫ ਬੀ ਆਈ ਨੇ  ਪਿਛਲੇ ਸਾਲ ਜੁਲਾਈ ਵਿਚ ਲਾਪਤਾ ਵਿਅਕਤੀਆਂ ਦੀ ਸੂਚੀ ਵਿਚ ਮੇਊਸ਼ੀ ਭਗਤ ਨੂੰ ਸ਼ਾਮਿਲ ਕੀਤਾ ਸੀ। ਜੁਲਾਈ 1994 ਵਿਚ ਜਨਮੀ ਭਗਤ 2016 ਵਿਚ ਐਫ 1 ਵਿਦਿਆਰਥੀ ਵੀਜੇ ਉਪਰ ਅਮਰੀਕਾ ਆਈ ਸੀ ਤੇ ਉਹ ਯੁਨੀਵਰਸਿਟੀ ਆਫ ਹੈਮਸ਼ਾਇਰ ਵਿਚ ਦਾਖਲ ਹੋਈ ਸੀ।

Comments are closed, but trackbacks and pingbacks are open.