ਇਪਸਾ ਵੱਲੋਂ ਪਹਿਲੇ ਬਰਤਾਨਵੀ ਸਿੱਖ ਕੌਂਸਲਰ ਸਰਦੂਲ ਮਰਵਾਹਾ ਦਾ ਸਨਮਾਨ ਅਤੇ ਚੰਨ ਜੰਡਿਆਲਵੀ ਦੀ ਪੁਸਤਕ ਲੋਕ ਅਰਪਣ

ਜਸਟਿਸ ਆਫ ਪੀਸ ਸਤਨਾਮ ਕੌਰ ਨੂੰ ਇਪਸਾ ਸੋਵੀਨਾਰ ਪ੍ਰਦਾਨ ਕੀਤਾ ਗਿਆ

ਬ੍ਰਿਸਬੇਨ ( ਦਲਵੀਰ ਹਲਵਾਰਵੀ ) – ਆਸਟ੍ਰੇਲੀਆ ਦੀ ਨਾਮਵਰ ਅਦਬੀ ਸੰਸਥਾ ਇੰਡੋਜ ਪੰਜਾਬੀ ਸਾਹਿਤ ਅਕਾਦਮੀ ਆਫ ਆਸਟ੍ਰੇਲੀਆ ਵੱਲੋਂ ਆਸਟ੍ਰੇਲੀਆ ਦੌਰੇ ਤੇ ਆਏ ਸਿਰਮੌਰ ਰਾਜਨੀਤਕ ਆਗੂ, ਸਮਾਜ ਸੇਵੀ ਅਤੇ ਕਵੀਨ ਵੱਲੋਂ ਮੈਂਬਰ ਆਫ ਬ੍ਰਿਟਿਸ਼ ਅਮਪਾਇਰ ਐਵਾਰਡ ਨਾਲ ਸਨਮਾਨਿਤ ਪੰਜਾਬੀ ਹਸਤੀ ਸਰਦੂਲ ਸਿੰਘ ਮਰਵਾਹਾ ਦੇ ਸਨਮਾਨ ਵਿਚ ਇੱਕ ਸਮਾਗਮ ਕਰਵਾਇਆ ਗਿਆ। ਸਥਾਨਿਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਆਯੋਜਿਤ ਸਮਾਗਮ ਦੀ ਸ਼ੁਰੂਆਤ ਸਰਬਜੀਤ ਸੋਹੀ ਦੇ ਸਵਾਗਤੀ ਸ਼ਬਦਾਂ ਨਾਲ ਹੋਈ, ਇਸ ਉਪਰੰਤ ਪ੍ਰਿੰਸੀਪਲ ਡਾ: ਸੂਬਾ ਸਿੰਘ, ਗੀਤਕਾਰ ਨਿਰਮਲ ਦਿਓਲ ਅਤੇ ਰੁਪਿੰਦਰ ਸੋਜ਼ ਵੱਲੋਂ ਵਿਚਾਰ ਰੱਖੇ ਗਏ। ਸਭਾ ਦੇ ਸਪੋਕਸਮੈਨ ਦਲਵੀਰ ਹਲਵਾਰਵੀ ਵੱਲੋਂ ਸਰਦੂਲ ਸਿੰਘ ਮਰਵਾਹਾ ਦੇ ਲੰਬੇ ਰਾਜਨੀਤਕ ਸਫ਼ਰ, ਪ੍ਰਾਪਤੀਆਂ ਅਤੇ ਭਾਈਚਾਰਕ ਕਾਰਜਾਂ ਤੇ ਚਾਨਣਾ ਪਾਇਆ ਗਿਆ।

ਮਹਿਮਾਨ ਸਰਦੂਲ ਸਿੰਘ ਮਰਵਾਹਾ ਨੇ ਸੰਬੋਧਨ ਕਰਦਿਆਂ ਆਸਟ੍ਰੇਲੀਆ ਵਿਚ ਪੰਜਾਬੀ ਭਾਈਚਾਰੇ ਦੀਆਂ ਸਰਗਰਮੀਆਂ ਅਤੇ ਇਪਸਾ ਦੇ ਕਾਰਜਾਂ ਨੂੰ ਗਲੋਬਲੀ ਪੰਜਾਬ ਦੇ ਸੰਕਲਪ ਤਹਿਤ ਮੁੱਲਵਾਨ ਅਤੇ ਬਹੁਪੱਖੀ ਦੱਸਿਆ ਗਿਆ। ਉਨ੍ਹਾਂ ਨੇ ਇੰਗਲੈਂਡ ਵਿੱਚ ਸੱਠਵਿਆਂ ਦੇ ਦੌਰ ਦੇ ਨਸਲਵਾਦ ਅਤੇ ਰਾਜਨੀਤਕ ਤੌਰ ਤੇ ਸੁਚੇਤ ਹੋ ਕੇ ਆਪਣੇ ਵੱਲੋਂ ਕੀਤੀ ਗਈ ਸ਼ਮੂਲੀਅਤ ਦੇ ਕਈ ਪੱਖਾਂ ਬਾਰੇ ਦੱਸਿਆ ਗਿਆ। ਅੰਤ ਵਿਚ ਇਪਸਾ ਵੱਲੋਂ ਉਨ੍ਹਾਂ ਨੂੰ ਐਵਾਰਡ ਆਫ਼ ਆਨਰ ਅਤੇ ਉਨ੍ਹਾਂ ਦੀ ਧਰਮ ਪਤਨੀ ਜਸਟਿਸ ਆਫ ਪੀਸ ਸਤਨਾਮ ਕੌਰ ਨੂੰ ਇਪਸਾ ਸੋਵੀਨਾਰ ਪ੍ਰਦਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੋਆਰਡੀਨੇਟਰ ਪਾਲ ਰਾਊਕੇ, ਪ੍ਰੋਫੈਸਰ ਪਰਦੁਮਨ ਸਿੰਘ ਕਾਹਲੋਂ, ਇਪਸਾ ਦੇ ਸਰਪ੍ਰਸਤ ਜਰਨੈਲ ਸਿੰਘ ਬਾਸੀ ਆਦਿ ਨਾਮਵਰ ਚਿਹਰੇ ਹਾਜ਼ਰ ਸਨ। ਇਸ ਮੌਕੇ ਇੰਗਲੈਂਡ ਦੇ ਪ੍ਰਸਿੱਧ ਗੀਤਕਾਰ ਤਰਲੋਚਨ ਸਿੰਘ ਚੰਨ ਜੰਡਿਆਲਵੀ ਦੀ ਪੁਸਤਕ ‘ਪੰਜਾਬ ਹੈ ਪੰਜਾਬ’ ਲੋਕ ਅਰਪਣ ਕੀਤੀ ਗਈ।

Comments are closed, but trackbacks and pingbacks are open.