ਅਗਸਤ 2013 ਵਿਚ ਉਸ ਨੇ ਆਪਣੀ ਅਮਰੀਕਨ ਪਤਨੀ ਨਾਲ ਸਾਰੇ ਸਬੰਧ ਖਤਮ ਕਰ ਲਏ।
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਇਕ ਭਾਰਤੀ ਮੂਲ ਦੇ ਅਮਰੀਕੀ ਨੇ ਗੈਰ ਕਾਨੂੰਨੀ ਢੰਗ ਤਰੀਕੇ ਨਾਲ ਅਮਰੀਕੀ ਨਾਗਰਿਕਤਾ ਲੈਣ ਦੇ ਮਾਮਲੇ ਵਿਚ ਆਪਣਾ ਗੁਨਾਹ ਮੰਨ ਲਿਆ ਹੈ। ਯੂ ਐਸ ਅਟਾਰਨੀ ਮਿਡਲ ਡਿਸਟ੍ਰਿਕਟ ਫਲੋਰਿਡਾ ਦਫਤਰ ਅਨੁਸਾਰ ਜੈਪ੍ਰਾਕਾਸ਼ ਗੁਲਵਾੜੀ (51) ਨੂੰ ਵਧ ਤੋਂ ਵਧ 10 ਸਾਲ ਸੰਘੀ ਜੇਲ ਦੀ ਸਜ਼ਾ ਹੋ ਸਕਦੀ ਹੈ। ਅਦਾਲਤੀ ਰਿਕਾਰਡ ਅਨੁਸਾਰ ਗੁਲਵਾੜੀ ਭਾਰਤੀ ਨਾਗਰਿਕ ਵਜੋਂ ਆਰਜੀ ਬਿਜ਼ਨਸ ਵੀਜੇ ‘ਤੇ 2001 ਵਿਚ ਅਮਰੀਕਾ ਆਇਆ ਸੀ। ਅਗਸਤ 2008 ਵਿਚ ਆਪਣੀ ਪਹਿਲੀ ਅਮਰੀਕੀ ਨਾਗਰਿਕ ਪਤਨੀ ਜਿਸ ਨਾਲ ਉਸ ਨੇ ਸਾਲ ਪਹਿਲਾਂ ਵਿਆਹ ਕੀਤਾ ਸੀ, ਨੂੰ ਤਲਾਕ ਦੇਣ ਦੇ 2 ਹਫਤਿਆਂ ਬਾਅਦ ਉਸ ਨੇ ਇਕ ਹੋਰ ਅਮਰੀਕੀ ਨਾਗਰਿਕ ਔਰਤ ਨਾਲ ਵਿਆਹ ਕਰਵਾਇਆ। ਇਸ ਵਿਆਹ ਦੇ ਆਧਾਰ ‘ਤੇ ਗੁਲਵਾੜੀ ਜੂਨ 2009 ਵਿਚ ਕਾਨੂੰਨੀ ਤੌਰ’ਤੇ ਅਮਰੀਕਾ ਦਾ ਸਥਾਈ ਵਸਨੀਕ ਬਣ ਗਿਆ। ਇਸ ਉਪਰੰਤ 2 ਮਹੀਨੇ ਬਾਅਦ ਗੁਲਵਾੜੀ ਭਾਰਤ ਗਿਆ ਤੇ ਅਮਰੀਕਾ ਵਾਪਿਸ ਜਾਣ ਤੋਂ ਪਹਿਲਾਂ ਉਸ ਨੇ ਇਕ ਭਾਰਤੀ ਔਰਤ ਨਾਲ ਵਿਆਹ ਕਰ ਲਿਆ। ਜਨਵਰੀ 2011 ਵਿਚ ਉਸ ਦੀ ਭਾਰਤੀ ਪਤਨੀ ਦੇ ਬੱਚਾ ਪੈਦਾ ਹੋਇਆ। ਅਗਸਤ 2013 ਵਿਚ ਉਸ ਨੇ ਆਪਣੀ ਅਮਰੀਕਨ ਪਤਨੀ ਨਾਲ ਸਾਰੇ ਸਬੰਧ ਖਤਮ ਕਰ ਲਏ। ਹੋਮਲੈਂਡ ਸਕਿਉਰਿਟੀ ਵੱਲੋਂ ਯੂ ਐਸ ਸਿਟੀਜਨ ਐਂਡ ਇਮੀਗ੍ਰੇਸ਼ਨ ਸਰਵਿਸਜ ਦੀ ਸਹਾਇਤਾ ਨਾਲ ਕੀਤੀ ਜਾਂਚ ਵਿਚ ਪਾਇਆ ਗਿਆ ਕਿ ਇਕ ਸਾਲ ਬਾਅਦ ਉਸ ਨੇ ਨਾਗਰਿਕਤਾ ਲਈ ਦਿੱਤੀ ਦਰਖਾਸਤ ਵਿਚ ਝੂਠ ਬੋਲਿਆ ਕਿ ਉਹ ਇਸ ਸਮੇ ਵਿਆਹਿਆ ਹੋਇਆ ਨਹੀਂ ਹੈ ਤੇ ਨਾ ਹੀ ਉਸ ਦਾ ਕੋਈ ਬੱਚਾ ਹੈ। ਉਸ ਨੇ ਇਹ ਵੀ ਕਿਹਾ ਕਿ ਇਕ ਸਮੇ ਉਸ ਨੇ 2 ਔਰਤਾਂ ਨਾਲ ਵਿਆਹ ਨਹੀਂ ਕੀਤਾ। ਇਸ ਦਰਖਾਸਤ ਦੇ ਆਧਾਰ ‘ਤੇ ਉਹ 2014 ਵਿਚ ਅਮਰੀਕੀ ਨਾਗਰਿਕ ਬਣ ਗਿਆ। ਬਾਅਦ ਵਿਚ ਅਮਰੀਕੀ ਪਾਸਪੋਰਟ ਲੈਣ ਸਮੇ ਉਸ ਨੇ ਆਪਣੀ ਭਾਰਤੀ ਪਤਨੀ ਦਾ ਜਿਕਰ ਨਹੀਂ ਕੀਤਾ। ਅਦਾਲਤ ਨੇ ਅਜੇ ਉਸ ਨੂੰ ਸਜ਼ਾ ਸੁਣਾਉਣ ਦੀ ਤਰੀਕ ਨਹੀਂ ਮਿਥੀ ਪਰੰਤੂ ਜੇਕਰ ਉਸ ਨੂੰ ਸਜ਼ਾ ਹੋ ਜਾਂਦੀ ਹੈ ਤਾਂ ਉਸ ਦੀ ਅਮਰੀਕੀ ਨਾਗਰਿਕਤਾ ਆਪਣੇ ਆਪ ਹੀ ਰੱਦ ਹੋ ਜਾਵੇਗੀ।
Comments are closed, but trackbacks and pingbacks are open.