‘‘ਅੰਬੀ ਦਾ ਬੂਟਾ’’ ਵਾਲੇ ਦੀਦਾਰ ਪ੍ਰਦੇਸੀ ਨੂੰ ਤੀਹਰਾ ਸਦਮਾ

ਪਾਤਰ ਸਾਹਿਬ, ਭਰਜਾਈ ਤੋਂ ਬਾਅਦ ਸੁਪਤਨੀ ਹਰਬੰਸ ਕੌਰ ਦਾ ਦੇਹਾਂਤ

ਸਾਊਥਾਲ – ਪੰਜਾਬੀ ਦੇ ਸ਼੍ਰੋਮਣੀ ਸ਼ਾਇਰ ਸੁਰਜੀਤ ਪਾਤਰ ਦੇ ਪਰਿਵਾਰ ਵਿੱਚ ਲਗਾਤਾਰ ਮੌਤਾਂ ਕਾਰਨ ਉੱਘੇ ਬ੍ਰਤਾਨਵੀ ਗਾਇਕ ਅਤੇ ‘‘ਅੰਬੀਆਂ ਦਾ ਬੂਟਾ’’ ਵਾਲੇ ਮਸ਼ਹੂਰ ਗਾਇਕ ਦੀਦਾਰ ਪ੍ਰਦੇਸੀ ਨੂੰ ਪਾਰਿਵਾਰਿਕ ਸਦਮਿਆਂ ਦਾ ਹਿੱਸਾ ਬਣਨਾ ਪੈ ਰਿਹਾ ਹੈ।

ਪਦਮ ਸ਼੍ਰੀ ਸ਼੍ਰੋਮਣੀ ਸ਼ਾਇਰ ਸੁਰਜੀਤ ਪਾਤਰ ਜੀ ਦੀਆਂ ਰਸਮਾਂ ਦੀ ਤਿਆਰੀ ਹੋਈ ਸੀ ਜਦ ਦੀਦਾਰ ਪ੍ਰਦੇਸੀ ਜੀ ਦੀ ਭਰਜਾਈ ਵਿਛੋੜਾ ਦੇ ਗਏ ਸਨ ਅਤੇ ਇਸ ਸਦਮੇ ਵਿਚੋਂ ਉਭਰਨ ਦੀ ਕੋਸ਼ਿਸ਼ ਕਰਦੇ ਦੀਦਾਰ ਸਿੰਘ ਪ੍ਰਦੇਸੀ ਦੀ ਸੁਪਤਨੀ ਬੀਬੀ ਹਰਬੰਸ ਕੌਰ 21 ਮਈ 2024 ਨੂੰ ਵਿਛੋੜਾ ਦੇ ਗਏ ਹਨ।

ਆਪ ਸਭ ਸ਼ੁੱਭਚਿੰਤਕਾਂ ਨੂੰ ਬੇਨਤੀ ਹੈ ਕਿ ਹੇਠ ਲਿਖੇ ਪ੍ਰੋਗਰਾਮ ਅਨੁਸਾਰ ਆਪਣੀ ਹਾਜ਼ਰੀ ਲਗਵਾਓ ਜੀ।

ਸ. ਦੀਦਾਰ ਸਿੰਘ ਪ੍ਰਦੇਸੀ ਵਲੋਂ ਸੁਰਜੀਤ ਪਾਤਰ ਲਈ ਸ਼ਰਧਾਂਜਲੀ ਦੇ ਲਫ਼ਜ਼ ਨੋਟ ਕਰੋ ਜੀ।

ਪਾਤਰ ਦਾ ਵਿਛੋੜਾ

ਪਰਦੇਸੀ ਤੇ ਪਾਤਰ ਪਿੰਡ ਪਤੜਕਲਾਂ ਦੇ ਗੱਭੇ੍ਹ ਇਕ ਬੋੜੇ ਜਹੇ ਦਰ ਵਾਲੇ ਘਰ ਅੱਠ ਵਰ੍ਹਿਆਂ ਦੇ ਵਕਫ਼ੇ ਨਾਲ ਪੈਦਾ ਹੋਏ। ਘਰ ਦੇ ਦਲਾਨ ਵਿੱਚ ਸਾਡੇ ਤੋਂ ਵੀ ਉੱਚੀ ਕਾਲੇ ਰੰਗ ਦੀ ਦਵਾਖੀ ਤੇ ਸਰੋ੍ਹਂ ਦੇ ਤੇਲ ਨਾਲ ਜਗਦੇ ਮਿੱਟੀ ਦੇ ਦੀਵੇ ਦੀ ਲੋਏ ਪੱੜ੍ਹ ਲਿਖ ਕੇ ਵੱਡੇ ਹੋਏ । ਮੈਂ ਪਿੰਡ ਦੇ ਹੋਰ ਬੱਚਿਆਂ ਦੇ ਨਾਲ ਬਾਹਰਲੀ ਹਵੇਲੀ ਆਪਣੇ ਤਾਇਆ ਜੀ ਪਾਤਰ ਦੇ ਪਿਤਾ ਗਿਆਨੀ ਹਰਭਜਨ ਸਿੰਘ ਹੋਰਾਂ ਤੋਂ ਪੰਜਾਬੀ ਪੜ੍ਹ ਰਿਹਾ ਸਾਂ ਤਾਂ ਮੇਰੇ ਵੱਡੇ ਤਾਇਆ ਜੀ ਦੀ ਬੇਟੀ ਧੰਨਤੀ ਬੇਤਹਾਸ਼ਾ ਭਜਦੀ ਆਈ ਤੇ ਕਿਹਾ “ਚਾਚਾ ਜੀ ਕਾਕਾ ਆਇਆ” ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਬਾਪ ਦੇ ਘਰ ਉਸ ਸਮੇਂ ਪੰਜਾਂ ਬੇਟੀਆਂ ਤੋਂ ਬਾਅਦ ਪ੍ਰਮਾਤਮਾ ਨੇ ਪੁਤੱਰ ਦੀ ਦਾਤ ਬਖਸ਼ੀ ਹੋਵੇ ਤਾਂ ਬਾਪ ਨੂੰ ਕਿੱਨੀ ਖ਼ੁਸ਼ੀ ਹੋਈ ਹੋਵੇਗੀ । ਉਹ ਸਾਨੂੰ ਛੱਡਕੇ ਬੇਤਹਾਸ਼ਾ ਘਰ ਵੱਲ ਦੌੜ ਗਏ । ਕੀ ਪਤਾ ਸੀ ਉਹ ਬੱਚਾ ਪੰਜਾਬ ਦੇ ਸਾਹਿਤ ਤੇ ਸ਼ਾਇਰੀ ਦਾ ਸਿਰਤਾਜ ਹੋਵੇ ਗਾ । ਸੁਰਜੀਤ ਨੂੰ ਮੇਰੀਆਂ ਗਾਈਆਂ ਉਰਦੂ ਗ਼ਜ਼ਲਾਂ ਤੇ ਗੀਤ ਬੇਹਦ ਪਸੰਦ ਸਨ, ਖ਼ਾਸਕਰ ਇਲਾਮਾਂ ਇਕਬਾਲ ਦੀ ਗ਼ਜ਼ਲ “ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈਂ” ਕਤੀਲ ਸ਼ਫ਼ਾਈ ਦੀ
“ਖ਼ਰੀਦਾਰੋ ਬਤਾਓ ਕਿਆ ਖ਼ਰੀਦੋ ਗੇ, ਯਹਾਂ ਹਰ ਚੀਜ਼ ਬਿਕਤੀ ਹੈ” ਔਰ ਅਖ਼ਤਰ ਸ਼ੀਰਾਨੀ ਦੀ “ਸਲਮਾਂ” ਕਾਲਜ ਵਿੱਚ ਆਪਣੇ ਸਾਥੀਆਂ ਨੂੰ ਵੀ ਬਾਰ ਬਾਰ ਵਜਾਕੇ ਸੁਣਾਂਦਾ ਸੀ।ਪਾਤਰ ਇੱਕ ਅਜੂਬਾ ਸੀ, ਰੌਸ਼ਨ ਮੁਨਾਰਾ ਸੀ, ਇਕ ਨਵੀਂ ਤੇ ਸਦੀਵੀ ਸੋਚ ਦਾ ਸਮੰੁਦਰ ਸੀ ਜੋ ਸਦਾ ਪੰਜਾਬ ਦੇ ਸਾਹਿਤ ਦੀ ਜਾਨ ਤੇ ਪਹਿਚਾਨ ਬਣਿਆਂ ਰਹੇ ਗਾ।ਉਹ ਮੇਰੇ ਦਿਲ ਦੇ ਬਹੁਤ ਕਰੀਬ ਸੀ ਔਰ ਉਸ ਦੇ ਦਿੱਲ ਵਿਚ ਮੇਰੇ ਲਈ ਬੜਾ ਪਿਆਰ ਤੇ ਸਤਕਾਰ ਸੀ।ਉਹ ਸਾਡੇ ਪ੍ਰਵਾਰ ਤੇ ਪਿੰਡ ਨੂੰ ਪਦਮ ਸ਼੍ਰੀ ਬਣਾ ਗਿਆ।ਮੇਰੀ ਪੰਜਾਬ ਦੀ ਫੇਰੀ ਤੇ 21 ਅਪਰੈਲ ਐਤਵਾਰ 2024 ਮੈਂਨੂੰ ਆਪਣੀ ਧਰਮ ਪਤਨੀ ਭੁਪਿੰਦਰ ਤੇ ਛੋਟੇ ਸਪੁੱਤਰ ਮਨਰਾਜ ਨਾਲ ਪਿੰਡ ਮਿਲਣ ਆਏ ਤਾਂ ਅਸੀਂ ਦੋਹਾਂ ਭਰਾਵਾਂ ਨੇ ਆਪਣੀ ਜਨਮ ਭੂੰਮੀ ਪੱਤੜ ਕਲਾਂ ਚਾਰ ਪੰਜ ਘੰਟੇ ਰੱਜਕੇ ਗੱਲਾਂ ਕੀਤੀਆਂ ਔਰ ਇਕ ਦੂਜੇ ਦੇ ਸਾਥ ਦਾ ਆਨੰਦ ਮਾਣਿਆਂ।ਇਹ ਮਿਲਾਪ ਸਾਡੀ ਆਖ਼ਰੀ ਅਤੇ ਨਾ ਭੁਲਣ ਵਾਲੀ ਯਾਦਗਾਰ ਬਣਕੇ ਰਹਿ ਗਿਆ।

ਪਦਮ ਸ਼੍ਰੀ ਪਾਤਰ

ਸਾਹਿਤ ਦਾ ਸੂਰਜ ਤੇ ਕਵਿਤਾ ਦਾ ਚਾਨਣ
ਸ਼ਾਇਰੀ ਦਾ ਉੱਘਾ ਸਿਤਾਰਾ ਸੀ ਪਾਤਰ ।

ਸੱਚੀਆਂ ਸੁਣੋਣੋਂ ਕਦੀ ਨਈਂ ਸੀ ਡਰਦਾ
ਸ਼ਬਦਾਂ ਦਾ ਭਰਿਆ ਪਟਾਰਾ ਸੀ ਪਾਤਰ ।

ਵਾਅਦੇ ਦਾ ਪੱਕਾ ਤੇ ਲਫ਼ਜ਼ਾਂ ਦਾ ਪੂਰਾ
ਕਦੇ ਝੂਠਾ ਲੌਂਦਾ ਨ ਲਾਰਾ ਸੀ ਪਾਤਰ ।

ਸ਼ਾਇਰੀ ਦੀ ਹਰ ਸਿਨਫ਼ ਤੋਂ ਸੀ ਉਹ ਵਾਕਿਫ਼
ਸ਼ਾਇਰ ਉਹ ਸਭ ਤੋਂ ਨਿਆਰਾ ਸੀ ਪਾਤਰ।

ਪਦਮਾ ਸ਼੍ਰੀ ਦਾ ਸੀ ਸਨਮਾਨ ਪਾਇਆ
ਯਾਰਾਂ ਲਈ ਰੌਸ਼ਨ ਮੁਨਾਰਾ ਸੀ ਪਾਤਰ ।

ਪੱਤੜ ਕਲਾਂ ਦਾ ਫ਼ਖ਼ਰ ਉਹਦੀ ਹਸਤੀ
ਸੁਘੜ ਮਾਪਿਆਂ ਦਾ ਦੁਲਾਰਾ ਸੀ ਪਾਤਰ।

ਉਹਦੀ ਮੁਸਕੁਰਾਹਟ ਸੀ ਫੁੱਲਾਂ ਦੇ ਵਰਗੀ
ਮੁਸਕੁਰਾਹਟਾਂ ਦਾ ਫੁਆਰਾ ਸੀ ਪਾਤਰ।

ਹਿਮਾਲਾ ਦੇ ਵਾਂਗੂੰ ਬੁਲੰਦ ਉਸ ਦੀ ਹਸਤੀ
ਹਰ ਇੱਕ ਨਜ਼ਰ ਦਾ ਨਜ਼ਾਰਾ ਸੀ ਪਾਤਰ।

ਅੰਕੂ ਤੇ ਮੰਟੂ ਦਾ ਡੈਡੀ ਪਿਆਰਾ
ਭੁਪਿੰਦਰ ਦਾ ਜੀਵਨ ਸਹਾਰਾ ਸੀ ਪਾਤਰ।

ਇਹ ਸਭ ਗੱਲਾਂ ਛੱਡੋ ਮੈਂ ਸੱਚੀ ਸੁਣਾਵਾਂ
ਬਹੁਤ ਸਾਨੂੰ ਲਗਦਾ ਪਿਆਰਾ ਸੀ ਪਾਤਰ।


ਦੀਦਾਰ ਸਿੰਘ ਪਰਦੇਸੀ
11 ਮਈ 2024

Comments are closed, but trackbacks and pingbacks are open.